ਵਿਸ਼ਿਆਂ ਦੇ ਅਧਿਆਪਨ ਵਿਧੀ ਸਿਖਲਾਈ ਮੈਨੂਅਲ ਅਧਿਆਪਕਾਂ ਨੂੰ ਹਰ ਸਮੇਂ ਗੁਣਾਤਮਿਕ ਅਧਿਆਪਨ ਵਿਧੀਆਂ ਦੀ ਸੇਧ ਦੇਣ ਵਾਲੇ ਸਾਬਿਤ ਹੋਣਗੇ-ਸਿੱਖਿਆ ਸਕੱਤਰ

– ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ‘ ਟੀਮ ਦੀ ਸਿਖਲਾਈ ਵਰਕਸ਼ਾਪ ਦਾ ਪਹਿਲਾ ਗੇੜ ਸਮਾਪਤ

ਐੱਸ.ਏ.ਐੱਸ.ਨਗਰ 8 ਮਾਰਚ : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ   ‘ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ’ ਪ੍ਰਾਜੈਕਟ ਅਧੀਨ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ-32, ਚੰਡੀਗੜ੍ਹ ਵਿਖੇ ਟੀਮ ਦੇ ਪਹਿਲੇ ਬੈਚ ਦੀ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦੀ ਸਮਾਪਤੀ ਦੌਰਾਨ ਪ੍ਰਾਇਮਰੀ ਅਧਿਆਪਕ ਮੈਨੂਅਲ ਜਾਰੀ ਕਰਦਿਆਂ ਕਿਹਾ ਕਿ ਇਹ ਮੈਨੂਅਲ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਸਟੇਟ ਟੀਮ ਦੇ ਤਨੋਂ-ਮਨੋਂ ਕੀਤੇ ਸਾਂਝੇ ਯਤਨਾਂ ਦਾ ਨਤੀਜਾ ਹਨ , ਜਿਹਨਾਂ ਦੀ ਸਹੀ ਵਰਤੋਂ ਸਕੂਲਾਂ ਵਿੱਚ ਅਧਿਆਪਕਾਂ ਨੂੰ ਹਰ ਵਿਸ਼ੇ ਨੂੰ ਪ੍ਰਾਇਮਰੀ ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਲੋੜਾਂ ਅਨੁਸਾਰ ਪੜ੍ਹਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ। ਇਹ ਮੈਨੂਅਲ ਪ੍ਰਾਇਮਰੀ ਵਿਦਿਆਰਥੀਆਂ ਦੇ ਸਿੱਖਣ-ਪੱਧਰਾਂ ਦੇ ਵਿਕਾਸ ਲਈ ਰਚਨਾਤਮਿਕ ਸਿੱਖਣ-ਸਿਖਾਉਣ ਤਕਨੀਕਾਂ ‘ਤੇ ਅਧਾਰਿਤ ਹਨ।

ਇਸ ਮੌਕੇ ਉਹਨਾਂ ਸਿਖਲਾਈ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੇ ਗੁਣਾਤਮਿਕ ਵਿਕਾਸ ਦਾ ਇੱਕ ਪੱਖ ਪ੍ਰੀ-ਪ੍ਰਾਇਮਰੀ ਜਮਾਤਾਂ ‘ਤੇ ਕੀਤੀ ਗਈ ਮਿਹਨਤ ‘ਤੇ ਵੀ ਨਿਰਭਰ ਹੈ। ਇਹਨਾਂ ਜਮਾਤਾਂ ‘ਤੇ ਦਿੱਤੇ ਵਿਸ਼ੇਸ਼ ਧਿਆਨ ਦਾ ਫ਼ਲ ਸਾਨੂੰ ਪ੍ਰਾਇਮਰੀ ਜਮਾਤਾਂ ਦੀ ਮਜ਼ਬੂਤ ਬੁਨਿਆਦ ਦੇ ਰੂਪ ਵਿੱਚ ਮਿਲੇਗਾ ਜਿਸ ਨਾਲ਼ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਮਿਆਰ ਵਿੱਚ ਹੋਰ ਵਾਧਾ ਹੋਵੇਗਾ। 

