ਹਰਪ੍ਰੀਤ ਸਿੱਧੂ ਨੂੰ ਮੁੜ ਮਿਲੀ ਨਸ਼ਿਆਂ ਖਿਲਾਫ਼ ਐਸਟੀਐਫ ਦੀ ਕਮਾਨ


-ਡਰੱਗ ਦੇ ਮੁੱਦੇ ‘ਤੇ ਕੈਪਟਨ ਕਈ ਵਿਰੋਧੀਆਂ ਨੂੰ ਕਰਨਗੇ ਚਿੱਤ 

PunjabUpdate.Com Bureau Report

ਚੰਡੀਗੜ੍ਹ, 18 ਜੁਲਾਈ
ਕੈਪਟਨ ਸਰਕਾਰ ਨੇ ਚਰਚਿਤ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੰਘ ਨੂੰ ਮੁੜ ਐਸਟੀਐਫ ਦੀ ਕਮਾਨ ਸੌਂਪ ਦਿੱਤੀ ਹੈ। ਲਗਭਗ ਇੱਕ ਸਾਲ ਪਹਿਲਾਂ ਸਿੱਧੂ ਨੂੰ ਐਸਟੀਐਫ ਤੋਂ ਹਟਾ ਕੇ ਮੁੱਖ ਮੰਤਰੀ ਦਫ਼ਤਰ ‘ਚ ਤੈਨਾਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਉਤੇ ਡੀਜੀਪੀ ਮੁਹੰਮਦ ਮੁਸਤਫਾ ਨੂੰ ਐਸਟੀਐਫ ਦਾ ਚੀਫ ਲਗਾਇਆ ਗਿਆ ਸੀ। ਸੂਬੇ ਦਾ ਪੁਲਿਸ ਮੁਖੀ ਨਾ ਬਣਾਏ ਜਾਣ ਤੋਂ ਨਾਰਾਜ਼ ਮੁਸਤਫਾ ਨੇ ਖੁਦ ਹੀ ਐਸਟੀਐਫ ਦਾ ਚਾਰਜ ਛੱਡਣ ਦੀ ਇੱਛਾ ਜਿਤਾਉਣ ਉਤੇ ਏਡੀਜੀਪੀ ਗੁਰਪ੍ਰੀਤ ਕੌਰ ਦਿਓਂ ਨੂੰ ਨਿਯੁਕਤ ਕੀਤਾ ਗਿਆ ਸੀ। 
ਇਮਾਨਦਾਰ ਅਤੇ ਧਾੜ ਸਖ਼ਤ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਹਰਪ੍ਰੀਤ ਸਿੱਧੂ ਨੂੰ ਸਰਕਾਰ ਬਣਨ ਉਤੇ ਨਸ਼ਿਆਂ ਖਿਲਾਫ਼ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦਾ ਪਹਿਲਾ ਮੁਖੀ ਥਾਪਿਆ ਸੀ ਪਰ ਬਾਅਦ ‘ਚ 17 ਮਹੀਨਿਆਂ ਬਾਅਦ ਹਟਾ ਦਿੱਤਾ ਗਿਆ ਸੀ। 

