ਸਿਰਸਾ ਮੁਖੀ ਦੇ ਸਾਥੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਤੋਂ ਬਾਅਦ ਪੰਜਾਬ ‘ਚ ਅਲਰਟ

-ਮਾਲਵੇ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਹੁਕਮ
-ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਮੋਗਾ, ਕੋਟਕਪੂਰਾ, ਲੁਧਿਆਣਾ, ਬਠਿੰਡਾ, ਮਾਨਸਾ, ਸਿਰਸਾ,ਪਟਿਆਲਾ ਵਿਚ ਪੁਲਿਸ ਨੇ ਚੌਕਸੀ ਵਧਾਈ

PunjabUpdate.Com

ਚੰਡੀਗੜ੍ਹ, 22 ਜੂਨ
ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਲ 2015 ਵਿਚ ਹੋਈ ਬੇਅਦਬੀ ਦੇ ਬਹੁਚਰਚਿਤ ਮਾਮਲੇ ਵਿਚ ਕਥਿਤ ਦੋਸ਼ੀ ਅਤੇ ਡੇਰਾ ਸਿਰਸਾ ਮੁਖੀ ਰਾਮ ਰਾਹੀਮ ਦੇ ਨਜ਼ਦੀਕੀ ਸਾਥੀ ਮਹਿੰਦਰ ਪਾਲ ਬਿੱਟੂ ਦੀ ਨਾਭਾ ਜੇਲ੍ਹ ਵਿਚ ਕੀਤੀ ਗਈ ਹੱਤਿਆ ਤੋਂ ਬਾਅਦ ਸੂਬੇ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡੀਜੀਪੀ ਵਲੋਂ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਵਿਚ ਚੌਕਸੀ ਵਧਾਉਣ ਲਈ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਕਿਹਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਮੋਗਾ, ਕੋਟਕਪੂਰਾ, ਲੁਧਿਆਣਾ, ਬਠਿੰਡਾ, ਮਾਨਸਾ, ਸਿਰਸਾ, ਪਟਿਆਲਾ ਜ਼ਿਲ੍ਹਿਆਂ ਵਿਚ ਪੁਲਿਸ ਨੂੰ ਅਲਰਟ ਕੀਤਾ ਗਿਆ ਹੈ। 
ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਦੱਸਿਆ ਕਿ ਬਿੱਟੂ ਨਾਭਾ ਜੇਲ੍ਹ ਵਿਚ ਬੇਅਦਬੀ ਦੇ ਕੇਸ ਵਿਚ ਬੰਦ ਸੀ ਅਤੇ ਉਸ ਦੀ ਕੁੱਝ ਕੈਦੀਆਂ ਵਲੋਂ ਕੀਤੀ ਹੱਤਿਆ ਦੇ ਮਾਮਲੇ ਵਿਚ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਏਜੀਡੀਪੀ ਜੇਲ੍ਹਾਂ ਰੋਹਿਤ ਚੌਧਰੀ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੁਡੀਸ਼ੀਅਲ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ। ਡੀਜੀਪੀ ਨੇ ਦੱਸਿਆ ਕਿ ਬਿੱਟੂ ਨੂੰ ਪਿਛਲੇ ਸਾਲ ਐਸਆਈਟੀ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਘਟਨਾ ਸ਼ਾਮ ਸਵਾ ਕੁ ਪੰਜ ਵਜੇ ਵਾਪਰੀ ਜਦੋਂ ਬਿੱਟੂ ਉਤੇ ਹੋਰਨਾਂ ਕੈਦੀਆਂ ਨੇ ਹਮਲਾ ਕਰ ਦਿੱਤਾ। ਉਸ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫਰੀਦਕੋਟ ਦੇ ਬਿੱਟੂ ਉਤੇ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਕੈਦੀਆਂ ਵਲੋਂ ਹਮਲਾ ਕੀਤਾ ਗਿਆ ਹੈ, ਜੋ ਇੱਕ ਕਤਲ ਕੇਸ ਵਿਚ ਜੇਲ੍ਹ ਵਿਚ ਬੰਦ ਸਨ।
ਡੀਜੀਪੀ ਨੇ ਦੱਸਿਆ ਕਿ ਸਹਾਇਕ ਜੇਲ੍ਹ ਸੁਪਰਡੈਂਟ ਅਜਮੇਰ ਸਿੰਘ ਨੂੰ ਇਸ ਮਾਮਲੇ ਵਿਚ ਮੁਅੱਤਲ ਕੀਤਾ ਗਿਆ ਹੈ। ਜੇਲ੍ਹ ਵਾਰਡਰ ਮੇਜਰ ਸਿੰਘ ਅਤੇ ਅਮਨ ਗਿਰੀ ਵੀ ਮੁਅੱਤਲ ਕੀਤਾ ਗਿਆ ਹੈ। ਇਸਦੇ ਇਲਾਵਾ ਹੋਰਨਾਂ ਅਫਸਰਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। 