ਇਸ ਸਿਖਲਾਈ ਵਰਕਸ਼ਾਪ ਦੇ ਪਹਿਲੇ ਗੇੜ ਦੀ ਸਮਾਪਤੀ ਦੌਰਾਨ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੂਰੀ ਟੀਮ ਨੂੰ ਗੁਣਾਤਮਿਕ ਸਿੱਖਿਆ ਦੇ ਨਾਲ-ਨਾਲ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਵਿੱਚ ਨਵੇਂ ਦਾਖਲਿਆਂ ਲਈ ਵੀ ਵਧ-ਚੜ੍ਹ ਕੇ ਮਿਹਨਤ ਕਰਨੀ ਚਾਹੀਦੀ ਹੈ। ਉਹਨਾਂ ਟੀਮ ਮੈਂਬਰਾਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਜੁਟ ਜਾਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਡਾ.ਦਵਿੰਦਰ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਜਾਰੀ ਕੀਤੇ ਮੈਨੂਅਲ ‘ਅਧਿਆਪਕ ਮੈਨੂਅਲ ਪਾ੍ਇਮਰੀ ਜਮਾਤਾਂ ਲਈ’, ‘ਵਿਸ਼ਾਵਾਰ ਅਧਿਅਾਪਨ ਵਿਧੀਅਾਂ’ ਅਤੇ ‘ਸਿੱਖਣ ਸਿਖਾੳੁਣ ਪ੍ਰਕਿਰਿਆ ਮੁੱਢਲੇ ਪੱਖ’ ਰਾਸ਼ਟਰੀ ਪੱਧਰ ਦੇ ਮਾਪਦੰਡਾਂ ਦੇ ਅਨੁਸਾਰ ਅਤੇ ਬੱਚਿਆਂ ਦੇ ਸਿੱਖਣ ਪੱਧਰਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤਿਆਰ ਕੀਤੇ ਗਏ ਹਨ। ਇਹਨਾਂ ਮੈਨੂਅਲ ਦੀ ਸਹਾਇਤਾ ਨਾਲ  ਵਿਦਿਆਰਥੀਆਂ ਲਈ ਨਿਰਧਾਰਤ  ਸਿੱਖਣ ਪਰਿਣਾਮਾਂ ਸਬੰਧੀ ਮੁਲੰਕਣਾਂ ਦੇ ਵਧੀਆ ਨਤੀਜੇ ਅਾੳੁਣਗੇ| ਉਹਨਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੇ ਵਿਕਾਸ ਲਈ ਇਹ ਸਮੱਗਰੀ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ 

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੇ ਜ਼ਿਲ੍ਹਾ ਕੋਆਰਡੀਨੇਟਰਾਂ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰਾਂ, ਬਲਾਕ ਮਾਸਟਰ ਟ੍ਰੇਨਰਾਂ ਅਤੇ ਕਲੱਸਟਰ ਮਾਸਟਰ ਟ੍ਰੇਨਰਾਂ ਦੀ ਸਲਾਨਾ ਰੈਜ਼ੀਡੈਂਸ਼ੀਅਲ ਸਿਖਲਾਈ ਵਰਕਸ਼ਾਪ 6 ਮਾਰਚ ਤੋਂ 21 ਮਾਰਚ ਤੱਕ ਚਾਰ ਗੇੜਾਂ ਵਿੱਚ ਲਗਾਈ ਜਾ ਰਹੀ ਹੈ। ਪਹਿਲੇ ਗੇੜ ਵਿੱਚ 226 ਟੀਮ ਮੈਂਬਰਾਂ ਦੀ ਸਿਖਲਾਈ ਵਰਕਸ਼ਾਪ ਮਿਤੀ 6 ਮਾਰਚ ਤੋਂ 8 ਮਾਰਚ ਤੱਕ ਲਗਾਈ ਗਈ।ਇਸ ਸਿਖਲਾਈ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਪ੍ਰਾਇਮਰੀ ਜਮਾਤਾਂ ਦੇ ਪੰਜਾਬੀ, ਅੰਗਰੇਜ਼ੀ, ਹਿੰਦੀ, ਗਣਿਤ ਅਤੇ ਵਾਤਾਵਰਨ ਸਿੱਖਿਆ ਵਿਸ਼ਿਆਂ ਨੂੰ ਪੜ੍ਹਾਉਣ ਲਈ ਨਵੀਆਂ ਸਿੱਖਣ-ਸਿਖਉਣ ਤਕਨੀਕਾਂ ਬਾਰੇ ਸਿਖਲਾਈ ਪ੍ਰਦਾਨ ਕੀਤੀ ਗਈ। ਸਟੇਟ ਰਿਸੋਰਸ ਪਰਸਨਾਂ ਵੱਲੋਂ ਸੈਸ਼ਨ 2020-21 ਲਈ ਟੀਮ ਮੈਂਬਰਾਂ ਨੂੰ  ਨਵੇਂ ਮੈਨੂਅਲਾਂ ਅਨੁਸਾਰ ਸਿੱਖਣ ਪਰਿਣਾਮਾਂ ਦੇ ਅਧਾਰਿਤ ਸਿਖਲਾਈ ਪ੍ਰਦਾਨ ਕਰਦਿਆਂ ਖੇਡ ਨੀਤੀ, ਦਰਪਣ ਐਪ, ਆਈ.ਸੀ.ਟੀ, ਤਿੰਨੋਂ ਭਾਸ਼ਾਵਾਂ ਦੀ ਸੁੰਦਰ ਲਿਖਾਈ ਅਤੇ ਈ.ਕੰਟੈਂਟ ਦੀ ਵਰਤੋਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ। ਰਿਸੋਰਸ ਪਰਸਨਾਂ ਵੱਲੋਂ ਮੁਲਾਂਕਣ ਪ੍ਰਣਾਲੀ ਸੰਬੰਧੀ ਜ਼ਰੂਰੀ ਨਕਤਿਆਂ ਸੰਬੰਧੀ ਅਧਿਆਪਕਾਂ ਨੂੰ ਸਿੱਖਿਅਤ ਕੀਤਾ ਗਿਆ।

Read more