ਲਾਲ ਸਿੰਘ ਨੇ ਸਿੱਧੂ ਨੂੰ ਕਾਂਗਰਸ ਦੀ ਸੰਸਕ੍ਰਿਤੀ ਨੂੰ ਅਪਨਾਉਣ ਲਈ ਕਿਹਾ

ਚੰਡੀਗੜ੍ਹ, 21 ਮਈ:

ਪੰਜਾਬ ਕਾਂਗਰਸ ਦੇ ਚੋਣ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਿੱਜੀ ਵਿਚਾਰਾਂ ਨੂੰ ਇਸ ਤਰ੍ਹਾਂ ਚੋਣਾਂ ਦੇ ਮੌਕੇ ‘ਤੇ ਜਨਤਕ ਤੌਰ ਤੇ ਨਹੀਂ ਪ੍ਰਗਟਾਉਣਾ ਚਾਹੀਦਾ ਸੀ, ਕਿਉਂਕਿ ਇਹ ਬੇਲੋੜੀ ਗ਼ਲਤਫ਼ਹਿਮੀ ਪੈਦਾ ਕਰਦੇ ਹਨ ਅਤੇ ਅਜਿਹੇ ਨਾਜ਼ੁਕ ਸਮੇਂ ਵਿੱਚ ਪਾਰਟੀ ਲਈ ਮਾੜਾ ਪ੍ਰਭਾਵ ਛੱਡਦੇ ਹਨ। ਆਪਣਾ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਦੇ ਬਿਆਨ ਵੀ ਗਲਤ ਸਨ ਅਤੇ ਉਨ੍ਹਾਂ ਦਾ ਸਮਾਂ ਵੀ ਗਲਤ ਸੀ।

ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਸਿੱਧੂ ਦੀ ਗਲਤ ਸਮੇਂ ‘ਤੇ ਬਿਆਨਬਾਜ਼ੀ ਕਾਰਨ ਪਾਰਟੀ ਦੇ’ ਮਿਸ਼ਨ 13 ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਆਪਣੇ ਮਿਸ਼ਨ 13 ਦੇ ਅੰਕੜੇ ਤੋਂ ਖੂੰਝਦੀ ਹੈ ਤਾਂ ਇਸ ਦਾ ਕਾਰਨ ਸਿੱਧੂ ਦੀ ਬਿਆਨਬਾਜ਼ੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸਮੱਸਿਆ ਸੀ ਤਾਂ ਉਸ ਉਪਰ ਜਨਤਕ ਬਿਆਨਬਾਜ਼ੀ ਦੀ ਬਜਾਏ ਮਾਮਲੇ ਨੂੰ ਪਾਰਟੀ ਹਾਈ ਕਮਾਂਡ ਅੱਗੇ ਉਠਾਉਣਾ ਚਾਹੀਦਾ ਸੀ।

ਅੱਜ ਜਾਰੀ ਇਕ ਬਿਆਨ ਵਿੱਚ ਲਾਲ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਵਿਚ ਆਏ ਮਹਿਜ਼ 27 ਮਹੀਨੇ ਹੋਏ ਹਨ ਅਤੇ ਇੰਨ੍ਹੇ ਘੱਟ ਸਮੇਂ ਵਿੱਚ ਹੀ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਮਾਨ-ਸਨਮਾਨ ਦਿੱਤਾ ਗਿਆ। ਲਾਲ ਸਿੰਘ ਨੇ ਯਾਦ ਕਰਵਾਇਆ ਕਿ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਆਫਰ ਕੀਤੀ ਸੀ ਅਤੇ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਪਾਰਟੀ ਲਈ ਕੈਂਪੇਨਿੰਗ ਕਰਨ ਦੀ ਅਹਿਮ ਜ਼ਿੰਮੇਵਾਰੀ ਵੀ ਦਿੱਤੀ ਗਈ। ਇਹ ਸਭ ਜ਼ਿੰਮੇਵਾਰੀ ਦੀ ਭਾਵਨਾ ਨਾਲ ਦਿੱਤੀਆਂ ਗਈਆਂ ਚੀਜ਼ਾਂ ਹਨ ਅਤੇ ਸਿੱਧੂ ਨੂੰ ਇਸ ਭਾਵਨਾ ਦਾ ਸਨਮਾਨ ਕਰਨਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਉਹ ਹੁਣ ਕਾਂਗਰਸ ਵਿੱਚ ਹਨ ਅਤੇ ਕਾਂਗਰਸ ਦੇ ਅਨੁਸ਼ਾਸਨ ਨੂੰ ਅਪਣਾਉਣਾ ਉਨ੍ਹਾਂ ਲਈ ਬੇਹੱਦ ਜ਼ਰੂਰੀ ਹੈ। ਸਿੱਧੂ ਨੂੰ ਜੇਕਰ ਕੋਈ ਸਮੱਸਿਆ ਸੀ ਤਾਂ ਇਸ ਨੂੰ ਵੱਖ ਵੱਖ ਪਾਰਟੀ ਪਲੇਟਫਾਰਮ ਤੇ ਉਠਾਇਆ ਜਾ ਸਕਦਾ ਸੀ, ਜਾਂ ਸਿੱਧੂ ਇਸਨੂੰ ਪਾਰਟੀ ਹਾਈ ਕਮਾਂਡ ਅੱਗੇ ਵੀ ਚੁੱਕ ਸਕਦੇ ਸੀ।

