ਵਿਆਹ ਸਮਾਗਮਾਂ ਅਤੇ ਖੁਸ਼ੀ ਦੇ ਤਿਉਹਾਰ ’ਤੇ ਪਟਾਕੇ ਚਲਾਉਣ ਦੀ ਮਨਾਹੀ-ਜ਼ਿਲ੍ਹਾ ਮੈਜਿਸਟ੍ਰੇਟ

ਨਵਾਂਸ਼ਹਿਰ, 20 ਸਤੰਬਰ- ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974) ਦੇ ਐਕਟ 2 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿਆਹ ਸਮਾਗਮਾਂ ਅਤੇ ਹੋਰ ਕਿਸੇ ਵੀ ਖੁਸ਼ੀ, ਦਿਨ-ਤਿਉਹਾਰ ਦੇ ਮੌਕੇ ’ਤੇ ਪਟਾਕੇ ਚਲਾਉਣ ’ਤੇ 21 ਸਤੰਬਰ ਤੋਂ 20 ਨਵੰਬਰ 2019 ਤੱਕ ਰੋਕ ਲਗਾ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ 23548 ਆਫ਼ 2017 ਅਤੇ 23905 ਆਫ਼ 2017 ਰਾਹੀਂ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵਿਆਹ ਵਾਲੇ ਦਿਨ, ਨਵੇਂ ਸਾਲ ਦੇ ਮੌਕੇ ’ਤੇ ਅਤੇ ਕਿਸੇ ਵੀ ਖੁਸ਼ੀ ਜਾਂ ਤਿਉਹਾਰ ਦੇ ਮੌਕੇ ’ਤੇ ਪਟਾਕੇ ਚਲਾਏ ਜਾਣ ’ਤੇ ਪਾਬੰਦੀ ਲਗਾਈ ਹੋਈ ਹੈ।

ਪ੍ਰੈਸ ਨੋਟ-2

ਪਸ਼ੂਆਂ ਵਿੱਚ ਮਸਨੂਈ ਗਰਭਦਾਨ ਵਾਸਤੇ ਨਕਲੀ/ਅਣ-ਅਧਿਕਾਰਿਤ ਸੀਮਨ ਦੀ ਵਰਤੋਂ ’ਤੇ ਮਨਾਹੀ

ਨਵਾਂਸ਼ਹਿਰ, 20 ਸਤੰਬਰ-

ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਪਸ਼ੂਆਂ ਵਿੱਚ ਮਸਨੂਈ ਗਰਭਦਾਨ ਵਾਸਤੇ ਵਰਤੇ ਜਾਂਦੇ ਨਕਲੀ ਅਤੇ ਅਣ-ਅਧਿਕਾਰਿਤ ਸੀਮਨ ਦੀ ਵਿੱਕਰੀ ਅਤੇ ਵਰਤੋਂ ’ਤੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਤਹਿਤ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਵਿਭਾਗ ਦੀ ਬ੍ਰੀਡਿੰਗ ਪਾਲਿਸੀ ਦੇ ਉਲਟ ਅਣ-ਅਧਿਕਾਰਿਤ ਸੀਮਨ ਵਿਕਣ ਨਾਲ ਰਾਜ ਦੇ ਪਸ਼ੂਧਨ ਦੀ ਨਸਲ ਖਰਾਬ ਹੋਣ ਦਾ ਖਦਸ਼ਾ ਬਣ ਜਾਂਦਾ ਹੈ ਕਿਉਂ ਜੋ ਇਸ ਤਰ੍ਹਾਂ ਦੇ ਸੀਮਨ ਦੀ ਨਸਲ (ਪੈਡਿਗਰੀ) ਬਾਰੇ ਕੁੱਝ ਪਤਾ ਨਹੀਂ ਹੁੰਦਾ।

ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਪੰਜਾਬ ਸਰਕਾਰ ਦੇ ਪਸ਼ੂਧਨ ਨਸਲ ਸੁਧਾਰ ਉਪਰਾਲੇ ਤਹਿਤ ਸਰਕਾਰੀ ਲਾਈਵਸਟਾਕ ਫ਼ਾਰਮਜ਼ ’ਤੇ ਉਤਮ ਕਿਸਮ ਦੇ ਬੁੱਲਜ਼ ਤੋਂ ਤਿਆਰ ਕੀਤਾ ਜਾਂਦਾ/ਵਿਦੇਸ਼ਾਂ ਤੋਂ ਮੰਗਵਾਇਆ ਉਤਮ ਨਸਲ ਦਾ ਮਿਆਰੀ ਸੀਮਨ ਹੀ ਸਰਕਾਰ ਦੀ ਬਰੀਡਿੰਗ ਪਾਲਿਸੀ ਤਹਿਤ ਵਰਤੋਂ ਯੋਗ ਹੋਣ ਕਾਰਨ, ਅਣ-ਅਧਿਕਾਰਿਤ ਤੌਰ ’ਤੇ ਵਰਤੋਂ ਵਿੱਚ ਲਿਆਂਦੇ ਜਾਂਦੇ ਸੀਮਨ ’ਤੇ ਪਾਬੰਦੀ ਲਾਈ ਜਾਂਦੀ ਹੈ। ਇਹ ਪਾਬੰਦੀ 19 ਸਤੰਬਰ ਤੋਂ 18 ਨਵੰਬਰ 2019 ਤੱਕ ਅਮਲ ਵਿੱਚ ਰਹੇਗੀ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅਤੇ ਜ਼ਿਲ੍ਹਾ ਪੁਲੀਸ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਂਵਾਰੀ ਸੌਂਪੀ ਗਈ ਹੈ।

ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਸਮੂਹ ਵੈਟਰਨਰੀ ਸੰਸਥਾਂਵਾਂ ਸਮੇਤ ਪਸ਼ੂ ਹਸਪਤਾਲ/ਡਿਸਪੈਂਸਰੀਆਂ ਅਤੇ ਪੋਲੀਕਲੀਨਿਕ, ਪਸ਼ੂ ਪਾਲਣ ਵਿਭਾਗ, ਪੰਜਾਬ ਮਿਲਕਫ਼ੈਡ ਅਤੇ ਕਾਲਜ ਆਫ਼ ਵੈਟਰਨਰੀ ਸਾਇੰਸ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਆਰਟੀਫ਼ਿਸ਼ੀਅਲ ਇੰਨਸੈਮੀਨੇਸ਼ਨ ਸੈਂਟਰ ਅਤੇ ਪ੍ਰੋਗਰੈਸਿਵ ਡੇਅਰੀ ਫ਼ਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਜਿਨ੍ਹਾਂ ਨੇ ਕੇਵਲ ਆਪਣੇ ਪਸ਼ੂਆਂ ਦੀ ਵਰਤੋਂ ਲਈ ਬੋਵਾਇਨ ਸੀਮਨ ਆਯਾਤ ਕੀਤਾ ਹੋਵੇ, ਨੂੰ ਇਨ੍ਹਾਂ ਮਨਾਹੀ ਦੇ ਹੁਕਮਾਂ ਤੋਂ ਛੋਟ ਹੋਵੇਗੀ।

Read more