ਸਿੱਖਾਂ ਦੀ ਸੁਰੱਖਿਆ ਪ੍ਰਤੀ ਜਥੇਦਾਰ ਦਾ ਤੌਖਲਾ ਗੈਰ ਵਾਜਬ ਨਹੀਂ : ਸਿੱਖਾਂ ‘ਚ ਬੇਗਾਨਗੀ ਤੇ ਸਹਿਮ ਦਾ ਅਹਿਸਾਸ ਮੁਲਕ ਦੇ ਹਿਤ ‘ਚ ਨਹੀਂ ਹੋਵੇਗਾ ।

– ਪ੍ਰੋ: ਸਰਚਾਂਦ ਸਿੰਘ——–

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਅਤੇ ਭਾਰਤ ‘ਚ ਸਿੱਖਾਂ ਦੇ ਮਹਿਫ਼ੂਜ਼ ਨਾ ਹੋਣ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰਗਟ ਕੀਤੇ ਗਏ ਖ਼ਦਸ਼ੇ ਨੂੰ ਆਪਣੇ ਸਿਆਸੀ ਵਿਰੋਧੀਆਂ ‘ਤੇ ਨਿਸ਼ਾਨਾ ਸਾਧਨ ਲਈ ਇਕ ਟੂਲ ਵਜੋਂ ਲਿਆ ਜਾਣਾ ਬੜਾ ਹੀ ਅਫ਼ਸੋਸਨਾਕ ਹੈ।  ਬਤੌਰ ਇਕ ਤਾਕਤਵਰ ਸਿੱਖ ਹੋਣ ਨਾਤੇ ਹਰੇਕ ਸਿਖ ਨੂੰ ਕੈਪਟਨ ਸਾਹਿਬ ਤੋਂ ਸਿੰਘ ਸਾਹਿਬ ਦੇ ਤੌਖਲੇ ਪ੍ਰਤੀ ਸੰਜੀਦਗੀ ਦੀ ਤਵੱਕੋ ਸੀ।  ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤੌਖਲਾ ਗੈਰ ਵਾਜਬ ਨਾ ਹੋ ਕੇ ਅਤੀਤ ਦੌਰਾਨ ਘੱਟ-ਗਿਣਤੀ ਸਿੱਖ ਕੌਮ ਨਾਲ ਹੋਈਆਂ ਬੀਤੀਆਂ ਵਰਤਾਰਿਆਂ ਤੇ ਚੁਨੌਤੀਆਂ ਪ੍ਰਤੀ ਗਹਿਰੇ ਸਰੋਕਾਰ ਦੀ ਉਪਜ ਸੀ। ਆਪਣੀ ਕੌਮ ਦੀ ਸੁਰੱਖਿਆ ਯਕੀਨੀ ਬਣਾਉਣਾ ਜਥੇਦਾਰ ਦੀ ਜ਼ਿੰਮੇਵਾਰੀ ਦਾ ਹਿੱਸਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬੇਸ਼ੱਕ ਪਾਕਿਸਤਾਨ ਦੇ ਉਲਟ ਭਾਰਤ ਨੂੰ ਇਕ ਨਿਰਪੱਖ ਰਾਸ਼ਟਰ ਹੋਣ ਅਤੇ ਇੱਥੇ ਧਾਰਮਿਕ ਆਧਾਰ ‘ਤੇ ਕੋਈ ਵਿਤਕਰੇਬਾਜ਼ੀ ਨਾ ਹੋਣ ਦੀ ਗਲ ਕੀਤੀ ਹੈ ਜਿਸ ਦੀ ‘ਸਚਾਈ’ ਬਾਰੇ ਕਿਸੇ ਨੂੰ ਕੋਈ ‘ਭੁਲੇਖਾ’ ਨਹੀਂ।  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗਲ ਕਰੀਏ ਤਾਂ ਉਹ ਪੰਥ ਦੀਆਂ ਸਮੂਹ ਸੰਪਰਦਾਵਾਂ ਜਥੇਬੰਦੀਆਂ ਅਤੇ ਵਿਚਾਰਧਾਰਾਵਾਂ ਨੂੰ ਇਕੱਤਰ ਕਰਦਿਆਂ ਕੌਮੀ ਲੀਡਰਸ਼ਿਪ ਦੇ ਖ਼ਲਾਅ ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਪ੍ਰਤੀਤ ਹੁੰਦਾ ਹੈ।  