ਸਿੱਧੂ ਦੀ ਵੱਖਰੀ ਸੁਰ ‘ਕੈਪਟਨ ਦੀ ਕਪਤਾਨੀ’ ਲਈ ਮੁੜ ਚੁਣੌਤੀ ਬਣੀ-ਪਾਕਿਸਤਾਨ ਖਿਲਾਫ਼ ਕੈਪਟਨ ਗਰਮ ਅਤੇ ਸਿੱਧੂ ਅਜੇ ਵੀ ਨਰਮ

PUNJABUPDATE.COM
ਚੰਡੀਗੜ੍ਹ, 15 ਫਰਵਰੀ
ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪੁਲਵਾਮਾ ‘ਚ ਫੌਜੀਆਂ ਉਤੇ ਪਾਕਿਸਤਾਨੀ ਦਹਿਸ਼ਤਗਰਦਾਂ ਵਲੋਂ ਕੀਤੇ ਗਏ ਹਮਲੇ ਖਿਲਾਫ਼ ਦੱਬ ਕੇ ਭੜਾਸ ਕੱਢਦਿਆਂ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਥੇ ਹੀ ਕੈਪਟਨ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਦੇ ਤੇਵਰ ਪਾਕਿਸਤਾਨ ਖਿਲਾਫ਼ ਠੰਡੇ ਤੇ ਨਰਮ ਦਿਖੇ। ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਅਹਿਮ ਮਸਲੇ ਉਤੇ ਕੈਪਟਨ-ਸਿੱਧੂ ਦੀਆਂ ਵੱਖੋ-ਵੱਖ ਸੁਰਾਂ ਤੇ ਮਤਭੇਦਾਂ ਨੇ ਸਿਆਸਤ ਵਿਚ ਮੁੜ ਚਰਚਾ ਛੇੜ ਦਿੱਤੀ ਹੈ ਕਿ ਸਿੱਧੂ ਕੈਪਟਨ ਦੇ ਵਜ਼ੀਰ ਹੁੰਦੇ ਹੋਏ ਵੀ ਉਨ੍ਹਾਂ ਨੂੰ ‘ਕਪਤਾਨ’ ਨਹੀਂ ਮੰਨਦੇ। ਸਿੱਧੂ ਵਲੋਂ ਕੈਪਟਨ ਦੇ ਉਲਟ ਅਜਿਹੇ ਤੇਵਰ ਪਹਿਲਾਂ ਵੀ ਕਈ ਵਾਰ ਦਿਖਾਏ ਜਾ ਚੁੱਕੇ ਹਨ। ਚਾਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਦੇ ਉਤੇ ਪਾਕਿਸਤਾਨ ਦਾ ਮਾਮਲਾ ਹੋਵੇ ਜਾਂ ਫੇਰ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਉਤੇ ਤਿੱਖੇ ਸਵਾਲ ਉਠਾਉਣ ਦਾ ਮੁੱਦਾ ਹੋਵੇ, ਸਿੱਧੂ ਆਪਣੇ ਸ਼ੇਅਰੋਂ ਸ਼ਾਇਰੀ ਵਾਲੇ ਅੰਦਾਜ਼ ਵਿਚ ਕੈਪਟਨ ਅਮਰਿੰਦਰ ਸਿੰਘ ਬਾਰੇ ਟਿੱਪਣੀਆਂ ਕਾਰਨ ਅਕਸਰ ਚਰਚਾ ਵਿਚ ਰਹਿੰਦੇ ਹਨ। ਜਦੋਂ ਮਾਮਲਾ ਮੀਡੀਆ ਵਿਚ ਗਰਮਾ ਜਾਂਦਾ ਹੈ ਅਤੇ ਮਹਾਰਾਜਾ ਨਾਰਾਜ਼ ਹੋ ਜਾਂਦਾ ਹੈ ਤਾਂ ਸਿੱਧੂ ਕੈਪਟਨ ਨਾਲ ਮੁਲਾਕਾਤ ਕਰਕੇ ਕਹਿੰਦੇ ਹਨ ਕਿ ਕੈਪਟਨ ਸਾਡੇ ਬੌਸ ਹਨ, ਮੈਂ ਉਨ੍ਹਾਂ ਨੂੰ ਮਿਲ ਕੇ ਸਾਰੇ ਗਿਲਵੇਂ ਸ਼ਿਕਵੇ ਦੂਰ ਕਰ ਦਿੱਤੇ ਹਨ। ਚੇਤੇ ਰਹੇ ਕਿ ਜਦੋਂ ਇਮਰਾਨ ਖਾਨ ਨੇ ਸਿੱਧੂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਸੀ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਮਨਜ਼ੂਰੀ ਲਏ ਬਿਨ੍ਹਾਂ ਹੀ ਪਾਕਿ ਚਲੇ ਗਏ ਸਨ, ਜਿਸ ਦਾ ਮੁੱਖ ਮੰਤਰੀ ਨੇ ਕਾਫ਼ੀ ਬੁਰਾ ਮਨਾਇਆ ਸੀ। ਇੱਥੇ ਹੀ ਬੱਸ ਨਹੀਂ ਜਦੋਂ ਸਿੱਧੂ ਪਾਕਿਸਤਾਨ ਤੋਂ ਵਾਪਸ ਆਏ ਤਾਂ ਉਨ੍ਹਾਂ ਇਸ ਸਵਾਲ ਦਾ ਜਵਾਬ ਦਿੰਦੇ ਵਿਅੰਗਮਈ ਲਹਿਜ਼ੇ ਵਿਚ ਕਿਹਾ ਸੀ ਕਿ ”ਕੌਣ ਕੈਪਟਨ, ਕਿਹੜਾ ਕੈਪਟਨ’। ਸਿੱਧੂ ਦੀ ਇਸ ਹਰਕਤ ਕਾਰਨ ਕੈਪਟਨ ਅਮਰਿੰਦਰ ਨੇ ਆਪਣੀ ਨਾਰਾਜ਼ਗੀ ਰਾਹੁਲ ਤੇ ਸੋਨੀਆ ਗਾਂਧੀ ਕੋਲ ਜ਼ਾਹਿਰ ਕੀਤੀ ਸੀ। ਜਿਸ ਤੋਂ ਬਾਅਦ ਸਿੱਧੂ ਨੇ ਅਮਰਿੰਦਰ ਸਿੰਘ ਨੂੰ ਮਿਲ ਕੇ ਗਿਲ੍ਹੇ ਸ਼ਿਕਵੇ ਦੂਰ ਕਰਦੇ ਹੋਏ ਪਾਕਿਸਤਾਨ ਤੋਂ ਲਿਆਂਦਾ ਕਾਲਾ ਤਿੱਤਰ ਉਨ੍ਹਾਂ ਨੂੰ ਤੋਹਫੇ ਵਜੋਂ ਭੇਂਟ ਕੀਤਾ ਸੀ। ਪ੍ਰੰਤੂ ਹੁਣ ਭਾਰਤੀ ਫੌਜੀਆਂ ਉਤੇ ਹੋਏ ਦਹਿਸ਼ਤਗਰਦੀ ਹਮਲੇ ਦੇ ਮੁੱਦੇ ਉਤੇ ਆਪਣੇ ਮੁੱਖ ਮੰਤਰੀ ਦੇ ਉਲਟ ਵੱਖਰੀ ਸੁਰ ਅਪਨਾਉਂਦੇ ਹੋਏ ਵਿਖਾਈ ਦੇ ਰਹੇ ਹਨ। 
ਫੌਜੀਆਂ ਉਤੇ ਹੋਏ ਦਹਿਸ਼ਤੀਗਰਦੀ ਹਮਲੇ ਨੂੰ ਲੈ ਕੇ ਕੈਪਟਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਨਾਲ ਹੁਣ ਕੋਈ ਗੱਲ ਨਹੀਂ ਹੋਣੀ ਚਾਹੀਦੀ  ਸਗੋਂ ਸਾਰੀਆਂ ਹੱਦਾਂ ਟੱਪ ਚੁੱਕੇ ਪਾਕਿ ਖਿਲਾਫ਼ ਭਾਰਤ ਵਲੋਂ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਅੱਤਵਾਦ ਫੈਲਾਉਣ ਦੀਆਂ ਸਾਜਿਸ਼ਾਂ ਰਚ ਰਿਹਾ, ਜਿਨ੍ਹਾਂ ਨੂੰ ਅਸੀਂ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ।  ਅਮਰਿੰਦਰ ਦੇ ਤਿੱਖੇ ਤੇਵਰਾਂ ਦੇ ਉਲਟ ਸਦਨ ਵਿਚ ਅਤੇ ਸਦਨ ਦੇ ਬਾਹਰ ਪਾਕਿਸਤਾਨ ਖਿਲਾਫ਼ ਸਿੱਧੂ ਦੇ ਤੇਵਰ ਪੂਰੇ ਦੇਸ਼ ਦੀਆਂ ਭਾਵਨਾਵਾਂ ਦੇ ਉਲਟ ਨਰਮ ਦਿਖਾਈ ਦਿੱਤੇ। ਸਿੱਧੂ ਨੇ ਕੈਪਟਨ ਤੋਂ ਵੱਖਰੀ ਸੁਰ ਅਪਨਾÀੁਂਦਿਆਂ ਕਿਹਾ ਕਿ ਸਾਡੇ ਫੌਜੀਆਂ ਉਤੇ ਹੋਏ ਅੱਤਵਾਦੀ ਹਮਲੇ ਲਈ ਪਾਕਿਸਤਾਨ ਮੁਲਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸਿੱਧੂ ਨੇ ਭਾਵੇਂ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਹਮਲੇ ਦੇ ਦੋਸ਼ੀ ਲੋਕਾਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਪ੍ਰੰਤੂ ਨਾਲ ਹੀ ਕਿਹਾ ਕਿ ਮੇਰਾ ਮੰਨਣਾ ਹੈ ਕਿ, ਕੀ ਕੁੱਝ ਲੋਕਾਂ ਦੀ ਕਰਤੂਤ ਦੇ ਲਈ ਕਿਸੇ ਰਾਸ਼ਟਰ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ? ਇਸ ਦਾ ਹੱਲ ਸ਼ਾਂਤੀ ਹੀ ਹੈ।