ਡੇਰਾ ਪ੍ਰੇਮੀ ਆਗੂ ਬਿੱਟੂ ਦੀ ਹੱਤਿਆ ਤੋਂ ਬਾਅਦ ਕੋਟਕਪੂਰ ਸ਼ਹਿਰ ਤੇ ਫ਼ਰੀਦਕੋਟ ਜ਼ਿਲ੍ਹੇ ਦੇ ਨਾਲ-ਨਾਲ ਡੇਰਾ ਪ੍ਰੇਮੀਆਂ ਦੀ ਬਹੁਲਤਾ ਵਾਲੇ ਇਲਾਕਿਆਂ ‘ਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਜੇਲ੍ਹ ਅੰਦਰ ਹੀ ਦੋ ਕੈਦੀਆਂ ਨੇ ਰਾੱਡ ਮਾਰ ਕੇ ਕਤਲ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ। ਮਹਿੰਦਰ ਪਾਲ ਦਾ ਕਤਲ ਕਰਨ ਲਈ ਮਹਿੰਦਰ ਸਿੰਘ ਤੇ ਗੁਰਸੇਵਕ ਸਿੰਘ ਨਾਂਅ ਦੇ ਦੋ ਕੈਦੀਆਂ ਨੇ ਲੋਹੇ ਦੀ ਰਾੱਡ ਨੂੰ ਵਰਤਿਆ। 
ਨਾਭਾ ਜੇਲ੍ਹ ਨੂੰ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ ਤੇ ਉੱਥੇ ਅਜਿਹੀ ਵਾਰਦਾਤ ਦਾ ਵਾਪਰਨਾ ਜੇਲ੍ਹ ਦੇ ਸੁਰੱਖਿਆ ਇੰਤਜ਼ਾਮ ਉੱਤੇ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦਾ ਹੈ।ਮਹਿੰਦਰਪਾਲ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਬਹੁਤ ਨੇੜੇ ਰਿਹਾ ਦੱਸਿਆ ਜਾਂਦਾ ਸੀ। ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਮਹਿੰਦਰ ਪਾਲ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਸੰਨੀ ਕੰਡਾ ਤੇ ਸ਼ਕਤੀ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਤਿੰਨੇ ਡੇਰਾ ਸਿਰਸਾ ਦੇ ਪੈਰੋਕਾਰ ਸਨ। 
ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦੋਵਾਂ ਨੇ ਪਹਿਲਾਂ ਉਸ ਰਾੱਡ ਨੂੰ ਤਿੱਖਾ ਕੀਤਾ ਤੇ ਉਹ ਮਹਿੰਦਰਪਾਲ ਦੇ ਖੋਭ ਦਿੱਤਾ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਮਹਿੰਦਰਪਾਲ ਬਿੱਟੂ ਉੱਤੇ ਅੱਜ ਨਾਭਾ ਜੇਲ੍ਹ ‘ਚ ਸ਼ਾਮੀਂ 5:15 ਵਜੇ ਹਮਲਾ ਕੀਤਾ ਗਿਆ ਸੀ। ਉਸ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਉਹ ਰਾਹ ਵਿੱਚ ਹੀ ਦਮ ਤੋੜ ਗਿਆ।  49 ਸਾਲਾ ਮਹਿੰਦਰਪਾਲ ਫ਼ਰੀਦਕੋਟ ਦਾ ਵਸਨੀਕ ਸੀ।
ਇੱਥੇ ਵਰਨਣਯੋਗ ਹੈ ਕਿ ਬਰਗਾੜੀ ਬੇਅਦਬੀ ਕਾਂਡ ਪਿਛਲੇ ਚਾਰ ਸਾਲਾਂ ਤੋਂ ਹੀ ਬੇਹੱਦ ਚਰਚਾ ਦਾ ਕੇਂਦਰ ਰਿਹਾ ਹੈ। ਪਿਛਲੇ ਸਾਲ ਇਸੇ ਘਟਨਾ ਤੇ ਪੰਜਾਬ ਵਿੱਚ ਵਾਪਰੀਆਂ ਹੋਰ ਅਜਿਹੀਆਂ ਘਟਨਾਵਾਂ ਬਾਰੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿਧਾਨ ਸਭਾ ਵਿੱਚ ਵੀ ਪੇਸ਼ ਕੀਤੀ ਗਈ ਸੀ। ਇਸ ਘਟਨਾ ਨੂੰ ਲੈ ਕੇ ਫ਼ਰੀਦਕੋਟ ਤੇ ਪਟਿਆਲਾ ਦੇ ਸਮੁੱਚੇ ਇਲਾਕਿਆਂ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਬੇਹੱਦ ਚੌਕਸ ਹੋ ਗਏ ਹਨ। ਖ਼ਾਸ ਕਰ ਕੇ ਡੇਰਾ ਸਿਰਸਾ ਦੇ ਸ਼ਰਧਾਲੂਆਂ (ਪ੍ਰੇਮੀਆਂ) ਦੀ ਬਹੁ-ਗਿਣਤੀ ਵਾਲੇ ਇਲਾਕਿਆਂ ਵਿੱਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਹੋਰ ਤਾਂ ਹੋਰ ਇਸ ਵਾਰ ਦੀਆਂ ਸੰਸਦੀ ਚੋਣਾਂ ਤੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਬਰਗਾੜੀ ਬੇਅਦਬੀ ਕਾਂਡ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ । 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਨਾਭਾ ਜੇਲ ਵਿੱਚ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ’ਤੇ ਹੋਏ ਘਾਤਕ ਹਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਅਤੇ ਉਨਾਂ ਨੇ ਹਮਲਾਵਰਾਂ ਲਈ ਸਖ਼ਤ ਸਜ਼ਾ ਦੀ ਚਿਤਾਵਨੀ ਦਿੱਤੀ ਹੈ। 

