ਵਾਅਦਾਖਿਲਾਫ਼ੀ ਖਿਲਾਫ : ਪੰਜਾਬ ਭਰ ‘ਚ ਕਲਮਛੋੜ ਹੜਤਾਲ ਕਾਰਨ ਕੰਮਕਾਜ ਲੀਹੋ ਲੱਥਾ

PunjabUpdate.Com

ਚੰਡੀਗੜ੍ਹ, 17 ਜੂਨ
ਕੈਪਟਨ ਸਰਕਾਰ ਦੀ ਵਾਅਦਾਖਿਲਾਫ਼ੀ ਖਿਲਾਫ ਇੱਕ ਵਾਰ ਫੇਰ ਮੋਰਚਾ ਖੋਲ੍ਹਦਿਆਂ ਪੰਜਾਬ ਭਰ ‘ਚ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਕਲਮਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਹੜਤਾਲ ਦੇ ਪਹਿਲੇ ਦਿਨ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਸਰਕਾਰੀ ਕੰਮਕਾਜ ਪੂਰੀ ਤਰ੍ਹਾਂ ਨਾਲ ਠੱਪ ਰਿਹਾ। ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਮੁਲਾਜ਼ਮ ਮੰਚ ਦੇ ਸੱਦੇ ਉਤੇ ਸ਼ੁਰੂ ਕੀਤੀ ਗਈ ਸਾਰੇ ਜ਼ਿਲ੍ਹਿਆਂ ਵਿਚੋਂ ਹੀ ਭਰਵਾਂ ਹੁੰਗਾਰਾ ਮਿਲਿਆ। ਡੀਸੀ ਦਫ਼ਤਰਾਂ ਦੇ ਅੱਗੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ ਧਰਨੇ ਅਤੇ ਪ੍ਰਦਰਸ਼ਨ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਦਫ਼ਤਰਾਂ ਦੀ ਸੂਬਾ ਪੱਧਰੀ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਨੇ ਦੱਸਿਆ ਕਿ ਜਿੰਨ੍ਹਾਂ ਚਿਰ ਕੈਪਟਨ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਲਿਖਤੀ ਹੁਕਮ ਨਹੀਂ ਜਾਰੀ ਕੀਤੇ ਜਾਂਦੇ ਉਨ੍ਹਾਂ ਚਿਰ ਅਣਮਿਥੇ ਸਮੇਂ ਲਈ ਡੀਸੀ ਦਫ਼ਤਰਾਂ ‘ਚ ਕਲਮ ਛੋੜ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਹੜਤਾਲ ਦੇ ਪਹਿਲੇ ਦਿਨ ਦਫ਼ਤਰਾਂ ਵਿਚ ਪੰਜਾਬ ਸਰਕਾਰ ਦਾ ਕੰਮਕਾਜ ਮੁਕੰਮਲ ਬੰਦ ਰੱਖਿਆ ਗਿਆ ਅਤੇ ਧਰਨੇ ਪ੍ਰਦਰਸ਼ਨ ਕੀਤੇ ਗਏ। ਆਗੂਆਂ ਨੇ ਦੱਸਿਆ ਕਿ ਸੂਬਾ ਭਰ ਵਿਚੋਂ ਮਿਲੀਆਂ ਰਿਪੋਰਟਾਂ ਮੁਤਾਬਕ ਮੁਲਾਜ਼ਮਾਂ ‘ਚ ਸਰਕਾਰ ਦੀ ਵਾਅਦਾਖਿਲਾਫ਼ੀ ਖਿਲਾਫ ਭਾਰੀ ਗੁੱਸਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਕਲ੍ਹ ਬੁੱਧਵਾਰ ਨੂੰ ਵੀ ਸਾਰੇ ਜ਼ਿਲ੍ਹਿਆਂ ਵਿਚ ਕਲਮ ਛੋੜ ਹੜਤਾਲ ਜਾਰੀ ਰਹੇਗੀ ਅਤੇ ਜ਼ਿਲ੍ਹਾ ਹੈਡ ਕੁਆਰਟਰਾਂ ‘ਤੇ ਗੇਟ ਰੈਲੀਆਂ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਭਲਕੇ 20 ਜੂਨ ਨੂੰ ਸਾਰੇ ਜ਼ਿਲ੍ਹਿਆਂ ਵਿਚ ਡੀਸੀ ਦਫ਼ਤਰਾਂ ਅੱਗੇ ਕੈਪਟਨ ਸਰਕਾਰ ਦੀ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 21  ਜੂਨ ਨੂੰ ਮੋਟਰਸਾਈਕਲ ਮਾਰਚ ਕੱਢੇ ਜਾਣਗੇ।  
ਦੱਸਣਯੋਗ ਹੈ ਕਿ ਕੈਪਟਨ ਸਰਕਾਰ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੰਘਰਸ਼ ਕਰ ਰਹੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦਾ ਇਹ ਕਹਿ ਕੇ ਸੰਘਰਸ਼ ਰੋਕ ਦਿੱਤਾ ਸੀ ਕਿ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ ਮੰਗਾਂ ਮੰਨ ਲਈਆਂ ਜਾਣਗੀਆਂ। ਇਸੇ ਤਹਿਤ ਖੁਦ ਮੁੱਖ ਮੰਤਰੀ ਨੇ 27 ਮਈ ਨੂੰ ਕੈਬਨਿਟ ਸਬ ਕਮੇਟੀ ਦੀ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਵਾ ਕੇ ਮਸਲੇ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਇਸ ਕਮੇਟੀ ਨੇ ਮੀਟਿੰਗ ਕਰਨੀ ਵੀ ਜ਼ਰੂਰੀ ਨਹੀਂ ਸਮਝੀ। ਇਸ ਦੇ ਉਲਟ ਚੋਣ ਜ਼ਾਬਤਾ ਖ਼ਤਮ ਹੋਣ ‘ਤੇ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਅੰਗੂਠਾ ਦਿਖਾਉਣ ਤੇ ਆਲ੍ਹਾ ਅਧਿਕਾਰੀਆਂ ਨੂੰ ਡੀਏ ਦੇ ਗੱਫ਼ੇ ਦੇਣ ਕਾਰਨ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਚੋਣਾਂ ਤੋਂ ਬਾਅਦ ਵੀ ਕੈਪਟਨ ਸਰਕਾਰ ਵੱਲੋਂ ਡੀਏ ਦੀਆਂ 15 ਫ਼ੀਸਦ ਕਿਸ਼ਤਾਂ ਦੇਣ, ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਵੀ ਟਾਲਾ ਵੱਟਣ ਕਾਰਨ ਮੁਲਾਜ਼ਮ ਭੜਕ ਪਏ ਹਨ। ਇਸ ਵਿਰੁੱਧ ਪੰਜਾਬ ਸਟੇਟ ਡੀਸੀਜ਼ ਦਫ਼ਤਰ ਮੁਲਾਜ਼ਮ ਯੂਨੀਅਨ ਵਲੋਂ ਅਣਮਿੱਥੇ ਸਮੇਂ ਦੀ ਕਲਮ ਛੋੜ ਹੜਤਾਲ ਕਰੇਗੀ।  17 ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਮੁਲਾਜ਼ਮ ਮੰਚ ਪੰਜਾਬ ਦੇ ਕਨਵੀਨਰ ਗੁਰਮੇਲ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ 24 ਜੂਨ ਨੂੰ ਸੈਕਟਰ 17 ਵਿਚ ਰੈਲੀ ਕੀਤੀ ਜਾਵੇਗੀ।

Read more