ਸਿੱਖਿਆ ਮੰਤਰੀ ਅੜ੍ਹਿਆ, ਅਧਿਆਪਕ ਵੀ ਮੋਰਚੇ ‘ਤੇ ਡਟੇ–ਕ੍ਰਿਸ਼ਨ ਕੁਮਾਰ ਨੂੰ ਸਖ਼ਤੀ ਕਰਨ ਦੇ ਕੀਤੇ ਹੁਕਮ

-ਧਰਨਾਕਾਰੀ ਅਧਿਆਪਕ ਦੀਆਂ ਸੂਚੀਆਂ ਤਿਆਰ
ਚੰਡੀਗੜ੍ਹ, 15 ਅਕਤੂਬਰ
8886 ਸਰਵ ਸਿੱਖਿਆ ਅਭਿਆਨ-ਰਮਸਾ ਅਧਿਆਪਕਾਂ  ਅਤੇ ਸਿੱਖਿਆ ਮੰਤਰੀ ਵਿਚਕਾਰ ਟਕਰਾਅ ਲਗਾਤਾਰ ਵੱਧ ਰਿਹਾ ਹੈ। ਇੱਕ ਪਾਸੇ ਜਿੱਥੇ ਮੰਤਰੀ ਆਪਣੇ ਸਟੈਂਡ ਉਤੇ ਅੜ੍ਹਿਆ ਹੋਇਆ ਹੈ ਉਥੇ ਹੀ ਦੂਜੇ ਪਾਸੇ ਅਧਿਆਪਕ ਵੀ ਮਰਨ ਵਰਤ ਮੋਰਚੇ ਉਤੇ ਡਟੇ ਹੋਏ ਹਨ। ਸਿੱਖਿਆ ਮੰਤਰੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕਿਹਾ ਹੈ ਕਿ ਉਹ ਸਕੂਲਾਂ ‘ਚੋਂ ਗੈਰਹਾਜ਼ਰ ਚੱਲ ਰਹੇ ਅਧਿਆਪਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ।

ਮਰਨ ਵਰਤ ਉਤੇ ਬੈਠੇ ਅਧਿਆਪਕਾਂ ‘ਚ ਮਹਿਲਾ ਅਧਿਆਪਕਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਹਾਲਾਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਸਿੱਖਿਆ ਮੰਤਰੀ ਲਗਾਤਾਰ ਕਹਿ ਰਹੇ ਹਨ ਕਿ ਅਧਿਆਪਕ ਮਰਨ ਵਰਤ ਛੱਡ ਕੇ ਸਕੂਲਾਂ ‘ਚ ਪਰਤ ਆਉਣ ਨਹੀਂ ਤਾਂ ਸਰਕਾਰ ਉਨ੍ਹਾਂ ਦੀ ਛੁੱਟੀ ਕਰ ਦੇਵੇਗੀ। 
ਉਧਰ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਅਧਿਆਪਕਾਂ ਦੇ ਮੁੱਦੇ ਉਤੇ 1 ਘੰਟਾ ਮੀਟਿੰਗ ਕੀਤੀ। ਮੀਟਿੰਗ ‘ਚ ਸਿੱਖਿਆ ਮੰਤਰੀ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਕਈ ਅਧਿਕਾਰੀ ਵੀ ਸ਼ਾਮਲ ਸਨ। ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਸਾਹਮਣੇ ਪੱਖ ਰੱਖਿਆ ਕਿ ਜੇਕਰ ਸਰਕਾਰ ਨੇ ਐਸਐਸਏ ਤੇ ਰਮਸਾ 8886 ਅਧਿਆਪਕਾਂ ਅੱਗੇ ਝੁਕ ਕੇ ਫੈਸਲਾ ਬਦਲਿਆ ਤਾਂ ਦੂਜੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਵੀ ਸਰਕਾਰ ਦੇ ਗਲ਼ ਵਿਚ ਗੂੰਠਾ ਦੇਣ ਤੋਂ ਪਿੱਛੇ ਨਹੀਂ ਹਟਣਗੇ। ਮੰਤਰੀ ਨੇ ਮੁੱਖ ਮੰਤਰੀ ਅੱਗੇ ਆਪਣਾ ਤਰਕ ਰੱਖਦਿਆਂ ਕਿਹਾ ਕਿ ਪਟਿਆਲਾ ‘ਚ ਧਰਨਾ ਲਾਈ ਬੈਠੇ ਅਧਿਆਪਕਾਂ ਦੀਆਂ ਯੂਨੀਅਨਾਂ ਨਾਲ ਪੱਕੇ ਕਰਨ ਦੇ ਫੈਸਲੇ ਤੋਂ ਪਹਿਲਾਂ ਕਈ ਮੀਟਿੰਗ ਹੋਈਆਂ ਸਨ ਅਤੇ ਉਨ੍ਹਾਂ ਨੇ ਖੁਦ 15300 ਰੁਪਏ ਉਤੇ ਹਾਮੀ ਭਰੀ ਪ੍ਰੰਤੂ ਫੈਸਲਾ ਹੋਣ ਜਾਣ ਤੋਂ ਬਾਅਦ ਇਹ ਆਪਣੇ ਸਟੈਂਡ ਤੋਂ ਪਲਟ ਕੇ ਸਰਕਾਰ ਨੂੰ ‘ਬਲੈਕਮੇਲ’ ਕਰਨ ‘ਚ ਲੱਗੇ ਹੋਏ ਹਨ। ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੱਕੇ ਹੋਣ ਜਾਂ ਨਾ ਹੋਣ ਦਾ ਫੈਸਲਾ ਅਧਿਆਪਕਾਂ ਨੇ ਕਰਨਾ ਹੈ ਅਤੇ ਜੇਕਰ ਉਹ ਪੱਕੇ ਨਹੀਂ ਹੋਣਾ ਚਾਹੁੰਦੇ ਤਾਂ ਪਹਿਲਾਂ ਵਾਲੀ ਤਨਖਾਹ ਉਤੇ ਸੁਸਾਇਟੀਆਂ ਵਿਚ ਕੰਮ ਕਰਦੇ ਰਹਿਣ।  
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਹੁਕਮ ਦਿੱਤੇ ਕਿ ਉਹ ਅਧਿਆਪਕ ਆਗੂਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣੂੰ ਕਰਵਾਉਣ। ਇਸ ਉਤੇ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਅਧਿਆਪਕ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹਨ ਅਤੇ ਪੂਰੀ ਤਨਖਾਹ ਉਤੇ ਪੱਕੇ ਕਰਨ ਦੀ ਮੰਗ ‘ਤੇ ਅੜ੍ਹੇ ਹੋਏ ਹਨ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਵਿਧਾਨ ਸਭਾ ਦੇ ਸਰਦ ਰੁੱਤ ਸਮਾਗਮ ਵਿਚ ਸਾਰੇ ਵਿਭਾਗਾਂ ਦੇ ਕੱਚੇ 40 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਬਿੱਲ ਲਿਆ ਕੇ ਫੈਸਲਾ ਕੀਤਾ ਜਾਵੇਗਾ।

ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਨੂੰ ਨੋਟਿਸ ਜਾਰੀ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਸਕੂਲਾਂ ‘ਚੋਂ ਗੈਰਹਾਜ਼ਰ ਚੱਲ ਰਹੇ ਅਤੇ ਧਰਨੇ ਉਤੇ ਬੈਠੇ ਅਧਿਆਪਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ। ਪਹਿਲਾਂ ਨੋਟਿਸ ਜਾਰੀ ਕੀਤੇ ਜਾਣ ਅਤੇ ਫੇਰ ਮੁਅੱਤਲ ਕੀਤਾ ਜਾਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ ਵਲੋਂ ਕੀਤੇ ਗਈ ਸਖ਼ਤ ਤੋਂ ਬਾਅਦ ਸੂਬੇ ‘ਚ ਤਿੰਨ ਦਰਜਨ ਦੇ ਕਰੀਬ ਅਧਿਆਪਕਾਂ ਨੂੰ ਮੁਅੱਤਲ ਅਤੇ 400 ਦੇ ਕਰੀਬ ਨੂੰ ਨੋਟਿਸ ਭੇਜਣ ਦੀ ਕਾਰਵਾਈ ਕੀਤੀ ਗਈ ਹੈ।  

ਕੀ ਕਹਿਣਾ ਹੈ ਸਿੱਖਿਆ ਮੰਤਰੀ ਦਾ
ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਕਹਿਣਾ ਹੈ ਕਿ ਅਧਿਆਪਕ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕਰਨ ਅਤੇ ਸਕੂਲਾਂ ‘ਚ ਹਾਜ਼ਰ ਹੋਣ। ਮੰਤਰੀ ਦਾ ਕਹਿਣਾ ਹੈ ਕਿ ਅਧਿਆਪਕਾਂ ਜੇਕਰ ਨਵੇਂ ਫੈਸਲੇ ਮੁਤਾਬਕ ਪੱਕੇ ਨਹੀਂ ਹੋਣਾ  ਚਾਹੁੰਦੇ ਤਾਂ ਨਾ ਹੋਣ ਅਤੇ ਪਹਿਲਾਂ ਮਿਲਦੀ ਪੂਰੀ ਤਨਖਾਹ ਉਤੇ ਕੰਮ ਕਰਦੇ ਰਹਿਣ, ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ ਵਾਲੇ ਅਧਿਆਪਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Read more