06 May 2021

ਰੰਗਲੇ ਸੱਜਣ ਲਲਿਤ ਤੇਰਾ ਹਾਲੇ ਜਾਣ ਦਾ ਵੇਲਾ ਨਹੀਂ ਸੀ…

@ਨਵਦੀਪ ਸਿੰਘ ਗਿੱਲ

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਜਿੰਦ-ਜਾਨ ਅਤੇ ਆਪਣੇ ਹਸਮੁੱਖ ਸੁਭਾਅ ਕਰਕੇ ਸਾਰੇ ਵਿਭਾਗ ਦੇ ਕਰਮੀਆਂ ਦੀ ਮਿੱਤਰ ਮੰਡਲੀ ਦਾ ਹਿੱਸਾ ਲਲਿਤ ਜਿੰਦਲ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਹਰ ਵੇਲੇ ਸੇਵਾ ਭਾਵਨਾ ਨਾਲ ਲਬਾਲਬ ਰਹਿੰਦੇ ਲਲਿਤ ਦੇ ਅੱਜ ਬੇਵਕਤੀ ਚਲਾਣੇ ਦੀ ਦੁਖਦਾਈ ਖ਼ਬਰ ਨੇ ਸਾਰੇ ਵਿਭਾਗ ਨੂੰ ਝੰਜੋੜ ਕੇ ਰੱਖ ਦਿੱਤਾ। ਪਰਿਵਾਰ ਦੇ ਨਾਲ-ਨਾਲ ਪੀਆਰ ਤੇ ਪ੍ਰੈਸ ਪਰਿਵਾਰ ਨੂੰ ਵੀ ਇਹ ਅਸਹਿ ਤੇ ਅਕਹਿ ਘਾਟਾ ਹੈ। ਆਪਣੇ ਰਲੌਟੇ ਤੇ ਖੁਅਮਿਜਾਜ ਸੁਭਾਅ ਕਰਕੇ ਲਲਿਤ ਪੀਐਫਏ ਬਰਾਂਚ ਦੀ ਰੂਹ ਏ ਰਵਾਂ ਸੀ। ਇਸ ਬਰਾਂਚ ਦਾ ਸਿੱਧਾ ਸੰਬੰਧ ਮੀਡੀਆ ਕਰਮੀਆਂ ਨਾਲ ਸੀ, ਇਸੇ ਲਈ ਅੱਜ ਪੱਤਰਕਾਰ ਸਾਥੀ ਵੀ ਸਾਡੇ ਇਸ ਰੰਗਲੇ ਸੱਜਣ ਦੇ ਬੇਵਕਤੀ ਤੁਰ ਜਾਣ ਉਤੇ ਝੰਜੋੜੇ ਗਏ। 

ਲਲਿਤ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਤੇ ਹਰ ਕਲੈਰੀਕਲ ਘੁਣਤਰ ਦਾ ਹੱਲ ਉਸ ਕੋਲ ਹੁੰਦਾ।ਕਿਸੇ ਨੂੰ ਨਾਂਹ ਕਰਨ ਵਾਲਾ ਤਾਂ ਉਹ ਬੰਦਾ ਹੀ ਨਹੀਂ ਸੀ। ਮਹੀਨਿਆਂ ਤੋਂ ਰੁਕੇ ਦਫ਼ਤਰੀ ਕੰਮ ਉਹ ਚੁਟਕੀਆਂ ਵਿੱਚ ਨਿਬੇੜਦਾ ਦੇਖਿਆਂ। ਹਿਸਾਬ ਕਿਤਾਬ ਉਸ ਦਾ ਭਾਵੇਂ ਮਾੜਾ ਹੀ ਸੀ, ਇਸੇ ਲਈ ਰਿਸ਼ਤਿਆਂ ਵਿੱਚ ਵੀ ਕੈਲਕੂਕੇਸ਼ਨ ਨਹੀਂ ਵਰਤੀ। ਮਜ਼ਾਕ ਸਹਿਣਾ ਸਿੱਖਣਾ, ਕੋਈ ਉਸ ਤੋਂ ਸਿੱਖੇ। ਹਰ ਇਕ ਉਸ ਨੂੰ ਟਿੱਚਰਾਂ ਤੇ ਮਖੌਲ ਕਰਦਾ, ਮਤਲਬ ਕੀ ਸੀ ਕਿ ਉਹ ਮੱਥੇ ਵੱਟ ਪਾ ਲਵੇ ਜਾਂ ਗ਼ੁੱਸਾ ਕਰੇ।ਲਲਿਤ ਦਾ ਆਤਮ ਵਿਸ਼ਵਾਸ ਵੀ ਸਿਰੇ ਦਾ ਹੀ ਸੀ।ਲਿੰਕ ਉਸ ਦੇ ਵੱਡੇ ਡਾਕਟਰਾਂ ਤੋਂ ਜੱਜਾਂ ਤੱਕ ਸੀ, ਕਿਸੇ ਵੀ ਸਾਥੀ ਨੂੰ ਕੰਮ ਹੋਵੇ ਤਾਂ ਉਹ ਹੁੱਬ ਕੇ ਕਹਿੰਦਾ, “ਮੈਨੂੰ ਦੱਸੋ, ਗੱਲ ਹੀ ਕੋਈ ਨਹੀਂ” ਵੱਡੇ ਵੱਡੇ ਡਾਕਟਰਾਂ ਦਾ ਆੜੀ ਲਲਿਤ ਅੱਜ ਕੋਰੋਨਾ ਮਹਾਂਮਾਰੀ ਹੱਥੋਂ ਹਾਰ ਗਿਆ।