ਆਲਮੀ ਪ੍ਰਸੰਗ ‘ਚ ਤਖਤ ਸਾਹਿਬ ਦੀ ਵਿਸ਼ਵਾਸ ਯੋਗਤਾ ਬਹਾਲ ਕਰਨ ਤੋਂ ਇਲਾਵਾ ਇਸ ਦੀ ਆਜ਼ਾਦ ਅਤੇ ਠੋਸ ਭੂਮਿਕਾ ਪ੍ਰਤੀ ਉਸ ਵੱਲੋਂ ਵੱਖ ਵੱਖ ਸਮਿਆਂ ਦੌਰਾਨ ਜਾਰੀ ਸੰਦੇਸ਼, ਬਿਆਨਾਂ, ਸਿਖਾਂ ਨੂੰ ਇਕ ਮੁੱਠ ਇੱਕਜੁੱਟ ਹੋਣ ਦੀਆਂ ਅਪੀਲਾਂ ਅਤੇ ਸੈਮੀਨਾਰਾਂ ‘ਚ ਕੌਮ ਦੇ ਹਿਤਾਂ ਲਈ ਦਿਤਾ ਜਾ ਰਿਹਾ ਹੋਕਾ ਅਤੇ ਬੇਬਾਕ ਭੂਮਿਕਾ ਉਸ ਦੀ ਕਾਬਲੀਅਤ, ਕੌਮੀ ਭਾਵਨਾ ਅਤੇ ਸੰਜੀਦਗੀ ਨੂੰ ਦਰਸਾ ਰਿਹਾ ਹੈ। ਮੌਜੂਦਾ ਸਮੇਂ ਕੌਮ ‘ਚ ਬੌਧਿਕ ਪੇਤਲਾਪਣ ਦੇ ਚੱਲਦਿਆਂ ਬਤੌਰ ਜਥੇਦਾਰ ਕੌਮ ਦੇ ਚੰਗੇਰੀ ਭਵਿਖ ਲਈ ਅਤੀਤ ਤੇ ਵਰਤਮਾਨ ਦਾ ਮੁਤਾਲਿਆ ਕਰਦਿਆਂ ਕੌਮੀ ਇੱਛਾਵਾਂ ਅਕਾਂਖਿਆਵਾਂ ਦੀ ਪੂਰਤੀ ਲਈ ਠੋਸ ਅਤੇ ਸਹੀ ਦਿਸ਼ਾ ਤੈਅ ਕਰਨ ਦੀ ਉਨ੍ਹਾਂ ‘ਤੇ ਭਾਰੀ ਜ਼ਿੰਮੇਵਾਰੀ ਹੈ। ਅਤੀਤ ਦੌਰਾਨ ਆਪਣਿਆਂ ਤੋਂ ਮਿਲੇ ਵਿਸ਼ਵਾਸਘਾਤ, ਬੇਇਨਸਾਫ਼ੀਆਂ ਅਤੇ ਨਾਗਵਾਰ ਪ੍ਰਸਥਿਤੀਆਂ ਦੇ ਸਨਮੁਖ ਉਨ੍ਹਾਂ ਨੂੰ ਦੇਸ਼ ਵਿਦੇਸ਼ ‘ਚ ਵੱਸ ਰਹੀ ਸਿਖਾਂ ਦੀ ਸੁਰੱਖਿਆ ਪ੍ਰਤੀ ਚਿੰਤਾ ਅਤੇ ਕਿਸੇ ਤਰਫ਼ੋਂ ਵੀ ਇਨਸਾਫ਼ ਦੀ ਕਿਰਨ ਨਜ਼ਰ ਨਾ ਆਉਣ ਦਾ ਤੌਖਲਾ ਕੁਦਰਤੀ ਹੈ। ਆਲੇ ਦੁਆਲੇ ਝਾਤ ਮਾਰ ਕੇ ਦੇਖੋ ਤਾਂ ਨਜ਼ਰ ਆਵੇਗਾ ਕਿ ਸਿੱਖੀ ਅਤੇ ਸਿੱਖੀ ਧਾਰਨ ਕਰਨ ਵਾਲੇ ਸਿੱਖ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈ। ਵਿਰੋਧ ਦੇ ਚੱਲਦਿਆਂ ਕਈ ਘਟਨਾਵਾਂ ਵਾਪਰੀਆਂ ਅਤੇ ਖ਼ਦਸ਼ਾ ਹੈ ਕਿ ਕੁੱਝ ਵੀ ਹੋ ਸਕਦਾ ਹੈ।  