ਸੰਤੋਖ ਚੌਧਰੀ ‘ਤੇ ਚੁੱਪੀ ਨੇ ਕੈਪਟਨ, ਜਾਖੜ ਤੇ ਰਾਹੁਲ ਗਾਂਧੀ ਦਾ ਭ੍ਰਿਸ਼ਟਾਚਾਰ ਬਾਰੇ ਖੋਲੀ ਪੋਲ- ਚੀਮਾ

ਚੰਡੀਗੜ੍ਹ, 22 ਮਾਰਚ 2019: ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ ਆਪਣੇ ਰੁਤਬੇ ਦਾ ਗ਼ਲਤ ਇਸਤੇਮਾਲ ਕਰਕੇ ਕੰਮ ਕਰਵਾਉਣ ਬਦਲੇ ਪੈਸੇ ਮੰਗੇ ਜਾਣ ਨੂੰ ਨੰਗਾ ਚਿੱਟਾ ਭ੍ਰਿਸ਼ਟਾਚਾਰ ਕਰਾਰ ਦਿੱਤਾ। ਚੀਮਾ ਨੇ ਨਾਲ ਹੀ ਕਿਹਾ ਕਿ ਇਸ ਪੂਰੇ ਮਾਮਲੇ ਬਾਰੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਿਸ ਢੀਠਤਾਈ ਨਾਲ ਚੁੱਪੀ ਧਾਰ ਰੱਖੀ ਹੈ, ਉਸ ਨੇ ਕਾਂਗਰਸ ਦੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦਾਅਵੇ ਦਾ ਪਰਦਾਫਾਸ਼ ਕਰ ਦਿੱਤਾ ਹੈ।

ਪਾਰਟੀ ਹੈੱਡਕੁਆਟਰ ਰਾਹੀਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਸਮੇਤ ਸਾਰੇ ਕਾਂਗਰਸੀ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ‘ਤੇ ਕਿਹੜੇ ਮੂੰਹ ਨਾਲ ਗੱਲ ਕਰਨਗੇ, ਜਦ ਉਹ ਆਪਣੇ ਉਸ ਭ੍ਰਿਸ਼ਟਾਚਾਰੀ ਸੰਸਦ ‘ਤੇ ਕਾਰਵਾਈ ਤਾਂ ਦੂਰ ਉਸ ਬਾਰੇ ਮੂੰਹ ਖੋਲ੍ਹਣ ਤੋਂ ਵੀ ਬਚ ਰਹੇ ਹਨ, ਜੋ ਸੰਸਦ ਇੱਕ ਟੀਵੀ ਚੈਨਲ ਦੇ ਸਟਿੰਗ ਅਪਰੇਸ਼ਨ ‘ਚ ਕੰਮ ਕਰਾਉਣ ਦੇ ਬਦਲੇ ਪੈਸੇ ਮੰਗਣ ਨੂੰ ਜਾਇਜ਼ ਸਮਝਦੇ ਹਨ।

ਚੀਮਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਸਮੇਤ ਪੰਜਾਬ ਦੇ ਹਰੇਕ ਕਾਂਗਰਸੀ ਲੋਕਾਂ ਦੀ ਕਚਹਿਰੀ ਅਤੇ ਮੀਡੀਆ ‘ਚ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਸੰਤੋਖ ਦੇ ਇਰਾਦਿਆਂ ਦੇ ਨਾਲ ਹਨ ਜਾਂ ਉਸ ਦਾ ਵਿਰੋਧ ਕਰਦੇ ਹਨ। ਚੀਮਾ ਨੇ ਕਿਹਾ ਕਿ ਰਿਵਾਇਤੀ ਦਲਾਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਨੀਤੀ ਅਤੇ ਨੀਅਤ ਇੰਨੀ ਭ੍ਰਿਸ਼ਟਾਚਾਰੀ ਹੋ ਚੁੱਕੀ ਹੈ ਕਿ ਉਹ ਨਜਾਇਜ਼ ਅਤੇ ਗੈਰ ਕਾਨੂੰਨੀ ਧੰਦਿਆਂ ਨੂੰ ‘ਜਾਇਜ਼’ ਸਮਝ ਕੇ ਚਲਾਉਂਦੇ ਹਨ।

ਹਰਪਾਲ ਸਿੰਘ ਚੀਮਾ ਨੇ ਚੇਤਾਵਨੀ ਦਿੰਦਿਆਂ ਮੰਗ ਕੀਤੀ ਕਿ ਕਾਂਗਰਸ ਬਿਨਾ ਦੇਰੀ ਸੰਤੋਖ ਸਿੰਘ ਚੌਧਰੀ ਨੂੰ ਪਾਰਟੀ ‘ਚ ਬਰਖ਼ਾਸਤ ਕਰੇ ਅਤੇ ਉਸ ‘ਤੇ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਚੀਮਾ ਨੇ ਮੰਗ ਕੀਤੀ ਹੈ ਕਿ ਇਸ ਪੂਰੇ ਸਟਿੰਗ ਮਾਮਲੇ ਦੀ ਹਾਈਕੋਰਟ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਮਾਂਬੱਧ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

Read more