ਰਾਜ ਪੱਧਰੀ ਸੱਭਿਆਚਾਰ ਮੁਕਾਬਲੇ “ਧੀ ਪੰਜਾਬ ਦੀ” ਲਈ ਉੱਪ ਚੋਣ ਮੁਕਾਬਲੇ ਸ਼ੁਰੂ

– ਜੇਤੂ ਪੰਜਾਬਣ ਮੁਟਿਆਰ ਨੂੰ ਸੋਨੇ ਦੀ ਸੱਗੀ ਅਤੇ ਫਾਈਨਲ ਮੁਕਾਬਲੇ ’ਚ ਪਹੁੰਚਣ ਵਾਲੀ ਹਰੇਕ ਮੁਟਿਆਰ ਨੂੰ ਸੋਨੇ ਦਾ ਕੋਕਾ             

ਫ਼ਰੀਦਕੋਟ  6 ਨਵੰਬਰ- ਰਾਜ ਪੱਧਰੀ ਸੱਭਿਆਚਾਰਕ ਮੁਕਾਬਲੇ “ਧੀ ਪੰਜਾਬ ਦੀ” ਦਾ ਦੂਜਾ ਉਪ ਚੋਣ ਮੁਕਾਬਲਾ ਇਸ ਵਾਰ ਨੈਸ਼ਨਲ ਯੂਥ ਵੈਲਫੇਅਰ ਕਲੱਬ ਫਰੀਦਕੋਟ ਵੱਲੋਂ ਮਾਨਸਾ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਕਾਰਨ ਇਲਾਕੇ ਦੀਆਂ ਮੁਟਿਆਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਮੁਕਾਬਲਾ 7 ਨਵੰਬਰ ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ। ਫਾਈਨਲ ਮੁਕਾਬਲੇ ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਪੰਜਾਬਣ ਮੁਟਿਆਰ ਨੂੰ ਸੋਨੇ ਦੀ ਸੱਗੀ, ਦੂਜੇ ਸਥਾਨ ਲਈ ਸੋਨੇ ਦੀ ਕੈਂਠੀ ਅਤੇ ਤੀਜੇ ਸਥਾਨ ਲਈ ਸੋਨੇ ਦਾ ਟਿੱਕਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 

ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਅਤੇ ਪੀ.ਆਰ.ਓ. ਜਸਬੀਰ ਸਿੰਘ ਜੱਸੀ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਨੈਸ਼ਨਲ ਯੂਥ ਵੈਲਫੇਅਰ ਕਲੱਬ ਫਰੀਦਕੋਟ ਸੰਬੰਧਤ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ ਵੱਲੋਂ 19ਵਾਂ ਰਾਜ ਪੱਧਰੀ ਸੱਭਿਆਚਾਰਕ ਮੁਕਾਬਲਾ ਧੀ ਪੰਜਾਬ ਦੀ 24 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਐਡੀਟੋਰੀਅਮ ਵਿਖੇ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਲਈ ਪੰਜਾਬ ਦੀਆਂ ਧੀਆਂ ਚ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਇਸ ਵਾਰ ਚਾਰ ਉਪ ਚੋਣ ਮੁਕਾਬਲੇ ਕਰਵਾਉਣ ਦਾ ਨਿਰਣਾ ਲਿਆ ਹੈ। ਉਨ੍ਹਾਂ ਦੱਸਿਆ ਕਿ , ਦੂਜਾ ਉਪ ਚੋਣ ਮੁਕਾਬਲਾ 7 ਨਵੰਬਰ ਨੂੰ ਮਾਨਸਾ, ਤੀਜਾ ਉਪ ਚੋਣ ਮੁਕਾਬਲਾ 9 ਨਵੰਬਰ ਨੂੰ ਨੈਸ਼ਨਲ ਕਾਲਜ ਫਾਰ ਵੋਮੈਨ ਨਕੋਦਰ ਜਿਲ੍ਹਾ ਜਲੰਧਰ ਅਤੇ ਚੌਥਾ ਉਪ ਚੋਣ ਮੁਕਾਬਲਾ 11 ਨਵੰਬਰ ਨੂੰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਮੁਕਾਬਲਿਆਂ ਚ ਭਾਗ ਲੈਣ ਦੀਆਂ ਚਾਹਵਾਨ ਮੁਟਿਆਰਾਂ ਨੂੰ ਨਿਰਧਾਰਤ ਸਥਾਨਾਂ ਤੇ ਸਵੇਰੇ 10 ਵਜੇ ਪਹੁੰਚਣਾ ਹੋਵੇਗਾ ਅਤੇ ਉਪ ਚੋਣ ਮੁਕਾਬਲਿਆਂ ਵਿੱਚ ਮੌਕੇ ਤੇ ਹੀ ਫਾਰਮ ਭਰ ਕੇ ਬੀ ਭਾਗ ਲਿਆ ਜਾ ਸਕਦਾ ਹੈ। 

