ਰਾਹੁਲ ਗਾਂਧੀ ਦਾ ਬਰਗਾੜੀ ਆਉੁਣਾ ਸਿੱਖ ਧਰਮ ਦੇ ਇਤਿਹਾਸ ਦਾ ਸਭ ਤੋ ਕਾਲਾ ਦਿਨ ਹੈ: ਮਜੀਠੀਆ

ਰਾਹੁਲ ਗਾਂਧੀ ਉਸ ਪਰਿਵਾਰ ਦੀ ਨਸਲ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ  ਉੱਤੇ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ

ਬਠਿੰਡਾ/15 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਦਾ ਅੱਜ ਬਰਗਾੜੀ ਵਿਖੇ ਆਉਣਾ ਸਿੱਖ ਧਰਮ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ, ਕਿਉਂਕਿ ਸਿੱਖ ਕਤਲੇਆਮ ਦੇ ਦੋਸ਼ੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਵਾਲੇ ‘ਝੂਠ ਦਾ ਮੁਖੌਟਾ’ ਪਾ ਕੇ ਸਿੱਖਾਂ ਨਾਲ ਹਮਦਰਦੀ ਕਰ ਰਹੇ ਹਨ।

ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸ ਨੇ ਅੱਜ ਰਾਹੁਲ ਗਾਂਧੀ ਦੀ ਬਰਗਾੜੀ ਫੇਰੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਉਸ ਇੰਦਰਾ ਗਾਂਧੀ ਦਾ ਪੋਤਾ ਹੈ, ਜਿਸ ਨੇ 1984 ਵਿਚ ਆਪਰੇਸ਼ਨ ਬਲਿਊ ਸਟਾਰ ਰਾਹੀਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਸੀ ਅਤੇ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਸੀ। ਉਸ ਦੇ ਫੈਸਲੇ ਦੀ ਕਰੂਰਤਾ ਇਸ ਤੱਥ ਵਿਚੋਂ ਵੇਖੀ ਜਾ ਸਕਦੀ ਹੈ ਕਿ ਉਸ ਨੇ ਫੌਜ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਉਸ ਸਮੇਂ ਹਮਲਾ ਕਰਨ ਦਾ ਹੁਕਮ ਦਿੱਤਾ ਸੀ, ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਗੁਰੂ ਸਾਹਿਬ ਨੂੰ ਆਪਣੀਆਂ ਸ਼ਰਧਾਂਜ਼ਲੀਆਂ ਦੇਣ ਲਈ ਆਏ ਹੋਏ ਸਨ।

ਸਰਦਾਰ ਸਿਰਸਾ ਨੇ ਕਿਹਾ ਕਿ ਸਿੱਖ ਧਰਮ ਦੇ ਦੁਖਾਂਤ ਦੀ ਗਾਥਾ ਉਸ ਦੇ ਬੇਟੇ ਨੇ ਵੀ ਲਿਖੀ ਸੀ। ਰਾਜੀਵ ਗਾਂਧੀ ਨੇ ਆਪਣੇ ਗੁੰਡਿਆਂ ਜ਼ਰੀਏ ਸਿੱਖਾਂ ਦਾ ਭਿਆਨਕ ਕਤਲੇਆਮ ਕਰਵਾਇਆ ਸੀ। ਉਹਨਾਂ ਕਿਹਾ ਕਿ ਅੱਜ ਰਾਹੁਲ ਗਾਂਧੀ ਦਾ ਇੰਨਾ ਹੌਂਸਲਾ ਖੁੱਲ੍ਹ ਗਿਆ ਕਿ ਕਾਂਗਰਸ ਵੱਲੋਂ ਬਰਗਾੜੀ ਵਿਚ ਅਖੌਤੀ ਪੰਥਕ ਆਗੂਆਂ ਦੀ ਬਿਠਾਈ ਸਰਕਾਰੀ ਜਥੇਬੰਦੀ ਕੋਲ  ਉਹ ਸਿੱਖਾਂ ਨਾਲ ਹਮਦਰਦੀ ਕਰਨ ਪਹੁੰਚ ਗਿਆ ਹੈ।

ਉਹਨਾਂ ਕਿਹਾ ਕਿ 1984 ਵਿਚ 300 ਗੁਰਦੁਆਰਿਆਂ ਦੀ ਭੰਨ ਤੋੜ ਕੀਤੀ ਗਈ ਸੀ ਅਤੇ ਹਜ਼ਾਰ ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਸੀ। ਅੱਜ ਇਹ ਦੇਖ ਕੇ ਦਿਲ ਬਹੁਤ ਦੁਖਿਆ ਹੈ ਕਿ ਰਾਹੁਲ ਗਾਂਧੀ ਵਰਗਾ ਵਿਅਕਤੀ ਪੰਥਕ ਬਾਣੇ ਪਾਈ ਬੈਠੇ ਅਮਰਿੰਦਰ ਸਿੰਘ ਦੇ ਝੋਲੀਚੁੱਕਾਂ ਨਾਲ ਹਮਦਰਦੀ ਕਰਨ ਆਇਆ ਹੈ। 

ਅਜਿਹੀ ਕੋਝੀ ਹਰਕਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਸਵਾਗਤ ਕਰਕੇ  ਉਸ ਨੂੰ ਆਪਣੇ ਝੋਲੀਚੁੱਕਾਂ ਅਤੇ ਧਰਮ ਦੀ ਆੜ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਰਕਾਰੀ ਪ੍ਰਦਰਸ਼ਨਕਾਰੀਆਂ ਕੋਲ ਲੈ ਕੇ ਜਾਣ ਲਈ ਇੱਕ ਸਿੱਖ ਮੁੱਖ ਮੰਤਰੀ ਵਜੋਂ ਅਮਰਿੰਦਰ ਦਾ ਨਾਂ ਇਤਿਹਾਸ ਵਿਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ। ਉਹਨਾਂ ਕਿਹਾ ਕਿ ਅਮਰਿੰਦਰ ਨੇ ਆਪਣੀ ਕੁਰਸੀ ਬਚਾਉਣ ਲਈ ਸਿੱਖ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਆਪਣੇ ਸਿਆਸੀ ਫਾਇਦੇ ਲਈ ਉਹ ਅਚਾਨਕ ਇਹ ਭੁੱਲ ਗਿਆ ਹੈ ਕਿ ਪਿਛਲੇ ਸਾਢੇ ਤਿੰਨ ਦਹਾਕਿਆਂ ਦੌਰਾਨ ਸਿੱਖ ਧਰਮ ਅਤੇ ਸਿੱਖਾਂ ਉਤੇ ਕੀ ਕੀ ਜ਼ੁਲਮ ਹੋਏ ਹਨ।