ਪਾਕਿਸਤਾਨ ਦੇ ਪਿਸ਼ਾਵਰ ‘ਚ ਸਿੱਖੀ ਧਾਰਨ ਕਰਨ ਵਾਲੇ ਨੌਜਵਾਨ ਦੀ ਹਤਿਆ ਅਤੇ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਕੀਤੀ ਗਈ ਹੁੱਲੜਬਾਜ਼ੀ ਨਾਲ ਉੱਥੋਂ ਦੀ ਸਿੱਖ ਭਾਈਚਾਰੇ ‘ਚ ਸਹਿਮ ਦਾ ਮਾਹੌਲ ਹੈ ਤਾਂ ਇੱਧਰ ਵੀ ਕੋਈ ਘਟ ਨਹੀਂ ਗੁਜ਼ਾਰ ਰਿਹਾ। ਮੱਧ ਪ੍ਰਦੇਸ਼, ਸਿਲਾਂਗ ਅਤੇ ਗੁਜਰਾਤ ਦੇ ਕਛ ਇਲਾਕੇ ਦੇ ਸਿਖਾਂ ‘ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ ਤਾਂ ਯੂ ਪੀ ‘ਚ ਨਗਰ-ਕੀਰਤਨ ਕੱਢ ਰਹੇ ਸਿਖਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।  ਮੱਧ ਪ੍ਰਦੇਸ਼ ‘ਚ ਸਰਕਾਰ ਵੱਲੋਂ ਸਿਕਲੀਗਰ ਸਿਖ ਭਾਈਚਾਰੇ ਉੱਤੇ ਵਾਰ ਵਾਰ ਅਣਮਨੁੱਖੀ ਅੱਤਿਆਚਾਰ ਦੀਆਂ ਖ਼ਬਰਾਂ ਹਨ ਤਾਂ ਕਈ ਥਾਂਈ ਗੁਰਧਾਮਾਂ ਦੇ ਨਾਮੋ ਨਿਸ਼ਾਨ ਮਿਟਾਉਣ ਦਾ ਸਿਲਸਿਲਾ ਸ਼ੁਰੂ ਹੈ। ਗੁਰੂ ਨਾਨਕ ਦੇਵ ਜੀ ਦੀ ਯਾਦ ਨਾਲ ਸੰਬੰਧਿਤ ਹਰਿਦੁਆਰ ਦੇ ਹਰ ਕੀ ਪੌੜੀ ਵਿਖੇ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਅਤੇ ਸਿੱਕਮ ‘ਚ ਸਥਿਤ ਗੁਰਦਵਾਰਾ ਗੁਰੂ ਡਾਂਗਮਾਰ ਸਾਹਿਬ ਦਾ ਮਾਮਲਾ ਹੱਲ ਨਹੀਂ ਹੋਇਆ ਕਿ ਉੜੀਸਾ ਵਿਚ ਮੰਗੂ ਮੱਠ ਨੂੰ ਉਖਾੜ ਦੇਣ ਆਦਿ ਉਦਾਹਰਨਾਂ ਸਾਡੇ ਸਾਹਮਣੇ ਹਨ। ਇਹ ਵਿਰੋਧ ਅੱਜ ਹੀ ਨਹੀਂ ਸਗੋਂ ਉਦੋਂ ਤੋਂ ਹੀ ਸ਼ੁਰੂ ਹਨ ਜਦ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਹੋਕਾ ਦੇਣ ਦਾ ਆਗਾਜ਼ ਕੀਤਾ। ਜਨਤਾ ਸੁਚੇਤ ਹੋਣ ਲਗਾ ਤਾਂ ਉਹ ਲੋਕ ( ਲੁਟੇਰੀ ਜਮਾਤ) ਜੋ ਨਹੀਂ ਚਾਹੁੰਦੇ ਕਿ ਜਨਤਾ ਜਾਗੇ, ਉਨ੍ਹਾਂ ਗੁਰੂ ਸਾਹਿਬ ਦਾ ਵਿਰੋਧ ਸ਼ੁਰੂ ਕਰ ਲਿਆ। ਜਨਤਾ ਅਤੇ ਸਿੱਖੀ ਧਾਰਨ ਕਰਨ ਵਾਲਿਆਂ ਦਾ ਸਰੀਰਕ, ਆਰਥਿਕ ਤੇ ਭਾਵਨਾਤਮਕ ਸ਼ੋਸ਼ਣ ਦੇ ਚੱਲਦਿਆਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀਂ ‘ਤੇ ਬੈਠਣਾ ਪਿਆ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ, ਚਾਰ ਸਾਹਿਬਜ਼ਾਦਿਆਂ ਸਮੇਤ ਅਨੇਕਾਂ ਸਿੰਘਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ ਜੋ ਅਜ ਵੀ ਬਾਦਸਤੂਰ ਜਾਰੀ ਹੈ। ਨੀਤੀਵਾਨਾਂ ਦਾ ਕਥਨ ਹੈ ਕਿ ਕਿਸੇ ਕੌਮ ਨੂੰ ਤਬਾਹ ਤੇ ਬਰਬਾਦ ਕਰਨਾ ਹੋਵੇ ਤਾਂ ਉਸ ਦੀ ਆਮਦਨੀ ਦੇ ਵਸੀਲੇ ਤਬਾਹ ਕਰਦਿਓ। ਇੰਜ ਹੀ ਤਾਂ ਕੀਤਾ ਗਿਆ, ਸਿਖਾਂ ਦੇ ਵੱਕਾਰ ਨੂੰ ਤਬਾਹ ਕਰਨ ਲਈ ਉਨ੍ਹਾਂ ਦੇ ਉਪਜੀਵਕਾ ਦੇ ਵਡੇ ਵਸੀਲੇ ਖੇਤੀ, ਵਪਾਰ ਤੇ ਕਾਰੋਬਾਰ ਨੂੰ ਤਬਾਹ ਕਰਨ ਦੇ ਮਨਸੂਬੇ ਬੁਣ ਦਿਤੇ ਗਏ ਹਨ। ਖੇਤੀ ਲਈ ਪਾਣੀ ਦੀ ਜ਼ਰੂਰਤ ਸੀ ਤਾਂ ਦਰਿਆਈ ਪਾਣੀਆਂ ਪ੍ਰਤੀ ਪੰਜਾਬ ਰੀਆਰਗੇਨਾਇਜੇਸ਼ਨ ਐਕਟ ‘ਚ ਗੈਰ ਸੰਵਿਧਾਨਕ ਧਾਰਾ 78-79 ਅਤੇ 80 ਜੋੜ ਦਿਤਾ ਗਿਆ ਅਤੇ ਰਿਆਲਟੀ ਮੰਗਣ ਵਾਲੇ ਪੰਜਾਬੀਆਂ ਨੂੰ ਇਹ ਵੀ ਪਤਾ ਨਾ ਲੱਗਣ ਦਿਤਾ ਕਿ ਕਿਵੇਂ ਪੰਜਾਬ ਦੇ ਦਰਿਆਈ ਪਾਣੀਆਂ ਦਾ ਗੈਰ ਕਾਨੂੰਨੀ ਹੱਕ ਰਾਜਸਥਾਨ ਨੂੰ ਦੇ ਦਿਤਾ ਗਿਆ । ਇਕ ਬਸਤੀ ਬਣ ਚੁੱਕਿਆ ਪੰਜਾਬ ਜਿਸ ਦੇ ਸਿਰ ‘ਤੇ ਢਾਈ ਲੱਖ ਕਰੋੜ ਦਾ ਕਰਜ਼ਾ ਖੜਾ ਹੈ ਤਾਂ ਪਾਣੀਆਂ ਦੀ ਰਿਆਲਟੀ ਅੰਦਾਜ਼ਨ ੧੬ ਲੱਖ ਕਰੋੜ ਹੜੱਪ ਲਿਆ ਗਿਆ। ਜਿਸ ਦਾ ਸੰਤਾਪ ਅੱਜ ਕਰਜ਼ਾਈ ਕਿਸਾਨ ਅਤੇ ਸਮੂਹ ਪੰਜਾਬੀ ਭੋਗ ਰਹੇ ਹਨ। ਖੇਤੀਬਾੜੀ ਵਸਤਾਂ ਨੂੰ ਕੀਮਤ ਸੂਚਕ ਅੰਕ ਨਾਲ ਜੋੜਿਆ ਜਾਣਾ ਅਤੇ ਸਵਾਮੀ ਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨਾ ਸੁਪਨੇ ‘ਚ ਵੀ ਨਹੀਂ ਸੋਚਿਆ ਜਾ ਰਿਹਾ।  