ਸਾਬਕਾ ਜਨਰਲ ਜੇਜੇ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਵਾਪਸ ਲਿਆ

ਤਰਨਤਾਰਨ : ਅਕਾਲੀ ਦਲ ਟਕਸਾਲੀ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਸਾਬਕਾ ਜਨਰਲ ਜੇਜੇ ਸਿੰਘ ਨੂੰ ਵਾਪਸ ਲੈ ਲਿਆ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫੈਸਲੇ ਮੁਤਾਬਿਕ ਅਕਾਲੀ ਦਲ ਟਕਸਾਲੀ ਪੰਜਾਬ ਏਕਤਾ ਪਾਰਟੀ ਵੱਲੋਂ ਪੰਜਾਬ ਜਮਹੂਰੀ ਗਠਜੋੜ ਦੇ ਰਾਂਹੀ ਚੋਣ ਲੜ੍ਹ ਰਹੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਮਰਥਣ ਕਰੇਗਾ।

ਇਥੇ ਇਹ ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਟਕਸਾਲੀ ਨੇ ਸਭ ਤੋਂ ਪਹਿਲਾਂ ਸਾਬਕਾ ਜਨਰਲ ਜੇਜੇ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ। ਪਿਛਲੇ ਦਿਨਾਂ ਤੋਂ ਪੀਡੀਏ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਦੇ ਹੱਕ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣ ਦੇ ਬਿਆਨ ਆ ਰਹੇ ਸਨ। ਹਾਲਾਂਕਿ ਸਾਬਕਾ ਜਨਰਲ ਜੇਜੇ ਸਿੰਘ ਨੇ ਇਨ੍ਹਾਂ ਬਿਆਨਾਂ ਦਾ ਨੋਟਿਸ ਲੈਂਦਿਆਂ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਉਮੀਦਵਾਰੀ ਵਾਪਸ ਨਾ ਲੈਣ ਦਾ ਐਲਾਨ ਕੀਤਾ ਸੀ ਪਰ ਐਤਵਾਰ ਨੂੰ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਉਮੀਦਵਾਰ ਨੂੰ ਵਾਪਸ ਲੈਣ ਦਾ ਫੈਸਲਾ ਲੈ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਬੁਲਾਰੇ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਧਾਰਮਿਕ ਅਤੇ ਆਰਥਿਕ ਪੱਖੋਂ ਖੋਖਲਾ ਤਾਂ ਕੀਤਾ, ਨਾਲ ਹੀ ਨਸ਼ਿਆਂ ਰਾਂਹੀ ਇਥੋਂ ਦੀ ਜਵਾਨੀ ਵੀ ਖਤਮ ਕਰ ਦਿੱਤੀ।  ਜਦੋਂਕਿ ਕਾਂਗਰਸ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਨਸ਼ਿਆਂ ਨੂੰ ਚਾਰ ਹਫਤੇ ‘ਚ ਖਤਮ ਕਰਨ ਦੀ ਸਹੁੰ ਖਾਦੀ ਸੀ ਪਰ ਸਵਾ ਦੋ ਸਾਲਾਂ ‘ਚ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਦੀਆਂ ਦੋਖੀ ਪਾਰਟੀਆਂ ਹਨ ਅਤੇ ਇਨ੍ਹਾਂ ਹਰਾਉਣ ਲਈ ਇਕ ਮੰਚ ਤੇ ਇਕੱਠਾ ਹੋਣਾ ਸਮੇਂ ਦੀ ਲੋੜ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਟਕਸਾਲੀ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਮਰਥਣ ਕਰੇਗਾ।

Read more