ਇਕ ਸਰਕਾਰੀ ਬੁਲਾਰੇ ਅਨੁਸਾਰ ਏ.ਡੀ.ਜੀ.ਪੀ. ਜੇਲਾਂ ਰੋਹਿਤ ਚੌਧਰੀ ਤੱਥਾਂ ਦੀ ਪੜਤਾਲ ਕਰਨ ਵਾਲੀ ਕਮੇਟੀ ਦੇ ਮੁਖੀ ਹੋਣਗੇ ਅਤੇ ਕਮੇਟੀ ਨੂੰ ਤਿੰਨ ਦਿਨਾਂ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਦੋਸ਼ੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਵਿੱਚ ਲਾਜ਼ਮੀ ਜੂਡੀਸ਼ੀਅਲ ਪੜਤਾਲ ਤੋਂ ਇਲਾਵਾ ਇਹ ਜਾਂਚ ਹੋਵੇਗੀ। ਬਿੱਟੂ ਨੂੰ ਪਿਛਲੇ ਸਾਲ ਗਿ੍ਰਫਤਾਰ ਕੀਤਾ ਗਿਆ ਸੀ। 

ਇਸ ਹਮਲੇ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਨੇ ਸਾਰੇ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਹਮਲਾਵਰਾਂ ਨੂੰ ਇਸ ਜ਼ੁਰਮ ਵਾਸਤੇ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। 

ਬੁਲਾਰੇ ਅਨੁਸਾਰ ਇਹ ਘਟਨਾ ਸ਼ਾਮ 5:15 ਵਜੇ ਉਸੇ ਵੇਲੇ ਵਾਪਰੀ ਜਦੋਂ ਬਿੱਟੂ ’ਤੇ ਹੋਰਨਾਂ ਕੈਦੀਆਂ ਨੇ ਹਮਲਾ ਕਰ ਦਿੱਤਾ। ਉਸ ਨੂੰ ਨਾਭਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ। 

ਬੁਲਾਰੇ ਅਨੁਸਾਰ ਮੁਢਲੀ ਜਾਂਚ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫ਼ਰੀਦਕੋਟ ਦੇ ਬਿੱਟੂ (49) ’ਤੇ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਵੱਲੋਂ ਹਮਲਾ ਕੀਤਾ ਗਿਆ ਹੈ ਜੋ ਇਕ ਕਤਲ ਕੇਸ ਵਿੱਚ ਜੇਲ ’ਚ ਸਨ।

Read more