ਸਿੱਧੂ ਨੇ ਪਹਿਲਾਂ ਐਸਟੀਐਫ ਮੁਖੀ ਦੇ ਅਹੁਦਿਆਂ ਉਤੇ ਰਹਿੰਦਿਆਂ ਨਸ਼ਿਆਂ ਦੇ ਮੁੱਦੇ ਉਤੇ ਕਈ ਪੁਲਿਸ ਅਫਸਰਾਂ ਅਤੇ ਸਿਆਸੀ ਆਗੂਆਂ ਖਿਲਾਫ਼ ਸਿਕੰਜ਼ਾ ਕੱਸਿਆ ਸੀ। ਉਨ੍ਹਾਂ ਸਾਬਕਾ ਅਕਾਲੀ ਮੰਤਰੀ ਅਤੇ ਆਪਣੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ਼ ਵੀ ਇੱਕ ਸੀਲਬੰਦ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਸੌਂਪੀ ਸੀ। ਇਸ ਰਿਪੋਰਟ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ਮੀਡੀਆ ਸਾਹਮਣੇ ਰੱਖ ਕੇ ਬਿਕਰਮ ਮਜੀਠੀਆ ਖਿਲਾਫ਼ ਗੰਭੀਰ ਦੋਸ਼ ਲਗਾਏ ਸਨ। ਮਜੀਠੀਆ ਦੇ ਮਾਮਲੇ ਨੂੰ ਲੈ ਕੇ ਏਡੀਜੀਪੀ ਹਰਪ੍ਰੀਤ ਸਿੱਧੂ ਅਤੇ ਬਿਕਰਮ ਮਜੀਠੀਆ ਆਹਮੋਂ ਸਾਹਮਣੇ ਆ ਗਏ ਸਨ। ਮਜੀਠੀਆ ਨੇ ਵੀ ਇਸ ਦੌਰਾਨ   ਇਸ ਪੁਲਿਸ ਅਧਿਕਾਰੀ ਨੂੰ ਆਪਣਾ ਦੂਰ ਦਾ ਨਾਰਾਜ਼ ਰਿਸ਼ਤੇਦਾਰ ਦੱਸਦਿਆਂ ਨਿੱਜੀ ਕਿੜ੍ਹ ਕੱਢਣ ਦੇ ਦੋਸ਼ ਲਾ ਕੇ ਚੁਣੌਤੀ ਦਿੱਤੀ ਸੀ। 
ਸਿੱਧੂ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਸਾਲ 2017 ਵਿਚ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਛੱਤੀਸਗੜ੍ਹ ਤੋਂ ਸੈਂਟਰਲ ਡੈਪੂਟੇਸ਼ਨ ਤੋਂ ਵਾਪਸ ਪੰਜਾਬ ਲਿਆਂਦਾ ਸੀ। ਸਿੱਧੂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੀਆਰਪੀਐਫ ਡੈਂਪੂਟੇਸ਼ਨ ਵਿਚ ਤੈਨਾਤ ਸਨ। ਕੈਪਟਨ ਨੇ ਮੁੱਖ ਮੰਤਰੀ ਬਣਦਿਆਂ ਹੀ ਤੱਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਿਫਾਰਿਸ਼ ਕਰਕੇ ਸਿੱਧੂ ਨੂੰ ਪੰਜਾਬ ਲਿਆਂਦਾ ਸੀ। 
ਸਿੱਧੂ ਨੇ ਐਸਟੀਐਫ ਦਾ ਚੀਫ਼ ਬਣਨ ਤੋਂ ਬਾਅਦ ਨਸ਼ਾ ਤਸਕਰੀ ਦੇ ਕੇਸਾਂ ਵਿਚ ਸ਼ਾਮਲ ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਨੰਗਾ ਕਰਨਾ ਸ਼ੁਰੂ ਕੀਤਾ। ਸਿੱਧੂ ਨੂੰ ਐਸਟੀਐਫ ਚੀਫ ਦੇ ਨਾਲ-ਨਾਲ ਏਡੀਜੀਪੀ ਬਾਰਡਰ ਰੇਂਜ ਦਾ ਵੀ ਚਾਰਜ ਦਿੱਤਾ ਗਿਆ ਸੀ। ਇੱਕ ਹਾਈਪ੍ਰੋਫਾਈਲ ਡਰੱਗ ਕੇਸ ‘ਚ ਸਿੱਧੂ ਨੇ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਖਿਲਾਫ਼ ਵੀ ਜਾਂਚ ਖੋਲ੍ਹ ਦਿੱਤੀ ਸੀ। ਇਸ ਦੇ ਇਲਾਵਾ ਸਿੱਧੂ ਨੇ ਨਸ਼ਿਆਂ ਦੇ ਇੱਕ ਮਾਮਲੇ ਵਿਚ ਚਰਚਿਤ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਸੀ। ਸਿੱਧੂ ਦੀ ਰਿਪੋਰਟ ਉਤੇ ਇੰਦਰਜੀਤ ਸਿੰਘ ਨੂੰ ਕੈਪਟਨ ਸਰਕਾਰ ਵਲੋਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਇੰਦਰਜੀਤ ਦੀ ਗ੍ਰਿਫਤਾਰੀ ਖਿਲਾਫ਼ ਪੰਜਾਬ ਪੁਲਿਸ ਦੇ ਇੱਕ ਆਈਜੀ, ਇੱਕ ਡੀਆਈ ਸਮੇਤ ਕਈ ਅਧਿਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਤਰਾਜ਼ ਜਿਤਾਇਆ ਸੀ ਪ੍ਰੰਤੂ ਕੈਪਟਨ ਨੇ ਕੋਈ ਦਖ਼ਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। 
