ਸਿੱਖ ਨੌਜਵਾਨ ਹਰਜੀਤ ਸਿੰਘ ਦੇ ਕਤਲ ਦਾ ਮੁੱਦਾ : ਖਹਿਰਾ ਨੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਦੀ ਭੂਮਿਕਾ ‘ਤੇ ਉਠਾਏ ਸਵਾਲ


ਕਿਹਾ; ਰਾਜਨਾਥ ਸਿੰਘ ਦੇ ਇਸ਼ਾਰੇ ‘ਤੇ ਕਾਤਲਾਂ ਨੂੰ ਦਿੱਤੀ ਗਈ ਮੁਆਫੀ
-ਕੈਪਟਨ ਭਾਜਪਾ ਦੇ ਬੁਲਾਰੇ ਦੀ ਭੂਮਿਕਾ ਨਿਭਾਅ ਰਿਹੈ  : ਖਹਿਰਾ
-ਬਾਦਲਾਂ ‘ਤੇ ਵੀ ਲਗਾਏ ਗੰਭੀਰ ਦੋਸ਼ 
PunjabUpdate.Com 
ਚੰਡੀਗੜ੍ਹ, 20 ਜੁਲਾਈ
1993 ਵਿਚ ਫਰਜ਼ੀ ਪੁਲਿਸ ਮੁਕਾਬਲੇ ‘ਚ ਸਿੱਖ ਨੌਜਵਾਨ ਹਰਜੀਤ ਸਿੰਘ ਦਾ ਕਤਲ ਕਰਨ ਵਾਲੇ ਚਾਰ ਦੋਸ਼ੀ ਪੁਲਿਸ ਅਫਸਰਾਂ ਨੂੰ ਰਾਜਪਾਲ ਤੋਂ ਮੁਆਫ਼ੀ ਦਿਵਾਉਣ ਦੇ ਮਾਮਲੇ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਜਿੱਥੇ ਸੂਬੇ ਦੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਵਲੋਂ ਨਿਭਾਈ ਗਈ ਵੱਡੀ ਭੂਮਿਕਾ ਉਤੇ ਸਵਾਲ ਉਠਾਏ ਹਨ ਉਥੇ ਹੀ ਉਨ੍ਹਾਂ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ  ਬੁਲਾਰੇ ਦੀ ਭੂਮਿਕਾ ਨਿਭਾਅ ਰਿਹਾ ਹੈ। ਖਹਿਰਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਲੋਕ ਸਭਾ ਚੋਣਾਂ ਤੋਂ ਬਾਅਦ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਕੈਪਟਨ ਦੇ ਹੰਕਾਰੀ ਫੈਸਲਿਆਂ ਉਤੇ ਚੁੱਪ ਬੈਠੀ ਹੈ। ਬਾਦਲਾਂ ਨਾਲ ਕੈਪਟਨ ਦਾ ਫਰੈਂਡਲੀ ਮੈਚ ਨੰਗਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਵੀ ਇਸੇ ਕਰਕੇ ਕੈਪਟਨ ਨੇ ਮੰਤਰੀ ਮੰਡਲ ਵਿਚੋਂ ਬਾਹਰ ਕੱਢ ਮਾਰਿਆ ਹੈ।  
ਇੱਥੇ ਸਿੱਖ ਨੌਜਵਾਨ ਹਰਜੀਤ ਸਿੰਘ ਦੇ ਪੀੜਿਤ ਪਰਿਵਾਰ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਉਣ ਲਈ ਭਾਜਪਾ ਦੀ ਕੇਂਦਰ ਸਰਕਾਰ ਦੇ ਇਸ਼ਾਰੇ ਉਤੇ ਤੱਤਕਾਲੀਨ ਡੀਜੀਪੀ ਸੁਰੇਸ਼ ਅਰੋੜਾ ਨੇ ਬਹੁਤ ਹੀ ਮਾੜੀ ਭੂਮਿਕਾ ਨਿਭਾਈ ਜਿਸ ਕਾਰਨ ਦੋਸ਼ੀਆਂ ਨੂੰ ਰਾਹਤ ਮਿਲ ਸਕੀ। ਉਨ੍ਹਾਂ ਕਿਹਾ ਮੈਨੂੰ ਪਤਾ ਲੱਗਿਆ ਹੈ ਕਿ ਹਰਜੀਤ ਸਿੰਘ ਦੇ ਕਾਤਲ ਯੂ.ਪੀ. ਨਾਲ ਸਬੰਧਿਤ ਹੋਣ ਕਰਕੇ ਤੱਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਉਤੇ ਦਬਾਅ ਬਣਾ ਕੇ ਰਿਹਾਅ ਕਰਾਉਣ ਅਹਿਮ ਰੋਲ ਨਿਭਾਇਆ ਗਿਆ। ਹਰਜੀਤ ਦੇ ਕਾਤਲ ਚਾਰ ਦੋਸ਼ੀ ਪੁਲਿਸ ਅਫਸਰਾਂ ਨੂੰ ਮੁਆਫੀ ਦਿਵਾਉਣ ਵਾਲੇ ਕੈਪਟਨ  ਅਤੇ ਬਾਦਲਾਂ ਨੂੰ ਬੇਇਨਸਾਫੀ ਲਈ ਬਰਾਬਰ ਦਾ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ  ਰਜਵਾੜਾਸ਼ਾਹੀ ਸ਼ਾਸਕਾਂ ਦਾ ਇਹ ਕਾਰਾ ਨਾ ਸਿਰਫ ਅਣਮਨੁੱਖੀ ਹੈ ਬਲਕਿ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰੀ ਅੱਤਵਾਦ ਦਾ ਸ਼ਿਕਾਰ ਬਣਾਏ ਜਾਣ ਬਰਾਬਰ ਹੈ ਜੋ ਕਿ ਪ੍ਰਮਾਤਮਾ ਦੀ ਕਚਹਿਰੀ ਵਿੱਚ ਨਾ ਬਖਸ਼ੇ ਜਾਣ ਯੋਗ ਗੁਨਾਹ ਹੈ ਖਹਿਰਾ ਜੇਕਰ ਮਨੁੱਖੀ ਜਿੰਦਗੀ ਅਤੇ ਖੁਨ ਦੀ ਕੋਈ ਕੀਮਤ ਨਹੀਂ ਹੈ ਤਾਂ ਵਿਕਾਸ ਆਦਿ ਵਰਗੇ ਸਾਰੇ ਨਾਅਰੇ ਬੇਮਾਅਨੇ ਹਨ।  ਖਹਿਰਾ ਨੇ ਐਲਾਨ ਕੀਤਾ ਕਿ ਤਾਕਤਵਰ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਵੱਲੋਂ ਆਪਣੀ ਕੁਰਸੀ ਦੀ ਦੁਰਵਰਤੋਂ ਕਰਕੇ ਅਤੇ ਸੰਵਿਧਾਨ ਨੂੰ ਤੋੜ ਮਰੋੜ ਕੇ ਦਿੱਤੀ ਗਈ ਇਸ ਅਣਮਨੁੱਖੀ, ਗੈਰਸੰਵਿਧਾਨਕ ਅਤੇ ਗੈਰਕਾਨੂੰਨੀ ਸਜ਼ਾ ਮੁਆਫੀ ਨੂੰ ਹਾਈ ਕੋਰਟ ਵਿੱਚ ਚੁਣੋਤੀ ਦੇਣ ਲਈ ਉਹ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਦੀ ਹਰ ਪ੍ਰਕਾਰ ਦੀ ਮਦਦ ਕਰਨਗੇ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਚਾਰ ਸਜ਼ਾਯਾਫਤਾ ਪੁਲਿਸ ਅਫਸਰਾਂ ਜਿਹਨਾਂ ਵਿੱਚੋਂ ਕਿ ਤਿੰਨ ਉੱਤਰ ਪ੍ਰਦੇਸ਼ ਪੁਲਿਸ ਤੋਂ ਹਨ, ਨੂੰ ਮੁਆਫੀ ਦਿੱਤੇ ਜਾਣ ਸਬੰਧੀ ਆਰ.