ਸਿੱਖ ਕਤਲੇਆਮ ਲਈ ਕਾਂਗਰਸ ਤੇ ਬੇਇਨਸਾਫ਼ੀ ਲਈ ਭਾਜਪਾ ਵੀ ਬਰਾਬਰ ਜ਼ਿੰਮੇਵਾਰ-ਆਪ

ਅਕਾਲੀ-ਭਾਜਪਾ ਚਾਹੁੰਦੇ ਤਾਂ 10 ਸਾਲਾਂ ਤੋਂ ਵੱਧ ਦੇ ਸ਼ਾਸਨ ਦੌਰਾਨ ਟਾਈਟਲਰ ਸਮੇਤ ਸਾਰੇ ਦੋਸ਼ੀ ਅੰਦਰ ਹੁੰਦੇ

ਹੁਣ ਪੰਜਾਬ ਦੇ ਭਖਵੇਂ ਮੁੱਦਿਆਂ ਤੇ ਵਾਅਦਾ ਖਿਲਾਫੀਆਂ ਤੋਂ ਧਿਆਨ ਨਾ ਭਟਕਾਉਣ ਕਾਂਗਰਸੀ ਤੇ ਅਕਾਲੀ-ਭਾਜਪਾ

ਚੰਡੀਗੜ੍ਹ, 11 ਮਈ 2019

ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਕੀਤੀ ‘ਹੋਇਆ ਤਾਂ ਹੋਇਆ’ ਟਿੱਪਣੀ ਨੂੰ ਪੰਜਾਬ, ਪੰਥ ਅਤੇ ਪੀੜਤਾਂ ਦੇ ਜ਼ਖ਼ਮਾਂ ‘ਤੇ ਦੋਬਾਰਾ ਨਮਕ ਪਾਉਣ ਵਾਲਾ ਗੈਰ-ਜ਼ਰੂਰੀ ਅਤੇ ਗੈਰ ਜਿੰਮੇਵਾਰਨਾ ਬਿਆਨ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਕਾਂਗਰਸੀ ਨੇਤਾ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਅਜਿਹਾ ਸ਼ਰਾਰਤੀ ਬਿਆਨ ਦਾਗਿਆ ਹੈ ਤਾਂ ਕਿ ਲੋਕਾਂ ਦਾ ਧਿਆਨ ਉਨ੍ਹਾਂ ਭਖਵੇਂ ਮੁੱਦਿਆਂ ਅਤੇ ਮੁੱਕਰੇ ਚੋਣ ਵਾਅਦਿਆਂ ਤੋਂ ਭਟਕਾਇਆ ਜਾਵੇ, ਜਿੰਨਾ ਨੂੰ ਲੈ ਕੇ ਲੋਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਉਮੀਦਵਾਰਾਂ ਨੂੰ ਲੋਕ ਸਵਾਲ ਪੁੱਛਣ ਲੱਗੇ ਹਨ ਅਤੇ ਜਵਾਬ ਨਾ ਮਿਲਣ ‘ਤੇ ਕਾਲੀਆਂ ਝੰਡੀਆਂ ਨਾਲ ਪਿੰਡਾਂ ‘ਚੋਂ ਬਾਹਰ ਕੱਢਦੇ ਹਨ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਲਈ ਕਾਂਗਰਸ ਨਾ ਸਿਰਫ਼ ਜ਼ਿੰਮੇਵਾਰ ਸੀ, ਬਲਕਿ ਇਸ ਨਸਲਕੁਸ਼ੀ ਨੂੰ ਯੋਜਨਾਬੱਧ ਢੰਗ ਨਾਲ ਕਰਨ ਲਈ ਸਾਜ਼ਿਸ਼ ਕਰਤਾ ਸੀ।

ਗਾਂਧੀ ਪਰਿਵਾਰ ਇਸ ਖ਼ੂਨੀ ਦਾਗ਼ ਪੁਸ਼ਤ-ਦਰ-ਪੁਸ਼ਤ ਇਸ ਲਈ ਨਹੀਂ ਧੋ ਸਕਦਾ ਕਿਉਂਕਿ ਰਾਜੀਵ ਗਾਂਧੀ ਨੇ ਦਿੱਲੀ ਦੀਆਂ ਸੜਕਾਂ ਤੇ ਮੁਹੱਲਿਆਂ ‘ਚ ਬੇਕਸੂਰ ਸਿੱਖਾਂ ਦੀਆਂ ਚੀਕਾਂ ਦੀ ‘ਵੱਡੇ ਦਰਖ਼ਤ ਦੇ ਡਿੱਗਣ ਨਾਲ ਧਰਤੀ ਹਿੱਲਣ’ ਨਾਲ ਕੀਤੀ। ਬਾਅਦ ‘ਚ ਬਤੌਰ ਪ੍ਰਧਾਨ ਮੰਤਰੀ ਕਾਤਲਾਂ ਨੂੰ ਉੱਚੇ ਅਹੁਦਿਆਂ ਨਾਲ ਨਿਵਾਜਿਆ। ਪੁਲਸ ਅਤੇ ਕਾਨੂੰਨ ਦੇ ਹੱਥ ਬੰਨ੍ਹ ਕੇ ਪੀੜਤਾਂ ਨੂੰ ਸਦਾ ਲਈ ਇਨਸਾਫ਼ ਤੋਂ ਵਾਂਝੇ ਕਰ ਦਿੱਤਾ ਜੋ ਅੱਜ ਵੀ ਇਨਸਾਫ਼ ਲਈ ਭਟਕ ਰਹੇ ਹਨ ਅਤੇ ਟਾਈਟਲਰ ਸਮੇਤ ਸੈਂਕੜੇ ਕਾਤਲ ਲੁਟੇਰੇ ਕਾਨੂੰਨ ਨੂੰ ਠੇਂਗਾ ਦਿਖਾ ਕੇ ਖੁੱਲ੍ਹੇ ਘੁੰਮ ਰਹੇ ਹਨ।

