ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 308 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ

– ਪਿੱਛਲੇ ਦੋ ਸਾਲਾਂ ਦੌਰਾਨ ਐਨ.ਐਚ.ਐਮ. ਅਧੀਨ 4000 ਮੁਲਾਜਮਾਂ ਦੀ ਹੋ ਚੁੱਕੀ ਹੈ ਭਰਤੀ

ਚੰਡੀਗੜ੍ਹ, 14 ਨਵੰਬਰ: ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ 308 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਸੰਬੰਧੀ ਵਿਸ਼ੇਸ਼ ਸਮਾਰੋਹ ਰਾਜ ਸਿਹਤ ਤੇ ਪਰਿਵਾਰ ਭਲਾਈ ਤੇ ਸਿਖਲਾਈ ਸੰਸਥਾ, ਫੇਜ਼-6 ਵਿੱਚ ਕਰਵਾਇਆ ਗਿਆ। ਇਸ ਮੌਕੇ ਤੇ ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਸ਼੍ਰੀ ਕੁਮਾਰ ਰਾਹੁਲ ਅਤੇ ਡਾਇਰੈਕਟਰ ਕੋਆਪਰੇਟਿਵ ਬੈਂਕ, ਮੋਹਾਲੀ ਸ਼੍ਰੀ ਹਰਕੇਸ਼ ਸ਼ਰਮਾ ਵਿਸ਼ੇਸ਼ ਤੇ ਮੌਜੂਦ ਰਹੇ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਸਟਾਫ ਨਰਸਾਂ ਦੀ ਤੈਨਾਤੀ ਰਾਜ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਜ਼ਿਲ੍ਹਾ ਹਸਪਤਾਲਾਂ, ਸਬ ਡਿਵੀਜ਼ਨਲ ਹਸਪਤਾਲਾਂ, ਸੀ.ਐਚ.ਸੀ. ਅਤੇ ਪੀ.ਐਚ.ਸੀ. ਵਿੱਚ ਕੀਤੀ ਜਾਵੇਗੀ। ਇਹ ਸਟਾਫ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ ਤਾਂ ਜੋ ਪੰਜਾਬ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਵਿੱਚ ਮਦਦ ਮਿਲ ਸਕੇ। 

ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਸਟਾਫ ਨਰਸਾਂ ਦਾ ਪਾਰਦਰਸ਼ੀ ਢੰਗ ਨਾਲ ਲਿਖਤੀ ਪੇਪਰ ਅਤੇ ਸਕਿੱਲ ਟੈਸਟ ਲਿਆ ਗਿਆ ਸੀ ਅਤੇ ਲਗਭਗ 670 ਸਟਾਫ ਨਰਸਾਂ ਦੀ ਭਰਤੀ ਕੀਤੀ ਜਾਣੀ ਸੀ, ਜਿਨ੍ਹਾਂ ਵਿੱਚੋਂ 534 ਸਟਾਫ ਨਰਸਾਂ ਦੀ ਕੁਝ ਸਮਾਂ ਪਹਿਲਾਂ ਹੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਹੁਣ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਹੋਰ ਸਟਾਫ ਨਰਸਾਂ ਦੀ ਜ਼ਰੂਰਤ ਸੀ। ਇਸ ਦੇ ਚੱਲਦੇ ਵੇਟਿੰਗ ਲਿਸਟ ਵਿੱਚੋਂ ਵੀ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਅਤੇ ਹੁਣ 308 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਸਿਹਤ ਸੰਸਥਾਵਾਂ ਵਿੱਚ ਹੋਰ ਪੈਰਾ ਮੈਡੀਕਲ ਸਟਾਫ ਜਿਵੇਂ ਕਿ ਫਾਰਮਾਸਿਸਟ, ਲੈਬ ਟੈਕਨੀਸ਼ਿਅਨ ਆਦਿ ਦੀਆਂ ਨਿਯੁਕਤੀਆਂ ਵੀ ਜਲਦੀ ਹੀ ਕਰ ਦਿੱਤੀਆਂ ਜਾਣਗੀਆਂ। 

ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਭਾਗੀਸ਼ਾਲੀ ਹਨ ਕਿ ਉਨ੍ਹਾਂ ਨੂੰ ਸਰਕਾਰ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਨੌਕਰੀ ਮਿਲਣਾ ਜਿਥੇ ਖੁਸ਼ੀ ਦਾ ਪੈਗਾਮ ਹੈ, ਉਥੇ ਸਮਾਜ ਪ੍ਰਤੀ ਇੱਕ ਜਿੰਮੇਵਾਰੀ ਵੀ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸੁਲਤਾਨਪੁਰ ਲੋਧੀ, ਫਗਵਾੜਾ, ਬਟਾਲਾ ਤੇ ਹੋਰ ਵੱਖ-ਵੱਖ ਥਾਵਾਂ ਤੇ ਸਿਹਤ ਵਿਭਾਗ ਪੰਜਾਬ ਵੱਲੋਂ ਸਿਹਤ ਵਿਭਾਗ ਦੇ ਮੁਲਾਜਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਇਸਦੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ। ਇਸੇ ਤਰ੍ਹਾਂ ਸਿਹਤ ਵਿਭਾਗ ਦੇ ਪਰਿਵਾਰ ਵਿੱਚ ਸ਼ਾਮਿਲ ਹੋ ਰਹੀਆਂ ਨਵ ਨਿਯੁਕਤ ਸਟਾਫ ਨਰਸਾਂ ਵੀ ਪੂਰੀ ਲਗਨ ਨਾਲ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨ। ਇਸ ਲਈ ਹਸਪਤਾਲ ਵਿੱਚ ਆ ਰਹੇ ਹਰ ਵਿਅਕਤੀ ਦੀ ਪੂਰੀ ਤਰ੍ਹਾਂ ਗੱਲ ਸੁਣੀ ਜਾਵੇ ਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੋ ਮੁਲਾਜਮ ਚੰਗਾ ਕੰਮ ਕਰਨਗੇ, ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਿੱਛਲੇ ਦੋ ਸਾਲਾਂ ਦੌਰਾਨ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ ਲਗਭਗ 4000 ਮੈਡੀਕਲ, ਪੈਰਾ ਮੈਡੀਕਲ ਅਤੇ ਹੋਰ ਸਟਾਫ ਦੀ ਭਰਤੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। 

ਇਸ ਦੌਰਾਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਡਾ. ਪਰਵਿੰਦਰ ਪਾਲ ਸਿੱਧੂ, ਡਾਇਰੈਕਟਰ ਫਾਈਨਾਂਸ ਸ਼੍ਰੀ ਨੀਰਜ ਸਿੰਗਲਾ ਤੇ ਮੈਨੇਜਰ (ਐਚ.ਆਰ.) ਸ਼੍ਰੀਮਤੀ ਦੀਪ ਸ਼ਿਖਾ ਮੌਜੂਦ ਸਨ।

Read more