ਟੀ.ਆਈ ਜਾਣਕਾਰੀ ਰਿਲੀਜ ਕਰਦੇ ਹੋਏ ਸੰਨ 1993 ਵਿੱਚ ਲੁਧਿਆਣਾ ਜਿਲੇ ਦੇ ਪਿੰਡ ਸਹਾਰਨ ਮਾਜਰਾ ਨਿਵਾਸੀ ਅੰਮ੍ਰਿਤਧਾਰੀ ਦਲਿਤ ਸਿੱਖ ਹਰਜੀਤ ਸਿੰਘ ਨੂੰ ਫਰਜੀ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਸਰਕਾਰਾਂ ਨੂੰ ਇਸ ਸ਼ਰੇਆਮ ਕੀਤੀ ਗਈ ਬੇਇਨਸਾਫੀ ਲਈ ਬਰਾਬਰ ਦਾ ਜਿੰਮੇਵਾਰ ਠਹਿਰਾਇਆ। 
ਖਹਿਰਾ ਨੇ ਕਿਹਾ ਕਿ ਆਰ.ਟੀ.ਆਈ ਜਾਣਕਾਰੀ ਅਨੁਸਾਰ 2 ਨਵੰਬਰ 2016 ਨੂੰ ਕਾਤਿਲ ਰਵਿੰਦਰ ਕੁਮਾਰ ਸਿੰਘ ਦੀ ਪਤਨੀ ਮਿਥੀਲੇਸ਼ ਸਿੰਘ ਅਤੇ ਹੋਰਨਾਂ ਨੇ ਗਵਰਨਰ ਨੂੰ ਮੁਆਫੀ ਪਟੀਸ਼ਨ ਜਮਾਂ ਕਰਵਾਈ ਸੀ, ਜਿਸ ਦੀਆਂ ਕਾਪੀਆਂ ਅਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰਸ ਅਤੇ ਜੇਲਾਂ ਨੇ 02 ਨਵੰਬਰ 2016 ਨੂੰ ਡਾਇਰੀ ਨੰ 294 ਅਧੀਨ ਪ੍ਰਾਪਤ ਕੀਤੀਆਂ।
ਖਹਿਰਾ ਨੇ ਕਿਹਾ ਉਹ 02 ਨਵੰਬਰ 2016 ਤੋਂ 21 ਮਈ 2019 ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਦੀ ਵਿਚਲੇ ਜਿਨ੍ਹਾਂ ਕਾਤਿਲਾਂ ਨੂੰ ਅਣਮਨੁੱਖੀ ਅਤੇ ਗਲਤ ਮੁਆਫੀ ਦੀ ਸਿਫਾਰਿਸ਼ ਕੀਤੀ ਸੀ ਜਦਕਿ ਉਹਨਾਂ ਨੇ 1 ਦਸੰਬਰ.2014 ਨੂੰ ਸਪੈਸ਼ਲ ਸੀ.ਬੀ.ਆਈ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿਰਫ ਚਾਰ ਸਾਲ ਅਤੇ ਛੇ ਮਹੀਨੇ ਦੀ ਸਜਾ ਭੁਗਤੀ ਸੀ, ਤੱਕ ਦੇ ਘਟਨਾਕ੍ਰਮ ਦੀ ਮਿਤੀਵਾਰ ਸੂਚੀ ਨਾਲ ਨੱਥੀ ਕਰ ਰਹੇ ਹਨ।ਮ ੁੱਖ ਮੰਤਰੀ ਦੀ ਸਿਫਾਰਿਸ਼ ਉਪਰੰਤ 11 ਜੂਨ.2019 ਨੂੰ ਰਾਜਪਾਲ ਪੰਜਾਬ ਨੇ ਸਜ਼ਾਯਾਫਤਾ ਕਾਤਿਲ ਪੁਲਿਸ ਅਫਸਰਾਂ ਨੂੰ ਅਧਿਕਾਰਤ ਤੋਰ ਉੱਪਰ ਮੁਆਫੀ ਦੇ ਦਿੱਤੀ।