ਲਲਿਤ ਦੇ ਤੁਰ ਜਾਣ ਦੀ ਅੱਜ ਸਾਡੇ ਵਿਭਾਗ ਦੇ ਰਿਟਾਇਰਡ ਜੁਆਇੰਟ ਡਾਇਰੈਕਟਰ ਸੁਰਿੰਦਰ ਮਲਿਕ ਜੀ ਨਾਲ ਖ਼ਬਰ ਸਾਂਝੀ ਕੀਤੀ ਤਾਂ ਉਨ੍ਹਾਂ ਇੱਕੋ ਗੱਲ ਕਹੀ “ਧੋਖਾ ਦੇ ਗਿਆ ਲਾਲ”। ਸੱਚੀ ਧੋਖਾ ਦੇ ਗਿਆ ਲਾਲਾ। ਪਿਆਰ ਨਾਲ ਉਸ ਨੂੰ ਸਾਰੇ ‘ਲਾਲਾ’ ਕਹਿੰਦੇ ਸੀ।2011 ਵਿੱਚ ਮੇਰੀ ਪੀਆਰਓ ਵਜੋਂ ਜੁਆਇੰਨਿਗ ਵਾਲੇ ਦਿਨ ਤੋਂ ਹੀ ਮਲਿਕ ਸਾਹਬ ਨਾਲ ਅਟੈਚ ਲਲਿਤ ਨਾਲ ਵਾਹ ਪੈਣਾ ਸ਼ੁਰੂ ਹੋ ਗਿਆ ਸੀ।ਲਲਿਤ ਦੀ ਕੰਪਿਊਟਰੀ ਮੁਹਾਰਤ ਦੇ ਨਾਲ-ਨਾਲ ਉਸ ਵਿੱਚ ਬਹੁਤ ਖ਼ੂਬੀਆਂ ਸਨ।ਉਸ ਦੀ ਈਮੇਲ ਦਾ ਪਾਸਵਰਡ ਹਰ ਇਕ ਕੋਲ ਹੁੰਦਾ।ਲਲਿਤ ਦੀ ਪਰਾਹੁਣਚਾਰੀ ਦਾ ਮੈਂ ਪਹਿਲੇ ਦਿਨ ਤੋਂ ਹੀ ਕਾਇਲ ਸੀ। ਕਿਤੇ ਦਫ਼ਤਰੀ ਟੂਰ ਉਤੇ ਜਾਣਾ ਤਾਂ ਲਲਿਤ ਪਟਿਆਲਿਓ ਖਾਣ-ਪੀਣ ਦੇ ਸਮਾਨ ਦੇ ਡੱਬਿਆਂ ਨਾਲ ਭਰ ਕੇ ਕਾਰ ‘ਚ ਬੈਠਦਾ। ਮਲਿਕ ਸਰ ਤੇ ਰਣਦੀਪ ਆਹਲੂਵਾਲੀਆ ਜੀ ਨੇ ਕਹਿਣਾ, “ਲੱਗਦਾ ਘਰਵਾਲ਼ੀ ਨੂੰ ਅੱਜ ਸਵੇਰ ਚਾਰ ਵਜੇ ਦਾ ਹੀ ਰਸੋਈ ਚ ਕੰਮ ਲਾ ਦਿੱਤਾ” ਹੁਣ ਵੀ ਲਲਿਤ ਦਾ ਕਿਤੇ ਫ਼ੋਨ ਆਉਣਾ, “ਸਰ ਆਜੋ ਕਚੌਰੀਆਂ ਤੇ ਚੌਲਾਂ ਵਾਲੇ ਲੱਡੂ ਲੈ ਕੇ ਆਇਆ ਤੁਹਾਡੇ ਲਈ।”

ਲਲਿਤ ਅੱਜ ਰਹਿ ਰਹਿ ਕੇ ਯਾਦ ਆ ਰਿਹਾ ਹੈ, ਆਵੇ ਵੀ ਕਿਉਂ ਨਾ, ਸਾਰਿਆਂ ਨਾਲ ਰਚਿਆ ਮਿਚਿਆ ਜੋ ਇੰਨਾ ਸੀ। ਸਾਥੀ ਕਰਮੀਆਂ ਦੀ ਗੁੱਡੀ ਚੜ੍ਹਾਉਣ ਦਾ ਉਸ ਜਿੰਨਾ ਕਿਸੇ ਵਿੱਚ ਵੱਲ ਨਹੀਂ ਸੀ। ਦਬਕਾ ਵੀ ਉਸ ਦਾ ਬਹੁਤ ਜ਼ਬਰਦਸਤ ਸੀ। ਸਾਡੇ ਟੂਰਾਂ ਉਤੇ ਉਹ ਸਾਡਾ ਕੇਂਦਰ ਬਿੰਦੂ ਹੁੰਦਾ।ਲਲਿਤ ਦੀ ਏਪੀਆਰਓ ਦੀ ਪ੍ਰਮੋਸ਼ਨ ਹੋਣ ਵਾਲੀ ਸੀ, ਚਾਅ ਵੀ ਬਹੁਤ ਸੀ ਉਸ ਨੂੰ। ਸਾਨੂੰ ਸਾਰਿਆਂ ਨੂੰ ਵੱਡੀ ਪਾਰਟੀ ਦੇਣ ਦੇ ਵਾਅਦੇ ਕਰਕੇ ਅੱਜ ਉਹ ਆਪਣੇ ਆਖਰੀ ਸਫਰ ਉਤੇ ਨਿਕਲ ਗਿਆ। ਲਲਿਤ ਵਰਗੇ ਸੁਭਾਅ ਵਰਗੇ ਸਰਕਾਰੀ ਦਫ਼ਤਰਾਂ ਵਿੱਚ ਘੱਟ ਹੀ ਸੱਜਣ ਹੁੰਦੇ ਹਨ, ਉਸ ਦੀਆਂ ਯਾਦਾਂ ਹੀ ਹੁਣ ਸਰਮਾਇਆ ਹਨ।

ਵਾਹਿਗੁਰੂ ਲਲਿਤ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

@ਨਵਦੀਪ ਸਿੰਘ ਗਿੱਲ

01.05.2021

ਕਬੱਡੀ ਵਿਸ਼ਵ ਕੱਪ ਦੀ ਇਕ ਤਸਵੀਰ ਵੀ ਸਾਂਝੀ ਕਰ ਰਿਹਾ ਹੈ ਜਿਸ ਵਿੱਚ ਉਹ ਮਲਿਕ ਸਰ ਦੇ ਨਾਲ ਸਾਡੇ ਵਿਚਕਾਰ ਬੈਠਾ ਹੋਇਆ ਮਹਿਕਾਂ ਬਿਖੇਰ ਰਿਹਾ ਹੈ, ਅਜਿਹੀਆਂ ਮਹਿਫ਼ਲਾਂ ਵਿੱਚ ਲਲਿਤ ਹੁਣ ਬਹੁਤ ਯਾਦ ਆਵੇਗਾ।

#RIP #LalitJindal

Spread the love

Read more

© Copyright 2021, Punjabupdate.com