ਵਿਦੇਸ਼ਾਂ ‘ਚ ਸ਼ਰਨਾਰਥੀਆਂ ਵਜੋਂ ਰਹਿ ਰਹੇ ਪੰਜਾਬੀਆਂ ਨੂੰ ਭਾਰਤ ਆਉਣ ਦੀ ਇਜਾਜ਼ਤ

ਚੰਡੀਗੜ੍ਹ/10 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਨਰਿੰਦਰ ਮੋਦੀ ਸਰਕਾਰ ਵਲੋਂ ਵਿਦੇਸ਼ਾਂ ਵਿਚ ਸ਼ਰਨਾਰਥੀਆਂ ਵਜੋਂ ਰਹਿ ਰਹੇ ਸਿੱਖਾਂ ਦੀਆਂ ਬਣਾਈਆਂ ਸਥਾਨਕ ਸੂਚੀਆਂ ਖ਼ਤਮ ਕਰਨ ਦੇ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਇਹ ਸੂਚੀਆਂ ਭਾਰਤੀ ਦੂਤਾਵਾਸਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਸਨ।
ਸੁਖਬੀਰ ਨੇ ਕਿਹਾ ਕਿ ਹੁਣ ਭਾਰਤੀ ਦੂਤਾਵਾਸਾਂ ਅਤੇ ਹਾਈ ਕਮਿਸ਼ਨਾਂ ਵੱਲੋਂ ਅਜਿਹੀਆਂ ਕੋਈ ਵੀ ਸਥਾਨਕ ਸੂਚੀਆਂ ਤਿਆਰ ਕੀਤੀਆਂ ਜਾਂ ਸੰਭਾਲ ਕੇ ਨਹੀਂ ਰੱਖੀਆਂ ਜਾਣਗੀਆਂ। ਇਸ ਨਾਲ ਉਹਨਾਂ ਪੰਜਾਬੀਆਂ ਨੂੰ ਭਾਰਤ ਆਉਣ ਦੀ ਸਹੂਲਤ ਮਿਲੇਗੀ, ਜਿਹੜੇ ਵਿਦੇਸ਼ਾਂ ਵਿਚ ਸ਼ਰਨ ਲੈ ਕੇ ਰਹਿ ਰਹੇ ਹਨ।
ਸੁਖਬੀਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਆਪਣੇ ਪਰਿਵਾਰਾਂ ਸਮੇਤ ਸ਼ਰਨਾਰਥੀਆਂ ਵਜੋਂ ਰਹਿ ਰਹੇ ਸਿੱਖਾਂ ਅਤੇ ਪੰਜਾਬੀਆਂ  ਨੂੰ ਹੁਣ ਵੀਜ਼ੇ ਦਿੱਤੇ ਜਾਣਗੇ ਅਤੇ ਉਹਨਾਂ ਨੂੰ ਮੁਲਕਾਂ ਦੇ ਬਾਕੀ ਨਾਗਰਿਕਾਂ ਵਾਂਗ ਦੂਤਾਵਾਸ ਦੀਆਂ ਸਹੂਲਤਾਂ ਵੀ ਮਿਲਿਆ ਕਰਨਗੀਆਂ। ਜੇਕਰ ਉਹਨਾਂ ਕੋਲ ਘੱਟੋ ਘੱਟ ਦੋ ਸਾਲ ਪੁਰਾਣੇ ਭਾਰਤੀ ਵੀਜ਼ੇ ਹੋਣ ਤਾਂ ਉਹ ਓਸੀਆਈ ਕਾਰਡ ਵੀ ਲੈ ਸਕਦੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਿੱਖਾਂ ਦੇ ਹੱਕ ਵਿਚ ਲਿਆ ਇਹ ਤੀਜਾ ਫੈਸਲਾ ਹੈ। ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘਾ ਅਤੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਰਗੇ ਦੋ ਵੱਡੇ ਫੈਸਲੇ ਲਏ ਗਏ ਸਨ।
ਇੱਥੇ ਦੱਸਣਯੋਗ ਹੇ ਕਿ ਵਿਦੇਸ਼ਾਂ ਵਿਚ ਸ਼ਰਨ ਲੈਣ ਮਗਰੋਂ ਭਾਰਤੀ ਮੂਲ ਦੇ ਸ਼ਰਨਾਰਥੀਆਂ, ਜਿਹਨਾਂ ਵਿਚ ਜ਼ਿਆਦਾਤਰ ਸਿੱਖ ਹਨ, ਨੂੰ ਭਾਰਤੀ ਦੂਤਾਵਾਸਾਂ ਦੁਆਰਾ ਵੀਜ਼ਾ ਸੇਵਾਵਾਂ ਨਹੀਂ ਦਿੱਤੀਆਂ ਜਾਂਦੀਆਂ ਸਨ।

Read more