ਲਾਲ ਸਿੰਘ ਨੇ ਅੱਗੇ ਕਿਹਾ ਕਿ ਨਵਜੋਤ ਸਿੱਧੂ ਦਾ ਆਪਣੀ ਧਰਮ ਪਤਨੀ ਤੇ ਉਸ ਬਿਆਨ ਤੇ ਸਹਿਮਤੀ ਪ੍ਰਗਟਾਉਣਾ ਵੀ ਗਲਤ ਸੀ ਕਿ ਉਨ੍ਹਾਂ ਦੀ ਚੰਡੀਗੜ੍ਹ ਤੋਂ ਟਿਕਟ ਕੈਪਟਨ ਅਮਰਿੰਦਰ ਸਿੰਘ ਨੇ ਕਟਵਾਈ ਸੀ। ਜਦਕਿ ਅਸਲੀਅਤ ਹੈ ਕਿ ਚੰਡੀਗੜ੍ਹ ਕਾਂਗਰਸ ਦਾ ਢਾਂਚਾ ਪੰਜਾਬ ਕਾਂਗਰਸ ਨਾਲੋਂ ਵੱਖਰਾ ਹੈ ਅਤੇ ਉਹ ਆਜ਼ਾਦਾਨਾ ਤਰੀਕੇ ਨਾਲ ਕੰਮ ਕਰਦੀ ਹੈ ਅਤੇ ਪੰਜਾਬ ਕਾਂਗਰਸ ਦਾ ਉਸ ਵਿੱਚ ਕੋਈ ਵੀ ਦਖ਼ਲ ਨਹੀਂ ਹੈ। ਇਸਤੋਂ ਇਲਾਵਾ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਚੰਡੀਗੜ੍ਹ ਕਾਂਗਰਸ ਵਲੋਂ ਟਿਕਟ ਦੇਣ ਦੇ ਅਮਲ ਜਾਂ ਫੈਸਲੇ ਵਿੱਚ ਨਾ ਤਾਂ ਦਖ਼ਲਅੰਦਾਜ਼ੀ ਹੈ ਅਤੇ ਨਾ ਹੀ ਉਨ੍ਹਾਂ ਦੀ ਚਲਦੀ ਹੈ। ਕਿਸੇ ਵੀ ਰਾਜਨੀਤੀ ਦੀ ਸਮਝ ਰੱਖਣ ਵਾਲੇ ਵਿਅਕਤੀ ਨੂੰ ਇਸ ਗੱਲ ਦਾ ਪਤਾ ਹੈ। ਇਸ ਕਰਕੇ ਇਹ ਸਵਾਲ ਹੀ ਨਹੀਂ ਉੱਠਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਖ਼ਲ ਦੇ ਕੇ ਮਿਸਿਜ਼ ਨਵਜੋਤ ਸਿੱਧੂ ਦੀ ਟਿਕਟ ਯੂਟੀ ਤੋਂ ਕਟਵਾਈ ਹੋਵੇ

Read more