‘ਆਪ’ ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਤੋਂ ਤਾਂ ਇਨਸਾਫ਼ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ, ਪਰੰਤੂ ਅਕਾਲੀ ਦਲ (ਬਾਦਲ) ਦੇ ਗੱਠਜੋੜ ਨਾਲ ਭਾਜਪਾ ਨੇ 1984 ਤੋਂ ਬਾਅਦ 11 ਸਾਲ ਤੋਂ ਵੱਧ ਸਮਾਂ ਕੇਂਦਰ ਦੀ ਸੱਤਾ ਭੋਗੀ ਪਰੰਤੂ 1984 ਦੀ ਸਿੱਖ ਨਸਲਕੁਸ਼ੀ ਦਾ ਇਨਸਾਫ਼ ਨਹੀਂ ਦਿੱਤਾ, ਸਗੋਂ ਇਨਸਾਫ਼ ਦੀ ਲੜਾਈ ‘ਚ ਸਮੇਂ ਸਮੇਂ ‘ਤੇ ਵਿਘਨ ਪਾਇਆ। ਅੱਜ ਸੱਜਣ ਕੁਮਾਰ ਨੂੰ ਅੰਦਰ ਭੇਜਣ ਦਾ ਧੱਕੇ ਨਾਲ ਆਪਣੇ ਸਿਰ ਸਿਹਰਾ ਬੰਨ੍ਹ ਰਹੀ ਭਾਜਪਾ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦੀ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਸੱਜਣ ਕੁਮਾਰ ਨੂੰ ਅੰਦਰ ਭੇਜਣ ਲਈ ਜਗਦੀਸ਼ ਕੌਰ ਦੀ ਦਲੇਰੀ ਅਤੇ ਐਡਵੋਕੇਟ ਐਚ.ਐਸ. ਫੂਲਕਾ ਦੀ ਦਹਾਕਿਆਂ ਬੱਧੀ ਕਾਨੂੰਨੀ ਲੜਾਈ ਅਤੇ ਦ੍ਰਿੜ੍ਹਤਾ ਹੈ।

‘ਆਪ’ ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਾਦਲ ਪਰਿਵਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਦੱਸਣ 11 ਸਾਲਾਂ ਦੇ ਰਾਜ ਭਾਗ ਦੌਰਾਨ ਅਕਾਲੀ-ਭਾਜਪਾ ਨੇ 1984 ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕੋਈ ਮਿਸਾਲੀਆ ਕਦਮ ਕਿਉਂ ਨਹੀਂ ਚੁੱਕਿਆ?

‘ਆਪ’ ਆਗੂਆਂ ਨੇ ਕਿਹਾ ਕਿ ਚੋਣਾਂ ਮੌਕੇ ਸੈਮ ਪਿਤਰੋਦਾ ਦੇ ਗ਼ੌਰ ਜਿੰਮੇਵਾਰਾਨਾ ਬਿਆਨ ‘ਤੇ ਹੀ ਆਪਣੀ ਪੰਜਾਬ ਰੈਲੀ ਕੇਂਦਰਿਤ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸ਼ਾਸਨਕਾਲ ਦੌਰਾਨ 1984 ਦੀ ਪੀੜਤ ਪਰਿਵਾਰ ਅਤੇ ਉਨ੍ਹਾਂ ਨਾਲ ਹੁੰਦੀਆਂ ਬੇਇਨਸਾਫ਼ੀਆਂ ਕਿਉਂ ਨਹੀਂ ਨਜ਼ਰ ਆਈਆਂ?

ਇਸ ਲਈ ਪੰਜਾਬ ਦੇ ਲੋਕਾਂ ਨੂੰ ਭਾਵਨਾਵਾਂ ਦੇ ਵਹਾਅ ‘ਚ ਗੁੰਮਰਾਹ ਕਰਨ ਦੀ ਥਾਂ ਲੋਕਾਂ ਦੇ ਉਨ੍ਹਾਂ ਮੁੱਦਿਆਂ ਅਤੇ ਮੁੱਕਰੇ ਵਾਅਦਿਆਂ ਦੀ ਗੱਲ ਕਰੋ, ਜਿੰਨਾ ਨੂੰ ਲੈ ਕੇ ਕਾਂਗਰਸੀਆਂ ਵਾਂਗ ਅਕਾਲੀਆਂ-ਭਾਜਪਾਈਆਂ ਨੂੰ ਲੋਕ ਕਚਹਿਰੀ ‘ਚ ਲੋਕਾਂ ਸਾਹਮਣੇ ਭੱਜਣ ਨੂੰ ਰਾਹ ਨਹੀਂ ਲੱਭਦਾ।

Read more