ਪ੍ਰਬੰਧਕ ਆਗੂਆਂ ਨੇ ਦੱਸਿਆ ਕਿ ਉਪ ਚੋਣ ਮੁਕਾਬਲੇ ਵਿੱਚ ਆਪਣੇ ਮਨਪਸੰਦੀ ਦਾ ਗੀਤ ਤੇ ਡਾਂਸ, ਪੰਜਾਬੀ ਸੱਭਿਆਚਾਰ ਵਿਸ਼ੇ ਤੇ ਵਿਚਾਰ ਪੇਸ਼ ਕਰਨੇ ਅਤੇ ਪੰਜਾਬੀ ਸੱਭਿਆਚਾਰਕ ਪਹਿਰਾਵਾ ਦੀ ਪੇਸ਼ਕਾਰੀ ਕਰਨੀ ਹੋਵੇਗੀ, ਹਰੇਕ ਉਪ ਚੋਣ ਮੁਕਾਬਲੇ ਵਿੱਚ ਭਾਗੀਦਾਰ ਧੀਆਂ ਨੂੰ ਸਰਟੀਫਿਕੇਟ, ਯਾਦਗਾਰੀ ਚਿੰਨ੍ਹ ਅਤੇ ਆਉਣ-ਜਾਣ ਦਾ ਕਿਰਾਇਆ ਕਲੱਬ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਹਰੇਕ ਪੰਜਾਬਣ ਮੁਟਿਆਰ ਨੂੰ ਸੋਨੇ ਦਾ ਕੋਕਾ, ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪ ਚੋਣ ਮੁਕਾਬਲੇ ਚ ਭਾਗ ਲੈਣ ਲਈ ਪੰਜਾਬ ਦੀ ਵਿਆਹੀ/ਅਣਵਿਆਹੀ ਮੁਟਿਆਰ ਜਿਸ ਦੀ ਉਮਰ 18-28 ਤੱਕ, ਕੱਦ ਘੱਟ ਤੋਂ ਘੱਟ 5 ਫੁੱਟ ਅਤੇ ਪੰਜਾਬੀ ਸੱਭਿਆਚਾਰ ਦੀ ਸਮਝ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਚ ਭਾਗ ਲੈਣ ਲਈ ਮਾਤਾ ਪਿਤਾ ਜਾਂ ਸਰਪ੍ਰਸਤ ਦੀ ਆਗਿਆ ਹੋਣੀ ਵੀ ਜਰੂਰੀ ਹੈ। ਆਗੂਆਂ ਨੇ ਦੱਸਿਆ ਕਿ ਇਸ ਰਾਜ ਪੱਧਰੀ ਮੁਕਾਬਲੇ ਵਿੱਚ ਪ੍ਰਸਿੱਧ ਲੋਕ-ਗਾਇਕਾ ਜਸਵਿੰਦਰ ਬਰਾੜ, ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਸੁਰਜੀਤ ਗਿੱਲ, ਦੀਪ ਗਿੱਲ, ਕਾਮੇਡੀ ਕਲਾਕਾਰ ਮਿੰਟੂ ਜੱਟ ਉਰਫ ਭਾਨਾ ਭਗੌੜਾ, ਜੀਤ ਪੈਂਚਰਾਂ ਵਾਲਾ ਸਰੋਤਿਆਂ ਦਾ ਮੰਨਰੋਜਨ ਕਰਨਗੇ। ਇਸ ਮੌਕੇ ਪੰਜਾਬ ਦੇ ਅਲੋਪ ਹੋ ਰਹੇ ਲੋਕ ਨਾਚ ਲੁੱਡੀ, ਝੂਮਰ  ਦੀ ਪੇਸ਼ਕਾਰੀ ਵੀ ਹੋਵੇਗੀ। 

Read more