ਕਹਿਣ ਨੂੰ ਤਾਂ ਪੰਜਾਬ ਬਿਜਲੀ ਸਰਪਲੱਸ ਸੂਬਾ ਹੈ ਪਰ ਦੇਸ਼ ਭਰ ਤੋਂ ਸਭ ਤੋਂ ਮਹਿੰਗੀ ਬਿਜਲੀ ਇੱਥੇ ਵੇਚੀ ਜਾ ਰਹੀ ਹੈ। ਮਾਰੂ ਅਤੇ ਗਲਤ ਨੀਤੀਆਂ ਸਦਕਾ ਪੰਜਾਬ ‘ਚ ਪੂੰਜੀ ਨਿਵੇਸ਼ ਦੀ ਥਾਂ ਇੱਥੋਂ ਦਾ ਉਦਯੋਗ ਤੇ ਕਾਰੋਬਾਰ ਵੀ ਪਲਾਇਣ ਕਰਦਾ ਜਾ ਰਿਹਾ ਹੈ। ਨਸ਼ਿਆਂ ਦੇ ਪਸਾਰੇ ਨੂੰ ਰੋਕਣ ‘ਚ ਖ਼ਾਸ ਦਿਲਚਸਪੀ ਨਾ ਦਿਖਾਉਣਾ ਅਤੇ ਹੁਨਰਮੰਦ ਨੌਜਵਾਨੀ ਲਈ ਪੰਜਾਬ ਉਸ ਦੀ ਪਹਿਲ ਨਾ ਹੋ ਕੇ ਵਿਦੇਸ਼ ਬਣਦਾ ਜਾ ਰਿਹਾ ਹੈ। ਕੌਮਾਂਤਰੀ ਦਬਾਅ ਕਾਰਨ ਕਰਤਾਰਪੁਰ ਲਾਂਘਾ ਭਾਵੇਂ ਤਾਮੀਰ ਹੋ ਗਿਆ ਹੈ ਪਰ ਘਰੇਲੂ ਹਵਾਈ ਅੱਡਿਆਂ ‘ਤੇ ਸਿਖਾਂ ਨੂੰ ਕ੍ਰਿਪਾਨ ਪਾ ਕੇ ਸਫ਼ਰ ਕਰਨ ਦੇਣ ਦਾ ਫ਼ੈਸਲਾ ਅਜ ਤਕ ਪੂਰੀ ਤਰਾਂ ਲਾਗੂ ਨਹੀਂ ਕੀਤਾ ਗਿਆ। ਧਾਰਾ 25 ਦਾ ਮਾਮਲਾ ਤਾਂ ਦੂਰ ਦੀ ਕੌਡੀ ਰਹੀ ਇੱਥੇ ਅਨੰਦ ਕਾਰਜ ਐਕਟ ਵੀ ਪਾਰਲੀਮੈਂਟ ਤੋਂ ਪਾਸ ਕਰਕੇ ਪੂਰੇ ਦੇਸ਼ ਵਿਚ ਲਾਗੂ ਨਾ ਕੀਤਾ ਗਿਆ। ਆਲ ਇੰਡੀਆ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮਸੰਦਾ ਹੋਵੇ ਜਾਂ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਦਾ ਮਾਮਲਾ ਜਾਂ ਫਿਰ ਰਾਜਾਂ ਨੂੰ ਵਧੇਰੇ ਅਧਿਕਾਰ ਜਾਂ ਖ਼ੁਦਮੁਖ਼ਤਾਰੀ ਦੇਣ ਦੀ ਗਲ , ਇਹ ਤਾਂ ਦੂਰ ਇੱਥੇ ਭਾਰਤ ਦੇ ਸੰਵਿਧਾਨਕ ਢਾਂਚੇ ਨੂੰ ਵਾਸਤਵਿਕ ਸੰਘੀ ( ਫੈਡਰਲ) ਸ਼ਕਲ ਤਕ ਦੇਣਾ ਜ਼ਰੂਰੀ ਨਹੀਂ ਸਮਝਿਆ ਗਿਆ।  ਨਵੰਬਰ ‘੮੪ ਦੀ ਸਿਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ‘ਚ ਢਿੱਲਮੱਠ ਕਿਉਂ? ਅਦਾਲਤ ਵੱਲੋਂ ਜੂਨ ‘੮੪ ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਨੂੰ ਗੈਰ ਵਾਜਬ ਠਹਿਰਾਉਂਦਿਆਂ ਜੋਧਪੁਰ ਕੈਦੀਆਂ ਨੂੰ ਮੁਆਵਜ਼ੇ ਦਾ ਹੱਕ ਦਿਤਾ ਗਿਆ ਤਾਂ ਉਕਤ ਹਮਲੇ ਲਈ ਪਾਰਲੀਆਮੈਟ ‘ਚ ਮਤਾ ਪਾਸ ਕਰ ਕੇ ਹੁਣ ਤਕ ਸਿੱਖ ਕੌਮ ਤੋਂ ਖਿਮਾ ਯਾਚਨਾ ਕਿਉਂ ਨਹੀਂ ਕੀਤੀ ਗਈ?  