ਸਾਂਝਾ ਮੁਲਾਜ਼ਮ ਮੰਚ ਵੱਲੋਂ ਦਿੱਤੀ ਕਾਲ ਦੇ ਚਲਦੇ ਸਕੱਤਰੇਤ ਤੋਂ ਬਲਾਕ ਪੱਧਰ ਤੱਕ ਕਲਮਛੋੜ ਹੜਤਾਲ ਸ਼ੁਰੂ

– ਦਫਤਰਾਂ ਵਿੱਚ ਕਰਮਚਾਰੀਆਂ ਵੱਲੋਂ ਕੀਤਾ ਗਿਆ ਕੰਮ ਠੱਪ

ਚੰਡੀਗੜ੍ਹ, 17 ਅਕਤੂਬਰ – ਮਿਤੀ 16.10.2019 ਨੂੰ ਮੁੱਲਦਾਪੁਰ ਦਾਖਾ ਵਿਖੇ ਵਿੱਤ ਮੰਤਰੀ ਨਾਲ ਹੋਈ ਗੱਲਬਾਤ ਬੇਸਿੱਟਾ ਰਹਿਣ ਪਿੱਛੋਂ ਅੱਜ ਪੰਜਾਬ ਭਰ ਦੇ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ।  ਇਸ ਮੌਕੇ ਦਫਤਰਾਂ ਵਿੱਚ ਕੰਮ ਕਾਜ ਪੂਰਨ ਰੂਪ ਵਿੱਚ ਠੱਪ ਰਿਹਾ।   ਦੱਸਣਯੋਗ ਹੈ ਕਿ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਵੱਲੋਂ ਦਿੱਤੇ ਕਲਮਛੋੜ ਹੜਤਾਲ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ ਸਮੇਤ ਜਿਲ੍ਹਾਂ ਅਤੇ ਬਲਾਕ ਪੱਧਰ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਕੰਮ ਕਾਜ ਠੱਪ ਰਿਹਾ।  ਸਾਂਝੇ ਮੰਚ ਵੱਲੋਂ ਦੱਸਿਆ ਗਿਆ ਕਿ ਇਹ ਕਲਮਛੋੜ ਹੜਤਾਲ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗੀ ਅਤੇ ਮਿਤੀ 18.10.2019 ਨੂੰ ਸਮੂਹ ਜਿਲ੍ਹਿਆਂ ਤੋਂ ਮੁਲਾਜ਼ਮ ਇਕੱਠੇ ਹੋਕੇ ਦਾਖਾ ਵਿਖੇ ਕੂਚ ਕਰਨਗੇ ਅਤੇ ਸਰਕਾਰ  ਦੇ ਅੜਿਅਲ ਰਵੱਈਏ ਵਿਰੁੱਧ ਦਾਖਾ ਵਿਖੇ ਲੋਕਾਂ ਨੂੰ ਜਾਗਰੁਕ ਕਰਨਗੇ।  ਸਾਂਝੇ ਮੰਚ ਦੇ ਕਨਵੀਨਰਾਂ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਨੀਆਂ ਗਈਆਂ ਮੰਗਾਂ ਮਿਤੀ 27.02.2019 ਤੋਂ ਵੀ ਪਿੱਛੇ ਹਟ ਗਈ ਹੈ।  ਵਿੱਤ ਮੰਤਰੀ ਬਕਾਇਆ 25% ਡੀ.ਏ ਵਿੱਚੋਂ ਕੇਵਲ 3% ਡੀ.ਏ ਮੁਲਾਜ਼ਮਾਂ ਨੂੰ ਦੇਕੇ ਇਸ ਨੂੰ ਦਿਵਾਲੀ ਦਾ ਤੋਹਫਾ ਆਖ ਰਹੇ ਹਨ ਜੋ ਕਿ ਮੁਲਾਜ਼ਮ ਜਮਾਤ ਨਾਲ ਕੋਝਾ ਮਜ਼ਾਕ ਹੈ।  ਇਸ ਤੋਂ ਇਲਾਵਾ ਮਿਤੀ 15.01.2015 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਪਰਖਕਾਲ ਸਬੰਧੀ ਪੇਸ਼ ਆ ਰਹੀਆਂ ਔਕੜਾਂ ਦੇ ਹੱਲ ਲਈ ਸਰਕਾਰ ਵੱਲੋਂ ਗਠਿਤ ਕਮੇਟੀ ਵੱਲੋਂ ਮਿਤੀ 31.07.2019 ਤੱਕ ਰਿਪੋਰਟ ਦਿੱਤੀ ਜਾਣੀ ਸੀ ਪ੍ਰੰਤੂ ਅਜੇ ਤੱਕ ਇਸ ਕਮੇਟੀ ਵੱਲੋਂ ਕੋਈ ਮੀਟਿੰਗ ਹੀ ਨਹੀ ਕੀਤੀ ਗਈ ਹੈ ਜਿਸ ਤੋਂ ਇਹ ਸਪਸ਼ਟ ਹੈ ਕਿ ਸਰਕਾਰ ਨੇ ਉਸ ਵੇਲੇ ਵੀ ਪੱਤਰ ਜਾਰੀ ਕਰਕੇ ਕੇਵਲ ਮੁਲਾਜ਼ਮਾਂ ਨੂੰ ਗੁਮਰਾਹ ਕੀਤਾ ਸੀ।  ਸਾਲ 2004 ਤੋਂ ਬਾਅਦ ਭਰਤੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਵੀ ਗਠਿਤ ਕਮੇਟੀ ਦਾ ਇਹੋ ਹਾਲ ਹੈ।  ਮੁਲਾਜ਼ਮ ਆਗੂਆਂ ਵੱਲੋਂ ਦੱਸਿਆ ਗਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਲਾਜ਼ਮਾਂ ਨੇ ਪਿਛਲੀ ਸਰਕਾ ਨੂੰ ਨਕਾਰਦੇ ਹੋਏ ਕਾਂਗਰਸ ਦੀ ਸਰਕਾਰ ਬਣਾਈ ਸੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਬਹੁਤ ਉਮੀਦਾਂ ਸਨ। ਪ੍ਰੰਤੂ, ਵਿੱਤ ਮੰਤਰੀ ਨੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਅਣਗੌਲਿਆਂ ਕਰਕੇ ਮੁਲਾਜ਼ਮਾਂ ਨੂੰ ਕੁੱਝ ਵੀ ਦੇਣ ਤੋਂ ਅਸਮਰਥਤਾ ਜਾਹਿਰ ਕੀਤੀ ਹੈ।  ਦੂਜੇ ਪਾਸੇ ਮੁਲਾਜ਼ਮ ਜੱਥੇਬੰਦੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਚੇਅਰਮੈਨਾਂ/ਵਾਈਸਚੇਅਰਮੈਨਾਂ ਅਤੇ 6 ਐਡਵਾਈਜ਼ਰਾਂ ਦੀ ਨਿਯੁਕਤੀ ਕਰਕੇ ਮੁਲਾਜ਼ਮਾ ਨੂੰ ਨਿਰਾਸ਼ ਕੀਤਾ ਹੈ।  ਇਹੋ ਨਹੀਂ ਸਗੋਂ ਪ੍ਰਸੋਨਲ ਵਿਭਾਗ ਵੱਲੋਂ ਪੰਜਾਬ ਵਿੱਚ ਤੈਨਾਤ ਕੇਂਦਰੀ ਕਰਮਚਾਰੀਆਂ ਨੂੰ ਡੀ.ਏ ਦੇਣ ਸਬੰਧੀ ਜਾਰੀ ਪੱਤਰ ਨੇ ਮੁਲਾਜ਼ਮਾਂ ਦੇ ਜ਼ਖ਼ਮਾਂ ਤੇ ਲੂਣ ਪਾਉਣ ਦਾ ਕੰਮ ਕੀਤਾ ਹੈ।  ਉਨ੍ਹਾਂ ਕਿਹਾ ਕਿ ਜੇਕਰ ਰਾਜ ਦੀ ਵਿੱਤੀ ਸਥਿਤੀ ਠੀਕ ਨਹੀਂ ਤਾਂ ਸਾਰੀਆਂ ਧਿਰਾਂ ਦਾ ਡੀ.ਏ. ਰੋਕਿਆ ਜਾਣਾ ਚਾਹੀਦਾ ਸੀ।  