ਸਰਦਾਰ  ਮਜੀਠੀਆ ਅਤੇ ਸਰਦਾਰ ਸਿਰਸਾ ਨੇ ਕਿਹਾ ਕਿ ਰਾਹੁਲ ਦੀ ਫੇਰੀ ਅਮਰਿੰਦਰ ਸਿੰਘ ਸਰਕਾਰ ਦੀ ਦੋ ਸਾਲ ਦੀ ਮਾੜੀ ਕਾਰਗੁਜ਼ਾਰੀ ਦਾ ਸਿੱਧੇ ਤੌਰ ਤੇ ਜੁੜੀ ਹੋਈ ਹੈ, ਕਿਉਂਕਿ  ਉਹ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਲਾਂਭੇ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਸੱਚਾਈ ਹਰ ਸਿੱਖ ਨੂੰ ਪਤਾ ਹੈ ਕਿ ਅਮਰਿੰਦਰ ਦੀਆਂ ਇਹ ਸਾਰੀਆਂ ਹਰਕਤਾਂ ਆਪਣੇ ਸਿਆਸੀ ਕਰੀਅਰ ਨੂੰ ਬਚਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਹਨ। ਆਪ ਪਰਦੇ ਪਿੱਛੇ ਬੈਠ ਕੇ ਅਮਰਿੰਦਰ ਨੇ ਇਹ ਸਾਰੀ ਕਾਰਵਾਈ ਕਰਵਾਈ ਹੈ, ਜਿਸ ਵਾਸਤੇ ਸਿੱਖ ਸੰਗਤ ਉਸ ਨੂੰ ਅਤੇ ਰਾਹੁਲ ਗਾਂਧੀ ਨੂੰ ਕਦੇ ਮੁਆਫ ਨਹੀਂ ਕਰੇਗੀ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਨੇ ਸਿੱਖ ਕਤਲੇਆਮ ਬਾਰੇ ‘ਹੂਆ ਤੋ ਹੂਆ’  ਕਹਿ ਕੇ ਕਾਂਗਰਸ ਦੀ ਮਾਨਸਿਕਤਾ ਦਾ ਮੁਜ਼ਾਹਰਾ ਕੀਤਾ ਸੀ। ਬੜੇ ਦੁੱਖ ਦੀ ਗੱਲ ਹੈ ਕਿ ਅਮਰਿੰਦਰ ਸਿੰਘ ਦਾ ਸਿੱਖ ਕਤਲੇਆਮ ਬਾਰੇ ਵਤੀਰਾ ਵੀ ‘ਹੂਆ ਤੋ ਹੂਆ’ ਵਰਗਾ ਹੀ ਹੈ, ਕਿਉਂਕਿ ਉਸ ਨੇ ਫੇਰ ਵੀ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਹੈ, ਜਿਸ ਦਾ ਸਲਾਹਕਾਰ ਸਿੱਖ ਕਤਲੇਆਮ ਬਾਰੇ ਅਜਿਹੇ ਕੋਝੇ ਬਿਆਨ ਜਾਰੀ ਕਰਕੇ ਸਿੱਖਾਂ ਪ੍ਰਤੀ ਕਾਂਗਰਸ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਅੱਜ ਅਮਰਿੰਦਰ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਾਂਧੀਆਂ ਦੀ ਅਗਵਾਈ ਵਾਲੀਆਂ ਕਾਂਗਰਸੀ ਸਰਕਾਰਾਂ ਵੱਲੋਂ ਸਿੱਖਾਂ ਉੱਤੇ ਢਾਹੇ ਗਏ ਜ਼ੁਲਮਾਂ ਨੂੰ ਸਿੱਖ ਭਾਈਚਾਰਾ ਨਾ ਕਦੇ ਭੁੱਲੇਗਾ ਅਤੇ ਨਾ ਹੀ ਮੁਆਫ ਕਰੇਗਾ।

ਅਕਾਲੀ ਆਗੂਆਂ ਨੇ ਕਿਹਾ ਕਿ ਅੱਜ ਰਾਹੁਲ ਗਾਂਧੀ ਦੀ ਇੱਕ ਸਿੱਖ ਮੁੱਖ ਮੰਤਰੀ ਨਾਲ ਫੇਰੀ ਨੂੰ ਇਤਿਹਾਸ ਇੱਕ ਕਾਲੇ ਦਿਨ ਵਜੋਂ ਯਾਦ ਰੱਖੇਗਾ। ਰਾਹੁਲ ਦੀ ਇਸ ਫੇਰੀ ਨਾਲ ਸਿੱਖਾਂ ਦੇ ਜਜ਼ਬਾਤਾਂ ਨੂੰ ਡੂੰਘੀ ਸੱਟ ਲੱਗੀ ਹੈ, ਕਿਉਂਕਿ ਉਸ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ  ਜਿਵੇਂ ਸੱਜਣ ਕੁਮਾਰ , ਕਮਲ ਨਾਥ ਦਾ ਹਮੇਸ਼ਾਂ ਹੀ ਬਚਾਅ ਕੀਤਾ ਹੈ। ਅੱਜ ਰਾਹੁਲ ਉਹਨਾਂ ਸਿੱਖਾਂ ਦੀ ਅਣਖ ਨਾਲ ਕੋਝਾ ਮਜ਼ਾਕ ਕਰ ਰਿਹਾ ਹੈ, ਜਿਹਨਾਂ ਨੇ ਅਜ਼ਾਦੀ ਦੀ ਲੜਾਈ ਵਿਚ ਬੇਸ਼ੁਮਾਰ ਕੁਰਬਾਨੀਆਂ ਦਿੱਤੀਆਂ ਸਨ ਪਰ ਗਾਂਧੀ ਪਰਿਵਾਰ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਉਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਸਿੱਖਾਂ ਸਮੂਹਿਕ ਕਤਲੇਆਮ ਕਰਕੇ ਤਾਰਿਆ ਸੀ।

Read more