ਸੰਸਦ ਮੈਂਬਰਾਂ ਵੱਲੋਂ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕਣਾ ਸ਼ੁੱਭ ਸ਼ਗਨ : ਪੰਜਾਬੀ ਕਲਚਰਲ ਕੌਂਸਲ

– ਪੰਜਾਬ ਦੇ ਸੰਸਦ ਮੈਂਬਰ ਪੰਜਾਬੀ ਵਿੱਚ ਹੀ ਸਵਾਲ ਪੁੱਛਣ : ਗਰੇਵਾਲ

Punjab update

ਚੰਡੀਗੜ੍ਹ 18 ਜੂਨ  : ਪੰਜਾਬੀ ਕਲਚਰਲ ਕੌਂਸਲ ਨੇ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਲੋਕ ਸਭਾ ਵਿੱਚ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕਣ ਨੂੰ ਮਾਂ-ਬੋਲੀ ਲਈ ਸ਼ੁਭ ਸ਼ਗਨ ਕਰਾਰ ਦਿੱਤਾ ਹੈ। 

ਇੱਕ ਬਿਆਨ ਵਿੱਚ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਕਿਹਾ ਕਿ ਜੇਕਰ ਸੰਸਦ ਵਿੱਚ ਗੁਰਮੁਖੀ ਦੀ ਗੱਲ ਚੱਲੀ ਹੈ ਤਾਂ ਉਥੇ ਹੋਰਨਾਂ ਪੰਜਾਬੀ ਬਹੁ-ਗਿਣਤੀ ਵਾਲੇ ਰਾਜਾਂ ਵਿੱਚ ਵੀ ਪੰਜਾਬੀ ਦੂਜੀ ਭਾਸ਼ਾ ਵਜੋਂ ਲਾਗੂ ਕਰਵਾਉਣ ਦੀ ਮੰਗ ਚੁੱਕੀ ਜਾ ਸਕਦੀ ਹੈ।

ਉਨ੍ਹਾਂ ਨੇ ਮਾਂ-ਬੋਲੀ ਵਿੱਚ ਸਹੁੰ ਚੁੱਕਣ ਵਾਲੇ ਲੋਕ ਸਭਾ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਉਹ ਮਾਂ-ਬੋਲੀ ਦੇ ਪੂਰਨ ਹਿਤੈਸ਼ੀ ਹਨ ਤਾਂ ਉਹ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿੱਚ ਪੰਜਾਬੀ ਵਿੱਚ ਹੀ ਸਵਾਲ ਪੁੱਛਣ ਅਤੇ ਉਨ੍ਹਾਂ ਦੇ ਜਵਾਬ ਵੀ ਗੁਰਮੁਖੀ ਭਾਸ਼ਾ ਵਿੱਚ ਲਿਖੇ ਹੋਏ ਹੀ ਮੰਗਣ।

ਗਰੇਵਾਲ ਨੇ ਪੰਜਾਬ ਦੇ ਸਮੂਹ ਰਾਜ ਸਭਾ ਅਤੇ ਲੋਕ ਸਭਾ ਮੈਂਬਰਾਂ ਸਮੇਤ ਪੰਜਾਬ ਤੋਂ ਬਣੇ ਕੇਂਦਰੀ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਜਾਂ ਹੋਰ ਮੰਤਰੀਆਂ ਨਾਲ ਖਤੋ-ਖਿਤਾਬਤ ਕਰਨ ਵੇਲੇ ਵੀ ਗੁਰਮੁਖੀ ਵਿੱਚ ਹੀ ਪੱਤਰ ਲਿਖਿਆ ਕਰਨ ਤਾਂ ਜੋ ਮਾਂ-ਬੋਲੀ ਦਾ ਬੋਲਬਾਲਾ ਹੋ ਸਕੇ।

Read more