ਸਿਰਸਾ ਦੇ ਪੀਲੀਭੀਤ ਪੁੱਜਣ ਮਗਰੋਂ ਸਿੱਖ ਨੌਜਵਾਨਾਂ ‘ਤੇ ਦਰਜ ਹੋਏ ਕੇਸ ਦਾ ਮਸਲਾ ਹੱਲ ਹੋਇਆ

ਨਵੀਂ ਦਿੱਲੀ, 20 ਅਕਤੂਬਰ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਪੰਜ ਸਿੱਖ ਨੌਜਵਾਨਾਂ ‘ਤੇ ਦਰਜ ਹੋਏ ਕੇਸ ਦਾ ਮਾਮਲਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਦੇ ਮੌਕੇ ‘ਤੇ ਪੁੱਜਣ ਮਗਰੋਂ ਇਲਾਕੇ ਦੀ ਸੰਗਤ ਦੀ ਹਾਜ਼ਰੀ ਵਿਚ ਖਤਮ ਹੋ ਗਿਆ।

ਸ੍ਰੀ ਸਿਰਸਾ ਕੱਲ ਦੇਰ ਸ਼ਾਮ ਤੋਂ ਪੀਲੀਭੀਤ ਵਿਚ ਠਹਿਰੇ ਹੋਏ ਸਨ।

ਵਿਵਾਦ ਹੱਲ ਹੋਣ ਮਗਰੋਂ ਇਕ ਵੀਡੀਓ ਸੰਦੇਸ਼ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਅਸੀਂ ਪੀਲੀਭੀਤ ਦੀ ਸਾਰੀ ਸੰਗਤ ਦੇ ਧੰਨਵਾਦੀ ਹਾਂ ਜਿਹਨਾਂ ਨੇ ਆਪਸ ਵਿਚ ਮਿਲ ਬੈਠ ਕੇ ਇਹ ਮਸਲਾ ਹੱਲ ਕੀਤਾ ਹੈ। ਉਹਨਾਂ ਕਿਹਾ ਕਿ ਅਸਲ ਵਿਚ ਸਾਰਾ ਵਿਵਾਦ  ਵੀਡੀਓ ਵਾਇਰਲ ਹੋਣ ਕਾਰਨ ਵਧਿਆ ਸੀ ਤੇ ਹੁਣ ਇਹ ਹੱਲ ਹੋ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਦੋ ਨੌਜਵਾਨ ਇਸ ਵੇਲੇ ਜੇਲ ਵਿਚ ਹਨ, ਉਹਨਾਂ ਦੀ ਸਵੇਰੇ ਜ਼ਮਾਨਤ ਅਰਜ਼ੀ ਲਗਾਈ ਜਾਵੇਗੀ ਤੇ ਸਾਰਾ ਪ੍ਰਸ਼ਾਸਨ ਇਸ ਜ਼ਮਾਨਤ ਵਾਸਤੇ ਸਹਿਯੋਗ ਦੇਵੇਗਾ। ਉਹਨਾਂ ਕਿਹਾ ਕਿ ਇਸ ਮਗਰੋਂ ਜਿਹੜੇ ਨੌਜਵਾਨ ਨੇ ਕੇਸ ਦਰਜ ਕਰਵਾਇਆ ਹੈ, ਉਹ ਕੇਸ ਵਾਪਸ ਲਵੇਗਾ।

ਸ੍ਰੀ ਸਿਰਸਾ ਨੇ ਕਿਹਾ ਕਿ ਉਹ ਸਮੁੱਚੀ ਸੰਗਤ ਤੇ ਲੀਡਰਸ਼ਿਪ ਦੇ ਧੰਨਵਾਦੀ ਹਨ ਜਿਹਨਾਂ ਨੇ ਆਪਸ ਵਿਚ ਮਿਲ ਬੈਠ ਕੇ ਇਹ ਮਸਲਾ ਹੱਲ ਕੀਤਾ। ਉਹਨਾਂ ਕਿਹਾ ਕਿ ਉਹ ਪੀਲੀਭੀਤ ਦੇ ਜ਼ਿਲਾ ਮੈਜਿਸਟਰੇਟ, ਪੁਲਿਸ ਕਪਤਾਨ ਤੇ ਹੋਰ ਅਫਸਰਾਂ ਤੋਂ ਇਲਾਵਾ ਭਾਜਪਾ ਆਗੂਆਂ, ਸ੍ਰੀ ਰਜਿੰਦਰ ਕਯਸ਼ਪ, ਮਨਜੀਤ ਸਿੰਘ ਔਲਖ, ਘੁੰਮਣ ਜੀ, ਛੀਨਾ ਜੀ ਤੇ ਸਮੁੱਚੇ ਆਗੂਆਂ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਪਹਿਲੇ ਦਿਨ ਤੋਂ ਇਹ ਮਾਮਲਾ ਹੱਲ ਕਰਨ ਵਾਸਤੇ ਵੱਡਮੁੱਲਾ ਸਹਿਯੋਗ ਦਿੱਤਾ।

Read more