ਸਿੱਖਿਆ ਮੰਤਰੀ ਅੱਜ ਜਾਰੀ ਕਰਨਗੇ ਨਵੀਂ ਤਬਾਦਲਾ ਨੀਤੀ 2019 –ਬਦਲੀਆਂ ‘ਚ ਨਹੀਂ ਚੱਲੇਗੀ ਹੁਣ ਕਿਸੇ ਮੰਤਰੀ ਜਾਂ ਸੰਤਰੀ ਦੀ ਸਿਫਾਰਿਸ਼-

 

-ਚੰਗੇ ਨਤੀਜਿਆਂ ਤੇ ਕਾਰਗੁਜ਼ਾਰੀ ਵਾਲੇ ਅਧਿਆਪਕ ਹੀ ਹੋਇਆ ਕਰਨਗੇ ਯੋਗ

-ਅਧਿਆਪਕਾਂ ਦੀਆਂ ਬਦਲੀਆਂ ਤੋਂ ਖਹਿੜਾ ਛੁਡਾਏਗੀ ਕੈਪਟਨ ਸਰਕਾਰ

ਚੰਡੀਗੜ੍ਹ, 24 ਜੂਨ
ਅਧਿਆਪਕਾਂ ਦੀਆਂ ਬਦਲੀਆਂ ਦੇ ਚੱਕਰਵਿਊ ਤੋਂ ਖਹਿੜਾ ਛੁਡਾਉਣ ਲਈ ਕੈਪਟਨ ਸਰਕਾਰ ਨਵੀਂ ਪਹਿਲਕਦਮੀ ਕਰਨ ਜਾ ਰਹੀ ਹੈ। ਜਿਸ ਦੇ ਤਹਿਤ ਅਧਿਆਪਕਾਂ ਦੀਆਂ ਬਦਲੀਆਂ ਦਾ ਸਾਰਾ ਕੰਮ ਆਨਲਾਈਨ ਅਤੇ ਬਿਨ੍ਹਾਂ ਕਿਸੇ ਲੀਡਰ, ਮੰਤਰੀ ਜਾਂ ਸੰਤਰੀ ਦੀ ਸਿਫਾਰਿਸ਼ ਤੋਂ ਮੈਰਿਟ ਅਤੇ ਅਧਿਆਪਕਾਂ ਦੀ ਸਲਾਨਾ ਕਾਰਗੁਜ਼ਾਰੀ ਦੇ ਆਧਾਰ ਉਤੇ ਹੋਇਆ ਕਰੇਗੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ 2019 ਦੀ ਤਬਾਦਲਾ ਨੀਤੀ ਜਾਰੀ ਕੀਤੀ ਜਾਵੇਗੀ।
ਬਦਲੀਆਂ ਨੂੰ ਲੈ ਕੇ ਅਕਸਰ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਸਿੱਖਿਆ ਵਿਭਾਗ ਵਲੋਂ ਬਣਾਈ ਗਈ ਨਵੀਂ ਤਬਾਦਲਾ  ਨੀਤੀ ਦੇ ਤਹਿਤ ਹੁਣ ਵਿਭਾਗ ਵਲੋਂ ਆਨਲਾਈਨ ਸਾਫਟਵੇਅਰ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਅਧਿਆਪਕਾਂ ਨੂੰ ਬਦਲੀ ਲਈ ਅਪਲਾਈ ਕਰਨਾ  ਹੋਇਆ ਕਰੇਗਾ। ਪਾਲਿਸੀ ਦੇ ਮਾਪਦੰਡ ਪੂਰੀ ਕਰਨ ਵਾਲੇ ਅਧਿਆਪਕ ਹੀ ਬਦਲੀ ਲਈ ਅਪਲਾਈ ਕਰ ਸਕਿਆ ਕਰਨਗੇ। ਇਸ ਸਬੰਧੀ ਜਦੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਵੀਂ ਤਬਾਦਲਾ ਪਾਲਿਸੀ ਜਲਦ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਲ੍ਹ ਨੂੰ ਪ੍ਰੈਸ ਕਾਨਫਰੰਸ ਕਰਕੇ ਉਹ ਪਾਲਿਸੀ ਸਬੰਧੀ ਮੀਡੀਆ ਨੂੰ ਜਾਣਕਾਰੀ ਦੇਣਗੇ।   
ਨਵੀਂ ਤਬਾਦਲਾ ਨੀਤੀ ਦੇ ਤਹਿਤ ਹੁਣ ਅਧਿਆਪਕਾਂ ਦੀਆਂ ਬਦਲੀਆਂ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼, ਅਫਸਰਸ਼ਾਹੀ, ਲੀਡਰ ਦੀ ਸਿਫਾਰਿਸ਼ ਨਹੀਂ ਚੱਲਿਆ ਕਰੇਗੀ ਸਗੋਂ ਮੈਰਿਟ ਅਤੇ ਕਾਰਗੁਜ਼ਾਰੀ ਦੇ ਆਧਾਰ ਉਤੇ ਆਨਲਾਈਨ ਬਦਲੀਆਂ ਹੋਇਆ ਕਰਨਗੀਆਂ।ਜਿਸ ਅਧਿਆਪਕ ਦਾ ਰਿਕਾਰਡ ਸਾਫ ਸੁਥਰਾ ਅਤੇ ਰਿਜ਼ਲਟ ਵਧੀਆ ਹੋਇਆ ਕਰੇਗਾ ਉਹ ਅਧਿਆਪਕ ਹੀ ਬਦਲੀ ਲਈ ਆਨਲਾਈਨ ਅਪਲਾਈ ਕਰ ਸਕਿਆ ਕਰਨਗੇ। 
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਸਲਾਹ ਮਸ਼ਵਰਾ ਕਰਕੇ ਤਬਾਦਲਾ ਨੀਤੀ 2019 ਵਾਲੀ ਫਾਈਲ ਕਲੀਅਰ ਕਰ ਦਿੱਤੀ ਹੈ।  ਨਵੀਂ ਤਬਾਦਲਾ ਨੀਤੀ 2019 ਦੇ ਤਹਿਤ ਅਧਿਆਪਕਾਂ ਦੀ ਬਦਲੀਆਂ ਲਈ ਆਨਲਾਈਨ ਪ੍ਰੀਕ੍ਰਿਆ ਅਪਨਾਈ ਜਾਵੇਗੀ। ਬਦਲੀ ਲਈ ਉਹੀ ਅਧਿਆਪਕ ਅਪਲਾਈ ਕਰ ਸਕਿਆ ਕਰਨਗੇ ਜੋ ਕਾਰਗੁਜ਼ਾਰੀ ਦੀ ਆਧਾਰ ਉਤੇ ਸ਼ਰਤਾਂ/ਮਾਪਦੰਡ ਪੂਰੀਆਂ ਕਰਦੇ ਹੋਇਆ ਕਰਨਗੇ। ਬਦਲੀ ਉਸੇ ਅਧਿਆਪਕ ਦੀ ਹੋਇਆ ਕਰੇਗੀ ਜੋ ਸਿੱਖਿਆ ਨੀਤੀ ਵਿਚ ਦਰਸਾਏ ਮਾਪਦੰਡਾਂ ਦੇ ਮੁਤਾਬਕ ਯੋਗ ਹੋਇਆ ਕਰੇਗਾ।