”ਡੁੱਲ੍ਹਿਆ ਕੀੜੀਆਂ ਦਾ 100 ਮਣ ਆਟਾ, ਮਾਵਾਂ ਦੇ ਇੰਨੇ ਪੁੱਤ ਡਿੱਗ ਪਏ, ਪੈਂਦਾ ਮਾਂ ਨੂੰ ਦੋਵੇਂ ਪਾਸੇ ਘਾਟਾ, ਹਾਰੇ ਜਾਂ ਕੋਈ ਜੰਗ ਜਿੱਤ ਜਾਵੇ’ (ਜੰਗ ਵਿਚ ਕਿਸੇ ਦੀ ਵੀ ਹਾਰ ਹੋਵੇ ਜਾਂ ਜਿੱਤ ਹੋਵੇ, ਦੋਵੇਂ ਪਾਸਿਓਂ ਹਾਰਦੀ ਮਾਂ ਹੀ ਹੈ”-ਨਵਜੋਤ ਸਿੰਘ ਸਿੱਧੂ 
ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਮੁਲਤਵੀ ਹੋਣ ਦੇ ਬਾਅਦ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ ਪ੍ਰੰਤੂ ਕੁੱਝ ਲੋਕਾਂ ਦੇ ਮਾੜੇ ਕੰਮ ਦੇ ਲਈ ਕਿਸੇ ਰਾਸ਼ਟਰ ਜਾਂ ਵਿਅਕਤੀ ਵਿਸ਼ੇਸ਼ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸਿੱਧੂ ਨੇ ਕਿਹਾ ਕਿ 71 ਸਾਲ ਤੋਂ ਇਹੀ ਹੁੰਦਾ ਆ ਰਿਹਾ ਹੈ। ਅੱਤਵਾਦ ਤੋਂ ਕੁੱਝ ਨਹੀਂ ਮਿਲਣੇ ਵਾਲਾ। ਅਜੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਹੈ, ਸ਼ਾਂਤੀ ਹੀ ਇਸ ਦਾ ਹੱਲ ਹੈ। ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸ਼ਾਂਤੀ ਨੂੰ ਲੈ ਕੇ ਹੋਣ ਵਾਲੀ ਆਪਸੀ ਗੱਲਬਾਤ ਦੀਆਂ ਕੋਸ਼ਿਸ਼ਾਂ ਕਈ ਸਾਲ ਪਿੱਛੇ ਚਲੀਆਂ ਜਾਂਦੀਆਂ ਹਨ। ਸਿੱਧੂ ਨੇ ਕਿਹਾ ਕਿ ਜੋ ਘਟਨਾ ਹੋਈ ਹੈ, ਉਹ ਕਾਇਰਤਾਪੂਰਨ ਹੈ, ਮੈਂ ਇਸ ਦੀ ਨਿੰਦਾ ਕਰਦਾ ਹਾਂ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਅੱਤਵਾਦ ਦਾ ਕੋਈ ਦੇਸ਼ ਨਹੀਂ ਹੁੰਦਾ, ਅੱਤਵਾਦੀਆਂ ਦਾ ਕੋਈ ਮਜਹਬ ਨਹੀਂ ਹੁੰਦੀ, ਉਨ੍ਹਾਂ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਨਾ ਹੀ ਕੋਈ ਦੇਸ਼ ਹੁੰਦਾ ਹੈ। ਸਿੱਧੂ ਦਾ ਆਪਣੇ ਲਹਿਜ਼ੇ ਵਿਚ ਕਹਿਣਾ ਹੈ ਕਿ ”ਪੁੱਤ ਤਾਂ ਦੋਵੇਂ ਪਾਸੇ ਮਾਵਾਂ ਦੇ ਹੀ ਮਰਦੇ ਹਨ, ਜੰਗ ਭਾਵੇਂ ਕੋਈ ਜਿੱਤ ਜਾਵੇ”। 


Read more