ਮੀਂਹ ਤੇ ਝੱਖੜ ਨਾਲ ਨੁਕਸਾਨੀਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਦਾ ਹੁਕਮ ਦੇਣ ਅਮਰਿੰਦਰ: ਸੁਖਬੀਰ ਸਿੰਘ ਬਾਦਲ

ਫਸਲਾਂ ਦੇ ਹੋਏ ਭਾਰੀ ਨੁਕਸਾਨ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ

ਖਰਾਬ ਮੌਸਮ ਬਣੇ ਰਹਿਣ ਦੀ ਸੂਰਤ ਵਿਚ ਤੁਰੰਤ ਅੰਤਰਿਮ ਰਾਹਤ ਦੀ  ਮੰਗ ਕੀਤੀ

ਚੰਡੀਗੜ੍ਹ/17 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਬੇਮੌਸਮੇ ਮੀਂਹ ਅਤੇ ਝੱਖੜ ਨਾਲ ਨੁਕਸਾਨੀਆਂ ਫਸਲਾਂ ਸਦਕਾ ਸੂਬੇ ਦੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇਣ ਲਈ ਆਖਿਆ ਹੈ।

ਸਰਦਾਰ ਬਾਦਲ ਨੇ ਇਹ ਵੀ ਕਿਹਾ ਹੈ ਕਿ ਜੇਕਰ ਖਰਾਬ ਮੌਸਮ ਲਗਾਤਾਰ ਬਣਿਆ ਰਹਿੰਦਾ ਹੈ ਤਾਂ ਸਰਕਾਰ ਨੂੰ ਗਿਰਦਾਵਰੀ ਮੁਕੰਮਲ ਹੋਣ ਤਕ ਤੁਰੰਤ ਕਿਸਾਨਾਂ ਨੂੰ ਅੰਤਰਿਮ ਰਾਹਤ ਦੇਣੀ ਚਾਹੀਦੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਹਰ ਕਿਸਾਨ ਨੂੰ ਖੁੱਲ੍ਹਦਿਲੀ ਨਾਲ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਬਹੁਗਿਣਤੀ ਕਿਸਾਨਾਂ ਦੀ ਰੋਜ਼ੀ ਰੋਟੀ ਖੇਤੀ ਨਾਲ ਹੀ ਚੱਲਦੀ ਹੈ। ਉਹਨਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅਜਿਹੀਆਂ ਬਿਪਤਾਵਾਂ ਨਾਲ ਨੁਕਸਾਨੀਆਂ ਫਸਲਾਂ ਲਈ ਮੁਆਵਜ਼ੇ ਦੀ ਰਾਸ਼ੀ 2 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 8 ਹਜ਼ਾਰ ਰੁਪਏ ਅਤੇ ਕਈ ਕੇਸਾਂ ਵਿਚ 10 ਹਜ਼ਾਰ ਰੁਪਏ ਪ੍ਰਤੀ ਏਕੜ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਵੀ ਖੁੱਲ੍ਹਦਿਲੀ ਵਿਖਾਉਂਦਿਆਂ ਇਸ ਮੁਆਵਜ਼ੇ ਵਿਚ ਵਾਧਾ ਕਰਨਾ ਚਾਹੀਦਾ ਹੈ, ਕਿਉਂਕਿ ਪਿਛਲੇ ਦੋ ਸਾਲਾਂ ਦੌਰਾਨ ਖੇਤੀਬਾੜੀ ਲਾਗਤ ਅਤੇ ਰੋਜ਼ਮੱਰਾ ਦੀਆਂ ਜਰੂਰਤਾਂ ਲਈ ਲੋੜੀਂਦੇ ਖਰਚਿਆਂ ਵਿਚ ਬਹੁਤ ਜ਼ਿਆਦਾ ਵਾਧਾ  ਹੋ ਚੁੱਕਿਆ ਹੈ।

ਸਰਦਾਰ ਬਾਦਲ ਨੇ ਖੜ੍ਹੀ ਫਸਲ ਦੇ ਹੋਏ ਭਾਰੀ ਨੁਕਸਾਨ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਮੁਆਵਜ਼ਾ ਤੁਰੰਤ ਅਤੇ ਖੁੱਲ੍ਹਦਿਲੀ ਨਾਲ ਨਾ ਦਿੱਤਾ ਗਿਆ ਤਾਂ ਪਹਿਲਾਂ ਤੋਂ ਵਿੱਤੀ ਸੰਕਟ ਵਿਚੋਂ ਲੰਘ ਰਹੀ ਕਿਸਾਨੀ ਲਈ ਇਹ ਬਹੁਤ ਵੱਡੀ ਮਾਰ ਸਾਬਿਤ ਹੋਵੇਗੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਕੀਤੇ ਰਾਸ਼ਟਰੀ ਅਤੇ ਸਹਿਕਾਰੀ ਬੈਂਕਾਂ ਤੋਂ ਇਲਾਵਾ ਆੜ੍ਹਤੀਆਂ ਕੋਲੋਂ ਲਏ ਸਾਰੇ ਕਰਜ਼ਿਆਂ ਉੱਤੇ ਲੀਕ ਫੇਰਨ ਦੇ ਵਾਅਦੇ ਤੋਂ ਮੁਕਰਨ ਮਗਰੋਂ ਪੰਜਾਬ ਦੇ ਕਿਸਾਨ ਇੱਕ ਬਹੁਤ ਵੱਡੇ ਆਰਥਿਕ ਅਤੇ ਮਨੋਵਿਗਿਆਨਕ ਸੰਕਟ ਦਾ ਸ਼ਿਕਾਰ ਚੁੱਕੇ ਹਨ। 

ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਫਸਲੀ ਨੁਕਸਾਨ ਦਾ ਜਾਇਜ਼ਾ ਲੈਣ ਦੀ ਸਮੁੱਚੀ ਕਾਰਵਾਈ ਨੂੰ ਪਾਰਦਰਸ਼ੀ ਬਣਾਉਣ ਲਈ ਇਸ ਦੀ ਵੀਡਿਓਗ੍ਰਾਫੀ ਕੀਤੀ ਜਾਵੇ ਤਾਂ ਕਿ ਸੌੜੀ ਸਿਆਸੀ ਧੜ੍ਹੇਬਾਜ਼ੀ ਨੂੰ ਆਧਾਰ ਬਣਾ ਕੇ ਕਿਸਾਨਾਂ ਨਾਲ ਸਰਕਾਰੀ ਵਿਤਕਰਾ ਨਾ ਕੀਤਾ ਜਾ ਸਕੇ।  

प्रे

Read more