ਨਾ ਹੀ ਉਕਤ ਹਮਲੇ ਨਾਲ ਸੰਬੰਧਿਤ ਗੁਪਤ ਦਸਤਾਵੇਜ਼ ਜਨਤਕ ਕੀਤੇ ਗਏ। ਇਹ ਸੱਚ ਹੈ ਕਿ ਜੂਨ ‘੮੪ ਦੇ ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲੇ ਰਾਹੀਂ ਅਨੇਕਾਂ ਸ਼ਰਧਾਲੂਆਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਤਾਂ ਸਿੱਖ ਉਦਾਸੀਨ ਅਵਸਥਾ ਵਿਚ ਪਹੁੰਚ ਗਈ, ਉਕਤ ਖਾਈ ਵਿਚੋਂ ਕੱਢਣ ਲਈ ਅਨੇਕਾਂ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤਿਆਂ।  ਅੱਜ ਬਹੁਗਿਣਤੀ ਕੌਮ ਦੀ ਸੰਸਕ੍ਰਿਤੀ ਘਟ ਗਿਣਤੀ ਕੌਮਾਂ ਉੱਤੇ ਥੋਪੇ ਜਾਣ ਦੇ ਮਨਸੂਬਿਆਂ ‘ਤੇ ਤੇਜ਼ੀ ਨਾਲ ਅਮਲ ਹੋ ਰਿਹਾ ਹੈ। ਇਨ੍ਹਾਂ ਹਲਾਤਾਂ ਦਾ ਸਿੱਖ ਕੌਮ ਨੇ ਇਕ ਜੁਟਤਾ ਨਾਲ ਮੁਕਾਬਲਾ ਕੀਤਾ ਅਤੇ ਜਿਤ ਪ੍ਰਾਪਤ ਕਰਨ ਵਲ ਵਧੇ ਵੀ, ਪਰ ਵਿਰੋਧੀ ਤਾਕਤਾਂ ਸਿੱਖ ਕੌਮ ਨੂੰ ਇਕ ਜੁੱਟ ਹੋਇਆ ਨਹੀਂ ਵੇਖ ਸਕਦੀਆਂ, ਕੌਮੀ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਸਿੱਖੀ ਭੇਸ ‘ਚ ਲੁਕੀਆਂ ਕਾਲੀਆਂ ਭੇਡਾਂ ਰਾਹੀਂ ਸ਼ਾਤਰ ਚਾਲਾਂ ਚਲਾਈਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ‘ਚ ਸਿੱਖ ਸੁਰੱਖਿਅਤ ਨਹੀਂ ਹਨ ਦੀ ਧਾਰਨਾ ਜਾਂ ਖ਼ਦਸ਼ੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। 1980ਵੇਂ ‘ਚ ਸਿੱਖ ਕੌਮ ਸੰਘਰਸ਼ ਵਿਚੋਂ ਗੁਜ਼ਰੀ ਹੈ ਅਤੇ ਅਨੇਕਾਂ ਜ਼ਖਮ ਆਪਣੇ ਪਿੰਡੇ ਹੰਢਾਇਆ ਹੈ। ਸੋ ਬੇਗਾਨਗੀ ਦਾ ਕੋਈ ਵੀ ਅਹਿਸਾਸ ਸਿੱਖਾਂ ‘ਚ ਮੁੜ ਡਰ ਦੀ ਭਾਵਨਾ ਪੈਦਾ ਕਰੇਗਾ ਜੋ ਭਾਈਚਾਰੇ ਦੇ ਹਿਤਾਂ ਦੇ ਨਾਲ-ਨਾਲ ਮੁਲਕ ਲਈ ਘਾਤਕ ਸਿੱਧ ਹੋਵੇਗਾ 

( ਪ੍ਰੋ: ਸਰਚਾਂਦ ਸਿੰਘ )  

 SARCHAND SINGH
 
*Mobile – 9781355522

Read more