ਵਿਧਾਨ ਸਭਾ ‘ਚ ਕੈਪਟਨ ਅਮਰਿੰਦਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਏਗੀ ‘ਆਪ’- ਹਰਪਾਲ ਸਿੰਘ ਚੀਮਾ

ਕਿਸਾਨ, ਮਜ਼ਦੂਰ, ਨੌਜਵਾਨ, ਦਲਿਤ ਸਮੇਤ ਸਾਰੇ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਸਰਕਾਰ

ਚੰਡੀਗੜ੍ਹ, 11 ਫਰਵਰੀ 2019

ਸੂਬੇ ਭਰ ਦੇ ਲੋਕਾਂ ਤੋਂ ਇਕੱਠੇ ਕੀਤੇ ਮੁੱਦਿਆਂ ਦੇ ਆਧਾਰ ‘ਤੇ ਆਮ ਆਦਮੀ ਪਾਰਟੀ 12 ਫਰਵਰੀ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਰਕਾਰ ਤੋਂ ਜਵਾਬ ਮੰਗੇਗੀ।

ਇਸ ਸੰਬੰਧੀ ਬੋਲਦਿਆਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਇਕ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਏਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ ਅਤੇ ਸੂਬੇ ਭਰ ਵਿਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।

ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਆਦਿ ਕੋਲੋਂ ਫਾਰਮ ਭਰਵਾ ਕੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ, ਪਰੰਤੂ ਹੁਣ ਵੀ ਸਾਰੇ ਵਰਗਾਂ ਦੇ ਮੁੱਦੇ ਜਿਉਂ ਦੇ ਤਿਉਂ ਖੜੇ ਹਨ।

ਉਨ੍ਹਾਂ ਕਿਹਾ ਕਿ ‘ਆਪ’ ਦੇ ਵਿਧਾਇਕ ਕਿਸਾਨੀ ਅਤੇ ਖੇਤ ਮਜ਼ਦੂਰ, ਪੰਜਾਬੀ ਭਾਸ਼ਾ, ਟਰਾਂਸਪੋਰਟ ਮਾਫ਼ੀਆ, ਵਪਾਰ, ਸਿੱਖਿਆ, ਔਰਤ ਸ਼ਸ਼ਕਤੀਕਰਨ, ਦਲਿਤ, ਨਰੇਗਾ, ਸਿਹਤ, ਟਰੈਵਲ ਏਜੰਟਾਂ, ਨਸ਼ਾ, ਕਾਨੂੰਨ ਅਤੇ ਨਿਆਂ ਸਥਿਤੀ, ਨੌਜਵਾਨ ਰੋਜ਼ਗਾਰ ਸਮੇਤ ਐਸਐਸਐਸ ਬੋਰਡ ਟੈੱਸਟ ਪਾਸ ਉਮੀਦਵਾਰਾਂ, ਬੁਢਾਪਾ, ਅਪੰਗ ਅਤੇ ਨਿਰਭਰਤਾ ਭੱਤਾ 2500 ਕਰਨ ਅਤੇ ਸ਼ਗਨ ਸਕੀਮ ਤਹਿਤ 51000 ਦੇਣ ਸਮੇਤ ਸੂਬੇ ਵਿਚ ਬਿਜਲੀ ਦੇ ਵੱਧ ਰੇਟਾਂ ਦੇ ਮੁੱਦੇ ਚੁੱਕਣਗੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ‘ਆਪ’ ਵਿਧਾਇਕਾਂ ਦੀ ਚੰਡੀਗੜ੍ਹ ‘ਚ ਮੀਟਿੰਗ ਕੀਤੀ ਗਈ ਅਤੇ ਰਣਨੀਤੀ ਤਿਆਰ ਕੀਤੀ ਗਈ।     

Read more