  ਸਾਂਝੇ ਮੰਚ ਦੇ ਚੰਡੀਗੜ੍ਹ ਅਤੇ ਮੁਹਾਲੀ ਦੇ ਕਨਵੀਨਰਾਂ ਸ. ਸੁਖਚੈਨ ਸਿੰਘ ਖਹਿਰਾ, ਬਲਰਾਜ ਸਿੰਘ ਦਾਊਂ, ਗੁਰਮੇਲ ਸਿੰਘ ਸਿੱਘੂ, ਪਰਵਿੰਦਰ ਸਿੰਘ ਖੰਗੂੜਾ, ਨਿਰਮਲ ਸਿੰਘ ਸੈਣੀ ਆਦਿ ਨੇ ਦੱਸਿਆ ਕਿ ਅੱਜ ਦੇ ਕਲਮ ਛੋੜ ਹੜਤਾਲ ਦੇ ਚਲਦੇ ਪੰਜਾਬ ਸਿਵਲ ਸਕੱਤਰੇਤ, ਸੈਕਟਰ 17 ਵਿਖੇ ਸਥਿਤ ਦਫਤਰ ਜਿਵੇਂ ਕਿ ਉਦਯੋਗ ਵਿਭਾਗ, ਟ੍ਰਾਂਸਪੋਰਟ ਵਿਭਾਗ, ਰੁਜਗਾਰ ਵਿਭਾਗ, ਸੈਕਟਰ 18 ਸਥਿਤ ਜਲ ਸਰੋਤ ਵਿਭਾਗ, ਸੈਕਟਰ 39 ਸਥਿਤ ਖੁਰਾਕ ਤੇ ਵੰਡ ਵਿਭਾਗ, ਤਕਨੀਕੀ ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਅਤੇ ਮੁਹਾਲੀ ਸਥਿਤ ਪੰਜਾਬ ਸਰਕਾਰ ਦੇ ਸਾਰੇ ਹੀ ਦਫਤਰਾਂ ਵਿੱਚ ਕੰਮ ਕਾਜ ਠੱਪ ਰਿਹਾ।  ਇਸ ਮੌਕੇ ਮਲਕੀਤ ਸਿੰਘ ਔਜਲਾ, ਜਸਵੀਰ ਕੌਰ, ਮਹੇਸ਼ ਚੰਦਰ, ਭਗਵੰਤ ਸਿੰਘ ਬਦੇਸ਼ਾ, ਗੁਰਪ੍ਰੀਤ ਸਿੰਘ, ਪਰਵੀਨ ਕੁਮਾਰ, ਸੁਸ਼ੀਲ ਕੁਮਾ਼ਰ, ਮਿਥੁਨ ਚਾਵਲਾ, ਮਨਜੀਤ ਸਿੰਘ ਰੰਧਾਵਾ, ਬਲਰਾਜ ਸਿੰਘ ਦਾਉਂ, ਮਹੇਸ਼ ਚੰਦਰ ਆਦਿ ਸ਼ਾਮਿਲ ਹੋਏ।

Read more