ਐਸਟੀਐਫ ਚੀਫ ਸਿੱਧੂ ਅਤੇ ਤੱਤਕਾਲੀਨ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਹੁੰਦਲ ਦਰਮਿਆਨ ਚੱਲ ਰਹੀ ਖਿੱਚੋਤਾਣ ਦਾ ਮਾਮਲਾ ਹਾਈਕੋਰਟ ਤੱਕ ਪਹੁੰਚ ਗਿਆ ਸੀ। ਰਾਜਜੀਤ ਨੇ ਹਰਪ੍ਰੀਤ ਸਿੱਧੂ ਉਤੇ ਨਿੱਜੀ ਰੰਜਿਸ ਤਹਿਤ ਕਾਰਵਾਈ ਕਰਨ ਅਤੇ ਝੂਠੇ ਕੇਸ ਵਿਚ ਫਸਾਉਣ ਦੇ ਦੋਸ਼ ਲਾ ਕੇ ਹਾਈਕੋਰਟ ਤੋਂ ਮੰਗ ਕੀਤੀ ਸੀ ਕਿ ਐਸਟੀਐਫ ਵਲੋਂ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਖਿਲਾਫ਼ ਦਰਜ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਜਾਂ ਕਿਸੇ ਹੋਰ ਤੋਂ ਕਰਾਉਣ ਤੱਕ ਦੀ ਮੰਗ ਕੀਤੀ ਸੀ। ਇੱਥੇ ਹੀ ਬੱਸ ਨਹੀਂ ਰਾਜਜੀਤ ਸਿੰਘ ਨੇ ਤੱਤਕਾਲੀਨ ਸੂਬੇ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨਿਰਮਲਜੀਤ ਸਿੰਘ ਕਲਸੀ ਨੂੰ ਪੱਤਰ ਲਿਖ ਕੇ ਦੋਸ਼ ਲਾ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਉਸ ਸਮੇਂ ਡੀਜੀਪੀ ਸੁਰੇਸ਼ ਅਰੋੜਾ ਨੇ ਵੀ ਰਾਜਜੀਤ ਦੀ ਮੰਗ ਉਤੇ ਮੋਹਰ ਲਾਉਂਦਿਆਂ ਜਾਂਚ ਨਿਰਪੱਖ ਏਜੰਸੀ ਤੋਂ ਕਰਾਉਣ ਦੀ ਸਿਫਾਰਿਸ਼ ਕਰ ਦਿੱਤੀ ਸੀ। ਰਾਜਜੀਤ ਹੁੰਦਲ ਦੇ ਮਾਮਲੇ ਉਤੇ ਹਰਪ੍ਰੀਤ ਸਿੱਧੂ ਦੇ ਤੱਤਕਾਲੀਨ ਡੀਜੀਪੀ ਸੁਰੇਸ਼ ਅਰੋੜਾ ਨਾਲ ਵੀ ਸਿੰਗ ਫਸ ਗਏ ਸੀ। 
ਹਰਪ੍ਰੀਤ ਸਿੱਧੂ ਨੂੰ ਜਦੋਂ ਪਹਿਲਾਂ ਐਸਟੀਐਫ ਦਾ ਮੁਖੀ ਲਗਾਇਆ ਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਕੋਲ ਐਸਟੀਐਫ ਦਾ ਆਜ਼ਾਦਾਨਾ ਚਾਰਜ ਸੀ ਅਤੇ ਉਹ ਡੀਜੀਪੀ ਸੁਰੇਸ਼ ਅਰੋੜਾ ਦੀ ਬਜਾਏ ਸਿੱਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਕਰਦੇ ਸਨ। ਐਸਐਸਪੀ ਰਾਜਜੀਤ ਸਿੰਘ ਦੇ ਮਾਮਲੇ ਨੂੰ ਲੈ ਕੇ ਡੀਜੀਪੀ ਸੁਰੇਸ਼ ਅਰੋੜਾ ਅਤੇ ਹਰਪ੍ਰੀਤ ਸਿੱਧੂ ਵਿਚਕਾਰ 36 ਦਾ ਅੰਕੜਾ ਅਕਸਰ ਵੇਖਣ ਨੂੰ ਮਿਲਦਾ ਸੀ। ਸੁਰੇਸ਼ ਅਰੋੜਾ ਨੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਕੋਲ ਏਡੀਜੀਪੀ ਹਰਪ੍ਰੀਤ ਸਿੱਧੂ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਉਤੇ ਇਤਰਾਜ਼ ਜਿਤਾਉਂਦਿਆਂ ਸਵਾਲ ਉਠਾਏ ਸਨ। 
ਇੱਥੇ ਇਹ ਦੱਸਣਯੋਗ ਹੈ ਕਿ ਡੀਜੀਪੀ ਸੁਰੇਸ਼ ਅਰੋੜਾ ਅਤੇ ਹਰਪ੍ਰੀਤ ਸਿੱਧੂ ਵਿਚਕਾਰ ਚੱਲਦੀ ਖਿਚੋਤਾਣ ਨੂੰ ਖ਼ਤਮ ਕਰਨ ਲਈ ਸਿੱਧੂ ਦਾ ਐਸਟੀਐਫ ਤੋਂ ਤਬਾਦਲਾ ਕੀਤਾ ਗਿਆ ਸੀ।  ਐਸਟੀਐਫ ਅਤੇ ਪੰਜਾਬ ਪੁਲਿਸ ਵਿਚਕਾਰ ਖਿਚੋਤਾਣ ਕਾਰਨ ਪੰਜਾਬ ਪੁਲਿਸ ਕਈ ਧੜ੍ਹਿਆਂ ਵਿਚਕਾਰ ਵੰਡੀ ਗਈ ਸੀ।

Read more