ਲੋਕਾਂ ਦੇ ਮਸਲਿਆਂ ਬਾਰੇ ਸੁੱਤੀ ਪਈ ਕੈਪਟਨ ਸਰਕਾਰ ‘ਆਪ’ ਦੇ ‘ਬਿਜਲੀ ਅੰਦੋਲਨ’ ਤੋਂ ਘਬਰਾਈ-ਭਗਵੰਤ ਮਾਨ

ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਬਿਆਨ ਬੌਖਲਾਹਟ ਦੀ ਨਿਸ਼ਾਨੀ

-ਮਾਨ ਨੇ ਕਿਹਾ ਦਿੱਲੀ ਵਾਂਗ ਸਸਤੀ ਬਿਜਲੀ ਯਕੀਨੀ ਬਣਾਏ ਸਰਕਾਰ

ਚੰਡੀਗੜ੍ਹ, 9 ਫਰਵਰੀ 2019

ਪੰਜਾਬ ਅੰਦਰ ਹੱਦੋਂ ਵੱਧ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਦਿੱਤੇ ਗਏ ਅਸੰਵੇਦਨਸ਼ੀਲ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਹੁਣ ਤੱਕ ਸੁੱਤੀ ਪਈ ਕੈਪਟਨ ਸਰਕਾਰ ‘ਆਪ’ ਦੇ ਬਿਜਲੀ ਅੰਦੋਲਨ ਤੋਂ ਘਬਰਾ ਗਈ ਹੈ।

ਪਾਰਟੀ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਵਿਜੈ ਇੰਦਰ ਸਿੰਗਲਾ ਇੱਕ ਪਾਸੇ ਕਹਿ ਰਹੇ ਹਨ ਕਿ ਪੰਜਾਬ ‘ਚ ਬਿਜਲੀ ਦੇ ਬਿਲ ਕੋਈ ਮੁੱਦਾ ਹੀ ਨਹੀਂ ਹੈ।  ਦੂਜੇ ਪਾਸੇ ਕਹਿ ਰਹੇ ਹਨ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਕੀਤੀ ਤਬਦੀਲੀ ਕਾਰਨ ਬਿਲ ਜ਼ਿਆਦਾ ਆ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਿੰਗਲਾ ਸਮੇਤ ਸਮੁੱਚੀ ਕੈਪਟਨ ਸਰਕਾਰ ਲੋਕਾਂ ਦੀ ਜ਼ਮੀਨੀ ਹਕੀਕਤ ਤੋਂ ਦੂਰ ਹੈ।

ਉਨ੍ਹਾਂ ਕਿਹਾ ਕਿ ‘ਆਪ’ ਦੇ ਬਿਜਲੀ ਅੰਦੋਲਨ ਦੌਰਾਨ ਜੋ ਲੋਕ ਇੱਕ-ਇੱਕ ਬਲਬ-ਪੱਖਿਆਂ ਦੇ 20-20 ਹਜ਼ਾਰ ਰੁਪਏ ਦੇ ਬਿੱਲ ਲੈ ਕੇ ਪਹੁੰਚੇ ਸਨ ਉਹ ਕਈ ਕਈ ਮਹੀਨਿਆਂ ਤੋਂ ਬਿਜਲੀ ਦਫ਼ਤਰਾਂ ਅਤੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਫ਼ਤਰਾਂ ਦੇ ਗੇੜੇ ਮਾਰ ਕੇ ਹੰਭ ਚੁੱਕੇ ਸਨ, ਪਰੰਤੂ ਕਿਸੇ ਨੇ ਉਨ੍ਹਾਂ ਪੀੜਤਾਂ ਦੀ ਬਾਂਹ ਨਹੀਂ ਫੜੀ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਗੰਭੀਰ ਜਾਂ ਸੰਵੇਦਨਸ਼ੀਲ ਹੁੰਦੀ ਤਾਂ ਨਜਾਇਜ਼ ਤਰੀਕੇ ਨਾਲ ਲੱਗੇ ਮੋਟੇ ਬਿਲ ਮੁਆਫ਼ ਕਰ ਦਿੱਤੇ ਹੁੰਦੇ। ਮਾਨ ਨੇ ਕਿਹਾ ਕਿ ਬਿਨਾ ਸ਼ੱਕ ਦਲਿਤ ਵਰਗ ਨੂੰ ਸਭ ਤੋਂ ਵੱਡੀ ਮਾਰ ਪਈ ਹੈ ਪਰ ਬਿਜਲੀ ਦੇ ਬਿੱਲਾਂ ਦੀ ਇਹ ਮਾਰ ਸਿਰਫ਼ ਦਲਿਤਾਂ ਤੱਕ ਸੀਮਤ ਨਹੀਂ ਹੈ। ਬਿਜਲੀ ਬਿੱਲਾਂ ਦੀ ਮਹਿੰਗਾਈ ਦੀ ਮਾਰ ਹੇਠ ਹਰ ਅਮੀਰ ਅਤੇ ਗ਼ਰੀਬ ਪਿਸ ਰਿਹਾ ਹੈ।

