ਵਿਜੀਲੈਂਸ ਨੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਦਾ ਜੂਨੀਅਰ ਆਡੀਟਰ ਰਿਸ਼ਵਤ ਲੈਂਦੇ ਦਬੋਚਿਆ

ਪਟਿਆਲਾ, 23 ਅਗਸਤ: ਸਰਕਾਰੀ ਦਫ਼ਤਰਾਂ ‘ਚ ਭ੍ਰਿਸ਼ਟਚਾਰ ਨੂੰ ਰੋਕਣ ਲਈ ਸਰਗਰਮ ਚੌਕਸੀ ਪੁਲਿਸ ਨੇ ਖੁਰਾਕ ਤੇ ਸਿਵਲ ਸਪਲਾਈਜ ਦੇ ਪਟਿਆਲਾ ਸਥਿਤ ਦਫ਼ਤਰ ‘ਚ ਤਾਇਨਾਤ ਜੂਨੀਅਰ ਆਡੀਟਰ ਨੂੰ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਪਟਿਆਲਾ ਵੱਲੋਂ ਮੁਕੱਦਮਾ ਨੰਬਰ 13 ਮਿਤੀ 22-08-2019 ਅ/ਧ 7 ਪੀ.ਸੀ.ਐਕਟ 1988 (ਅਮੈਂਡਮੈਂਟ-2018) ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਖੁਰਾਕ ਤੇ ਸਿਵਲ ਸਪਲਾਈਜ, ਵਿਭਾਗ, ਪਟਿਆਲਾ ਦਫ਼ਤਰ ਦੇ ਜੂਨੀਅਰ ਆਡੀਟਰ ਜਸਪਾਲ ਸਿੰਘ ਸੋਢੀ ਵਿਰੁੱਧ ਦਰਜ ਕੀਤਾ ਗਿਆ ਹੈ। 

ਵਿਜੀਲੈਂਸ ਦੇ ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸ੍ਰੀ ਹਰਿੰਦਰਪਾਲ ਸ੍ਰੀ ਰਾਮ ਸ਼ਰਨਮ, ਰਾਈਸ ਮਿੱਲ, ਦੁਗਾਲ ਕਲਾਂ ਪਾਤੜਾਂ ਦਾ ਮਾਲਕ ਹੈ, ਜਿਸ ਦਾ ਸਾਲ 2018-19 ਦੌਰਾਨ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਨਾਲ ਝੋਨੇ ਦੀ ਫਸਲ ਸਟੋਰ ਕਰਨ ਸਬੰਧੀ ਇਕਰਾਰਨਾਮਾ ਹੋਇਆ ਸੀ ਅਤੇ ਸ੍ਰੀ ਹਰਿੰਦਰਪਾਲ ਨੇ ਕਰੀਬ ਤਿੰਨ ਲੱਖ ਰੁਪਏ ਦੀ ਸਕਿਉਰਟੀ ਇਸ ਏਜੰਸੀ ਕੋਲ ਜਮ੍ਹਾਂ ਕਰਵਾਈ। 

ਸ਼ਿਕਾਇਤ ਕਰਤਾ ਨੇ ਆਪਣੀ ਇਸ ਕਸਟਮ ਮਿਲਿੰਗ ਦੇ ਬਣਦੇ ਬਿੱਲ ਪਾਸ ਕਰਵਾਉਣ ਲਈ ਖੁਰਾਕ ਤੇ ਸਿਵਲ ਸਪਲਾਈਜ, ਵਿਭਾਗ, ਪਟਿਆਲਾ ਕੋਲ ਕਰੀਬ 2 ਮਹੀਨੇ ਪਹਿਲਾ ਦਿੱਤੇ ਤੇ ਇਨ੍ਹਾਂ ਬਿਲਾਂ ਨੂੰ ਪਾਸ ਕਰਨ ਲਈ ਇਸ ਦਫ਼ਤਰ ਦੇ ਜੂਨੀਅਰ ਆਡੀਟਰ ਜਸਪਾਲ ਸਿੰਘ ਸੋਢੀ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਲਈ ਸ਼ਿਕਾਇਤ ਕਰਤਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਵੱਲੋਂ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਲਈ 1 ਫੀਸਦੀ ਫੀਸ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਤਰ੍ਹਾਂ ਜਸਪਾਲ ਸਿੰਘ ਸੋਢੀ ਨੇ ਸ਼ਿਕਾਇਤ ਕਰਤਾ ਰਾਈਸ ਮਿਲਰ ਤੋਂ 5,000 ਰੁਪਏ ਬਤੌਰ ਰਿਸ਼ਵਤ ਮੰਗੇ। 

ਸ. ਸਿੱਧੂ ਨੇ ਦੱਸਿਆ ਕਿ ਇਸ 5000 ਰੁਪਏ ਦੀ ਰਕਮ ਨੂੰ ਜਸਪਾਲ ਸਿੰਘ ਸੋਢੀ, ਜੂਨੀਅਰ ਆਡੀਟਰ, ਦਫਤਰ ਖੁਰਾਕ ਤੇ ਸਿਵਲ ਸਪਲਾਈਜ, ਵਿਭਾਗ ਵੱਲੋਂ ਸ਼ਿਕਾਇਤ ਕਰਤਾ ਤੋਂ ਹਾਸਲ ਕਰਦਿਆਂ ਮਿਤੀ 22 ਅਗਸਤ ਨੂੰ ਉਸਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਦਫ਼ਤਰ ‘ਚੋਂ ਸਰਕਾਰੀ ਗਵਾਹਾਂ ਉਪ ਮੰਡਲ ਇੰਜਨੀਅਰ ਸ੍ਰੀ ਲਲਿਤ ਮਿੱਤਲ, ਜੂਨੀਅਰ ਇੰਜਨੀਅਰ, ਦਫ਼ਤਰ ਕਾਰਜਕਾਰੀ ਇੰਜਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਮੰਡਲ-2 ਸ੍ਰੀ ਸਤਿੰਦਰ ਸਿੰਘ ਦੀ ਹਾਜਰੀ ਵਿੱਚ ਡੀ.ਐਸ.ਪੀ, ਵਿਜੀਲੈਂਸ ਬਿਊਰੋ ਪਟਿਆਲਾ ਸ੍ਰੀ ਗੁਰਸ਼ੇਰ ਸਿੰਘ ਦੀ ਟੀਮ ਨੇ ਗ੍ਰਿਫਤਾਰ ਕਰਕੇ ਰਿਸ਼ਵਤ ਵਾਲੇ 5,000 ਰੁਪਏ ਬਰਾਮਦ ਕਰਵਾਏ। ਵਿਜੀਲੈਂਸ ਦੀ ਇਸ ਟੀਮ ਵਿੱਚ ਇੰਸਪੈਕਟਰ ਪ੍ਰਿਤਪਾਲ ਸਿੰਘ, ਏ.ਐਸ.ਆਈ ਰਜਨੀਸ ਕੌਸ਼ਲ, ਸੀ-2 ਸ਼ਾਮ ਸੁੰਦਰ, ਸੀ-2 ਹਰਮੀਤ ਸਿੰਘ, ਸੀਨੀਅਰ ਸਿਪਾਹੀ ਸਤਨਾਮ ਸਿੰਘ, ਸਿਪਾਹੀ ਗੁਰਜਿੰਦਰ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁਕਦਮੇ ਦੀ ਅਗਲੇਰੀ ਪੜਤਾਲ ਜਾਰੀ ਹੈ।

Read more