ਨਵੀਂ ਤਬਾਦਲਾ ਨੀਤੀ ਤਹਿਤ ਕੈਂਸਰ ਸਮੇਤ ਗੰਭੀਰ ਬਿਮਾਰੀਆਂ ਤੋਂ ਪੀੜਿਤ ਅਧਿਆਪਕਾਂ ਲਈ ਨਿਯਮਾਂ ਵਿਚ ਢਿੱਲ ਦਿੱਤੀ ਗਈ ਹੈ। ਪ੍ਰੰਤੂ ਦੂਜੇ ਅਧਿਆਪਕਾਂ ਲਈ ਕਾਰਗੁਜ਼ਾਰੀ ਦੇ ਮਾਪਦੰਡ ਨਿਰਧਾਰਿਤ ਕੀਤੀ ਗਏ ਹਨ। ਅਧਿਆਪਕ ਦੀਆਂ ਪਿਛਲੀਆਂ ਸਲਾਨਾ ਕਾਰਗੁਜ਼ਾਰੀ ਰਿਪੋਰਟਾਂ ਵੇਖੀਆਂ ਜਾਇਆ ਕਰਨਗੀਆਂ। ਆਨਲਾਈਨ ਤਬਾਦਲਾ ਪੋਰਟਲ ਉਤੇ ਸਾਰੇ ਮਾਪਦੰਡ ਅਪਲਾਈ ਫਾਰਮ ਵਿਚ ਦਰਸਾਏ ਜਾਣਗੇ ਜਿਨ੍ਹਾਂ ਨੂੰ ਬਦਲੀ ਸਬੰਧੀ ਬਿਨੈ ਪੱਤਰ ਦਿੰਦੇ ਸਮੇਂ ਅਧਿਆਪਕ ਵਲੋਂ ਖੁਦ ਵਿਭਾਗ ਤੋਂ ਤਸਦੀਕ ਕਰਵਾ ਕੇ ਐਪਲੀਕੇਸ਼ਨ ਦੇ ਨਾਲ ਅੱਪਲੋਡ ਕਰਨਾ ਹੋਇਆ ਕਰੇਗਾ। ਜਿਹੜੇ ਅਧਿਆਪਕਾਂ ਦੇ ਨਤੀਜੇ ਮਾੜੇ ਹੋਇਆ ਕਰਨਗੇ ਉਹ ਬਦਲੀ ਕਰਾਉਣ ਦੇ ਯੋਗ ਨਹੀਂ ਹੋਇਆ ਕਰਨਗੇ। ਪੜ੍ਹੋ ਪੰਜਾਬ ਪ੍ਰੋਜੈਕਟ, ਵਿਸ਼ਾ ਵਾਈਜ ਨਤੀਜੇ, ਚੰਗਾ ਵਿਵਹਾਰ, ਸਕੂਲਾਂ ਵਿਚ ਹਾਜ਼ਰੀ, ਸਿੱਖਿਆ ਵਿਭਾਗ ਦੀਆਂ ਸਕੀਮਾਂ ਨੂੰ ਲਾਗੂ ਕਰਨ ਦੇ ਨਤੀਜੇ, ਤਿੰਨ ਸਾਲ ਤੱਕ ਇਕੋ ਸਟੇਸ਼ਨ ਉਤੇ ਸੇਵਾ ਨਿਭਾਉਣ ਆਦਿ ਸਮੇਤ 2 ਦਰਜਨ ਦੇ ਕਰੀਬ ਮਾਪਦੰਡ ਨਵੀਂ ਤਬਾਦਲਾ ਨੀਤੀ ਵਿਚ ਸ਼ਾਮਲ ਕੀਤੇ ਗਏ ਹਨ। 
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਵਿਭਾਗ ਦੀ ਤਰਜ਼ ਉਤੇ ਦੂਜੇ ਵਿਭਾਗਾਂ ਨੂੰ ਵੀ ਤਬਾਦਲਾ ਨੀਤੀਆਂ ਬਣਾਉਣ ਲਈ ਕਿਹਾ ਹੈ ਤਾਂ ਕਿ ਤਬਾਦਲੇ ਪਾਰਦਰਸ਼ੀ ਤੇ ਮੈਰਿਟ ਦੇ ਆਧਾਰ ਉਤੇ ਹੋਣੇ ਯਕੀਨੀ ਬਣਾਏ ਜਾ ਸਕਣ। 
ਸਿੱਖਿਆ ਵਿਭਾਗ ਦੀ ਨਵੀਂ ਤਬਾਦਲਾ ਨੀਤੀ ਸੂਬੇ ਵਿਚ ਸਿੱਖਿਆ ਸੁਧਾਰਾਂ ਦੇ ਏਜੰਡੇ ਨੂੰ ਮੁੱਖ ਰੱਖ ਕੇ ਬਣਾਈ ਗਈ ਹੋਣ ਦਾ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ।

Read more