ਨਿੱਜੀ ਬਿਜਲੀ ਕੰਪਨੀਆਂ ਨਾਲ ਬਾਦਲਾਂ ਵੱਲੋਂ ਕੀਤੇ ਅਰਬਾਂ-ਖਰਬਾਂ ਦੇ ਮਹਿੰਗੇ ਸਮਝੌਤਿਆਂ ਦੀ ਜਾਂਚ ਕਰਵਾ ਕੇ ਦਲਿਤਾਂ, ਕਿਸਾਨਾਂ ਅਤੇ ਦੁਕਾਨਦਾਰਾਂ ਸਮੇਤ ਹਰੇਕ ਵਰਗ ਨੂੰ ਹੱਦੋਂ ਵੱਧ ਮਹਿੰਗੀ ਬਿਜਲੀ ਤੋਂ ਨਿਜਾਤ ਦਿਵਾ ਦਿੱਤੀ ਹੁੰਦੀ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਵਾਂਗ ਸਸਤੀ ਬਿਜਲੀ ਯਕੀਨੀ ਬਣਾਉਣਾ ਚਾਹੀਦਾ ਹੈ ਬੇਸ਼ੱਕ ਇਸ ਲਈ ਸਰਕਾਰ ਨੂੰ ਸਬਸਿਡੀ ਕਿਉਂ ਨਾ ਦੇਣੀ ਪਵੇ, ਕਿਉਂਕਿ ਦਿੱਲੀ ਸਰਕਾਰ ਪਹਿਲੇ 200 ਯੂਨਿਟ ਤੱਕ ਪ੍ਰਤੀ ਯੂਨਿਟ 2 ਰੁਪਏ ਸਬਸਿਡੀ ਦੇ ਰਹੀ ਹੈ, ਜਦਕਿ ਬਿਜਲੀ ਕੰਪਨੀ ਦਾ ਪ੍ਰਤੀ ਯੂਨਿਟ ਰੇਟ 3 ਰੁਪਏ ਹੈ ਜਿਸ ਹਿਸਾਬ ਨਾਲ ਖਪਤਕਾਰ ਨੂੰ ਪਹਿਲੇ 200 ਯੂਨਿਟ ਤੱਕ 1 ਪ੍ਰਤੀ ਯੂਨਿਟ ਬਿਜਲੀ ਪੈ ਰਹੀ ਹੈ। ਜਦਕਿ 400 ਯੂਨਿਟ ਤੱਕ ਬਿਜਲੀ ਕੰਪਨੀ ਦਾ ਰੇਟ 4.50 ਪ੍ਰੀਤ ਯੂਨਿਟ ਹੈ ਜਿਸ ‘ਤੇ ਦਿੱਲੀ ਸਰਕਾਰ ਦੀ ਸਵਾ ਦੋ ਰੁਪਏ ਸਬਸਿਡੀ ਨਾਲ ਖਪਤਕਾਰ ਨੂੰ ਸਵਾ ਦੋ ਰੁਪਏ ਪ੍ਰਤੀ ਯੂਨਿਟ ਬਿਜਲੀ ਪੈ ਰਹੀ ਹੈ।

Read more