ਲੌਕਡਾਊਨ ਦੌਰਾਨ ਉਲੰਘਣਾ ਦੇ ਵੱਖ-ਵੱਖ ਮਾਮਲਿਆਂ ’ਚ 649 ਐਫ਼.ਆਈ.ਆਰਜ਼. ਦਰਜ ਕਰਕੇ 934 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ: ਐਸ.ਐਸ.ਪੀ.


ਸੰਗਰੂਰ, 22 ਮਈ:
ਜ਼ਿਲ੍ਹੇ ’ਚ ਅਮਨ-ਅਮਾਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਸਦਕਾ ਸੰਗਰੂਰ ’ਚ ਕੋਵਿਡ-19 ਦੇ 91 ਕੇਸ ਪਾਜਿਟਿਵ ਆਉਣ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੰਦੇ ਹੋਏ ਇਸ ਨੂੰ ਵਿਆਪਕ ਪੱਧਰ ’ਤੇ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਅਤੇ ਲੌਕਡਾਊਨ ਨੂੰ ਸਫ਼ਲਤਾ ਨਾਲ ਲਾਗੂ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ। ਇਨ੍ਹਾਂ ਉਪਰਾਲਿਆਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਕੋਵਿਡਲੂ-19 ਲਾਗ ਦੀ ਬਿਮਾਰੀ ਹੈ ਜੋ ਇਸ ਨਾਲ ਪਾਜਿਟਿਵ ਵਿਅਕਤੀ ਦੇ ਸੰਪਰਕ ’ਚ ਆਉਣ ਨਾਲ ਫੈਲਦੀ ਹੈ ਤੇ ਇਸਨੂੰ ਫੈਲਣ ਤੋਂ ਰੋਕਣ ਲਈ ਕੋਰੋਨਾਵਾਇਰਸ ਦੀ ਲੜੀ ਤੋੜਨ ਦੀ ਸਖ਼ਤ ਲੋੜ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਪੁਲਿਸ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦਿਆਂ ਕੋਵਿਡ-19 ਦੇ ਖ਼ਤਰੇ ਨੂੰ ਘਟਾਇਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ 23 ਮਾਰਚ 2020 ਤੋਂ ਲੈ ਕੇ ਅੱਜ ਤੱਕ ਸੰਗਰੂਰ ਜ਼ਿਲ੍ਹੇ ’ਚ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਗੂ ਕੀਤੇ ਕਰਫਿਊ ਜਾਂ ਲੌਕਡਾਊਨ ਦੌਰਾਨ ਉਲੰਘਣਾ ਦੇ ਵੱਖ-ਵੱਖ ਮਾਮਲਿਆਂ ’ਚ 649 ਐਫ਼.ਆਈ.ਆਰਜ਼. ਦਰਜ ਕਰਕੇ 934 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਿਨਾਂ ਮਨਜੂਰੀ ਤੋਂ ਸੜਕਾਂ ’ਤੇ ਘੁੰਮਣ ਵਾਲੇ 865 ਵਹੀਕਲ ਇਮਪਾਉਂਡ ਵੀ ਕੀਤੇ ਗਏ ਹਨ ਅਤੇ ਹੁੱਲੜਬਾਜ਼ੀ ਰੋਕਣ ਲਈ ਨਾਕਿਆਂ ਦੀ ਗਿਣਤੀ ਵੀ ਆਮ ਨਾਲੋਂ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਅਤੇ ਇਹ ਹਦਾਇਤਾਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੀ ਜਾਰੀ ਕੀਤੀਆਂ ਗਈਆਂ ਹਨ।
ਡਾ. ਸੰਦੀਪ ਗਰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮੇਂ-ਸਮੇਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਕੋਵਿਡ-19 ਵਿਰੁੱਧ ਚੱਲ ਰਹੀ ਇਸ ਜੰਗ ਦੌਰਾਨ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ। ਉਨ੍ਹਾਂ ਘਰਾਂ ’ਚ ਕਵਾਰਨਟੀਨ ਕੀਤੇ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਦੂਜਿਆਂ ਦੇ ਸੰਪਰਕ ’ਚ ਆਉਣ ਤੋਂ ਗੁਰੇਜ਼ ਕਰਨ ਅਤੇ ਸਿਹਤਮੰਦ ਸਮਾਜ ਰੱਖਣ ’ਚ ਆਪਣਾ ਯੋਗਦਾਨ ਤਨਦੇਹੀ ਨਾਲ ਪਾਉਣ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਵਾਰਨਟੀਨ ਕੀਤੇ ਗਏ ਵਿਅਕਤੀ ਜਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਨਾ ਜਾਣ ਕਿਉਂਕਿ ਇੱਕ ਛੋਟੀ ਜਿਹੀ ਗਲਤੀ ਪੂਰੇ ਜ਼ਿਲ੍ਹੇ ’ਚ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਮੁੜ ਫੈਲਾਅ ਸਕਦੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਕਰਫ਼ਿਊ ਅਤੇ ਲੌਕਡਾਊਨ ਦੌਰਾਨ ਜ਼ਿਲ੍ਹੇ ਪੁਲਿਸ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ’ਚ ਵੀ ਹਿੱਸਾ ਪਾਇਆ ਗਿਆ ਹੈ ਅਤੇ ਲੋੜਵੰਦਾਂ ਤੱਕ ਜ਼ਰੂਰੀ ਵਸਤਾਂ ਦੀ ਪਹੁੰਚ ਯਕੀਨੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕੰਟਰੋਲ ਰੂਮ ਦੇ ਨਾਲ-ਨਾਲ ਐਮਰਜੈਂਸੀ ਸਰਵਿਸਿਜ਼ ਐਪ, ‘ਪੇਸਾ ਪੰਜਾਬ ਐਪ’ ਰਾਹੀਂ ਵੀ ਅਨੇਕਾਂ ਲੋੜਵੰਦਾਂ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਤੋਂ ਇਲਾਵਾ ਫਰੰਟਲਾਈਨ ’ਤੇ ਤੈਨਾਤ ਸਟਾਫ਼ ਦਾ ਵੀ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਹਰ ਪੱਖੋਂ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ।

Read more