ਖਹਿਰਾ ਨੇ ਕਿਹਾ ਕਿ ਤਰੀਕਾਂ ਅਤੇ ਘਟਨਾਕ੍ਰਮ ਉੱਪਰ ਮਾਰੀ ਡੂੰਘੀ ਨਜਰ ਇਹ ਸਾਫ ਕਰਦੀ ਹੈ ਕਿ ਉਸ ਵੇਲੇ ਦੇ ਡਿਪਟੀ ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਸੁਖਬੀਰ ਬਾਦਲ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਉਸ ਦੇ ਪਿਤਾ  ਬਾਦਲ ਹੀ ਹਨ ਜੋ ਕਿ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੇ ਜਾਣ ਵਾਲੇ ਇਨਸਾਫ ਦੇ ਕਤਲ ਅਤੇ ਬਲਾਤਕਾਰ ਦੇ ਜਿੰਮੇਵਾਰ ਹਨ।
ਖਹਿਰਾ ਨੇ ਕਿਹਾ ਕਿ ਉਹਨਾਂ ਦੇ ਹੀ ਸ਼ਾਸਨ ਦੋਰਾਨ 02 ਨਵੰਬਰ 2016 ਤੋਂ 08 ਮਾਰਚ 2017 ਤੱਕ ਮੂਆਫੀ ਦੀ ਅਰਜੀ ਅੱਗੇ ਤੋਰੀ ਗਈ ਸੀ। ਖਹਿਰਾ ਨੇ ਕਿਹਾ ਕਿ ਹੁਣ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਜੂਨੀਅਰ ਬਾਦਲ ਜੇਕਰ ਇਸ ਮੁਆਫੀ ਦੇ ਅਣਮਨੁੱਖੀ ਕਾਰੇ ਦੇ ਸਹੀ ਮਾਅਨਿਆਂ ਵਿੱਚ ਵਿਰੋਧੀ ਸਨ ਤਾਂ ਉਹ ਗ੍ਰਹਿ ਮੰਤਰੀ ਵਜੋਂ 02 ਦਸੰਬਰ 2016 ਨੂੰ ਹੀ ਫੈਸਲੇ ਦੀ ਕਾਪੀ ਸਮੇਤ ਪ੍ਰਾਪਤ ਹੋਈ ਮੁਆਫੀ ਪਟੀਸ਼ਨ ਨੂੰ ਉਸੇ ਸਮੇਂ ਹੀ ਨਾਂਮਨਜੂਰ ਕਰ ਦਿੰਦੇ। ਇਸ ਦਾ ਅਰਥ ਇਹ ਹੈ ਕਿ ਜੂਨੀਅਰ ਬਾਦਲ ਦੀ ਅਗਵਾਈ ਵਾਲਾ ਗ੍ਰਹਿ ਵਿਭਾਗ ਪੂਰੀ ਤਰਾਂ ਨਾਲ ਤੱਥਾਂ ਤੋਂ ਜਾਣੂ ਸੀ ਜਿਹਨਾਂ ਕਰਕੇ ਕਾਤਿਲ ਪੁਲਿਸ ਅਫਸਰਾਂ ਦੀ ਸਜਾ ਮੁਆਫੀ ਹੋਈ।
ਖਹਿਰਾ ਨੇ ਕਿਹਾ ਕਿ ਮਿਤੀ 15 ਫਰਵਰੀ 2017 ਨੂੰ ਉਸ ਵੇਲੇ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਜੋ ਕਿ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਚਹੇਤਾ ਅਤੇ ਸਾਂਝਾ ਡੀ.ਜੀ.ਪੀ ਸੀ ਜੋ ਕਿ ਹੁਣ  ਮੁੱਖ ਸੂਚਨਾ ਕਮੀਸ਼ਨਰ ਪੰਜਾਬ ਨਾਲ ਨਿਵਾਜਿਆ ਗਿਆ ਹੈ, ਵੱਲੋਂ ਲਿਖਿਆ ਗਿਆ ਪੱਤਰ ਨਿੰਦਣਯੋਗ ਹੈ ਕਿਉਂਕਿ ਇਸ ਦੀ ਭਾਸ਼ਾ ਇੰਨ ਬਿੰਨ ਲਿਖੇ ਜਾਣ ਲਈ ਏ.ਡੀ.ਜੀ.ਪੀ ਜੇਲਾਂ ਨੂੰ ਭੇਜੀ ਗਈ ਸੀ ਜਿਸ ਕਾਰਨ ਕਾਤਿਲ ਪੁਲਿਸ ਕਰਮੀਆਂ ਦੀ ਮੁਆਫੀ ਨੂੰ ਮਨਜੂਰੀ ਮਿਲੀ ਕਿਉਂਕਿ ਹੋਰ ਸਾਰੇ ਅਫਸਰ ਇਸ ਅਣਮਨੁੱਖੀ ਗਲਤੀ ਤੋਂ ਕੰਨੀ ਕਤਰਾ ਰਹੇ ਸਨ। ਖਹਿਰਾ ਨੇ ਕਿਹਾ ਕਿ ਉਸ ਵੇਲੇ ਦੇ ਡੀ.ਜੀ.ਪੀ ਨੇ ਇਸ ਤੱਥ ਨੂੰ ਜਾਣ ਬੁੱਝ ਕੇ ਅਣਗੋਲਿਆ ਕਰ ਦਿੱਤਾ ਕਿ ਸੀ.ਬੀ.ਆਈ ਕੋਰਟ ਨੇ 18 ਸਾਲ ਦੇ ਟਰਾਇਲ ਅਤੇ ਪੁਖਤਾ ਸਬੂਤਾਂ ਤੋਂ ਬਾਅਦ ਇਹਨਾਂ ਕਾਤਿਲ ਪੁਲਿਸ ਕਰਮੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ, ਫਿਰ ਵੀ ਉਸ ਨੇ ਲਿਖਿਆ ਮੁਆਫੀ ਦੀ ਵਕਾਲਤ ਕਰਦਿਆਂ ਹੱਕ ਵਿਚ ਲਿਖਿਆ। ਖਹਿਰਾ ਨੇ ਕਿਹਾ ਕਿ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਕਾਤਿਲਾਂ ਦੇ ਦੁੱਖ ਤਕਲੀਫਾਂ ਨੂੰ ਸਮਝ ਸਕਦੇ ਹਨ ਪਰੰਤੂ ਉਹਨਾਂ ਨੂੰ ਉਸ ਦਲਿਤ ਗਰੀਬ ਪਰਿਵਾਰ ਨਾਲ ਕੋਈ ਹਮਦਰਦੀ ਨਹੀਂ ਸੀ ਜੋ ਕਿ ਦੋ ਸਮੇਂ ਦੀ ਰੋਟੀ ਦਾ ਵੀ ਮੋਹਤਾਜ ਹੈ। ਮ੍ਰਿਤਕ ਦਾ ਪਿਤਾ ਮਹਿੰਦਰ ਸਿੰਘ ਆਪਣੀ ਪੁੱਤਰੀ ਹਰਜੀਤ ਕੋਰ ਨਾਲ ਰਹਿ ਰਿਹਾ ਹੈ ਜੋ ਕਿ ਖੁਦ ਇੱਕ ਦਿਹਾੜੀਦਾਰ ਹੈ।
ਖਹਿਰਾ ਨੇ ਕਿਹਾ ਕਿ ਇਹ ਹੋਰ ਵੀ ਦੁਖਦਾਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਪਿਛਲੇ ਕਾਰਜਕਾਲ ਦੋਰਾਨ 04.ਅਕਤੂਬਰ 2005 ਦੇ ਆਪਣੇ ਸਰਕਾਰੀ ਹੁਕਮਾਂ ਰਾਹੀਂ ਡੀ.ਐਸ.ਪੀ ਜਸਪਾਲ ਅਤੇ ਡੀ.ਐਸ.ਪੀ ਸਵਰਨ ਦਾਸ ਨੂੰ ਵੀ ਗੈਰਕਾਨੂੰਨੀ ਸਜਾ ਮੁਆਫੀ ਦਿੱਤੀ ਸੀ। ਅਤੇ ਐਸ.ਕੇ ਸਿੰਘ ਐਸ.ਪੀ ਆਦਿ ਪੰਜ ਕਾਤਿਲ ਪੁਲਿਸ ਅਫਸਰਾਂ ਨੂੰ ਪੱਛਮੀ ਬੰਗਾਲ ਦੇ ਗਵਰਨਰ ਦੇ ਕਹਿਣ ਉੱਪਰ ਸਜ਼ਾ ਮੁਆਫੀ ਦਿੱਤੀ ਸੀ ਜੋ ਕਿ ਇਸੇ ਪ੍ਰਕਾਰ ਹੀ ਸਿੱਖ ਨੋਜਵਾਨਾਂ ਨੂੰ ਫਰਜੀ ਮੁਕਾਬਲਿਆਂ ਵਿੱਚ ਮਾਰਨ ਦੀ ਉਮਰ ਕੈਦ ਭੁਗਤ ਰਹੇ ਸਨ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਤਾਨਾਸ਼ਾਹੀ ਕਦਮ ਨੂੰ ਮਨੁੱਖਤਾ ਵਿਰੋਧੀ ਅਤੇ ਸਿੱਖ ਵਿਰੋਧੀ ਕਰਾਰ ਦਿੱਤਾ।

Read more