ਮਾਲਵੇ ਤੋਂ ਬਾਅਦ ਹੁਣ ਮਾਝੇ ਦੇ ਟਕਸਾਲੀ ਆਗੂਆਂ ਨੇ ਦਿਖਾਏ ਤਿੱਖੇ ਤੇਵਰ

-ਅਕਾਲੀ ਦਲ,  ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਨਹੀਂ ਚੱਲ ਰਿਹਾ ਸਭ ਠੀਕ : ਬ੍ਰਹਮਪੁਰਾ, ਸੇਖਵਾਂ, ਅਜਨਾਲਾ

-ਅਕਾਲੀ ਦਲ ‘ਚ ਜਥੇਦਾਰਾਂ ਦੀਆਂ ਤਿੱਖੀਆਂ ਸੁਰਾਂ ਸੁਖਬੀਰ ਬਾਦਲ ਲਈ ਬਣੀਆਂ ਚੁਣੌਤੀ
-ਕਿਹਾ; ਡੇਰਾ ਮੁਖੀ ਨੂੰ ਮੁਆਫੀ ਦੇਣ ਦਾ ਫੈਸਲਾ ਗਲਤ ਸੀ
-ਮੋਦੀ ਸਰਕਾਰ ਉਤੇ ਵੀ ਲਾਏ ਪੰਜਾਬ ਨਾਲ ਧੱਕਾ ਕਰਨ ਦੇ ਦੋਸ਼

ਅੰਮ੍ਰਿਤਸਰ, 30 ਸਤੰਬਰ (PunjabUpdate.Com)-ਮਾਲਵੇ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰਿਆਂ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਮਾਝੇ ਦੇ ਟਕਸਾਲੀ ਜਥੇਦਾਰਾਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਮਾਝੇ ਦੀ ਸਿਆਸਤ ਦੇ ਕਿਸੇ ਵੇਲੇ ਖੁੰਡ ਰਹੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਪੰਥਕ ਮੁੱਦਿਆਂ ਉਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਉਤੇ ਮੁਆਫੀ ਦੇਣ ਦਾ ਫੈਸਲਾ ਗਲਤ ਸੀ ਅਤੇ ਬਹਿਬਲ ਕਲਾਂ ਵਿਚ ਪੁਲਿਸ ਵਲੋਂ ਚਲਾਉਣਾ ਵੀ ਬਹੁਤ ਗਲਤ ਸੀ। ਇਸ ਲਈ ਜ਼ਿੰਮੇਵਾਰ ਲੋਕਾਂ ਨਾਲ ਸਜ਼ਾ ਮਿਲਣੀ ਚਾਹੀਦੀ ਹੈ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਦਲ ਨਹੀਂ ਛੱਡਣਗੇ ਬਲਕਿ ਪਾਰਟੀ ਵਿਚ ਰਹਿ ਕੇ ਹੀ ਗਲਤ ਫੈਸਲਿਆਂ ਦਾ ਜਿੱਥੇ ਵਿਰੋਧ ਕਰਨਗੇ ਉਥੇ ਹੀ ਪਾਰਟੀ ਅੰਦਰਲੇ ਗਲਤ ਲੋਕਾਂ ਨੂੰ ਬਾਹਰ ਕੱਢਣ ਲਈ ਆਵਾਜ਼ ਬੁਲੰਦ ਕਰਨਗੇ। ਪੱਤਰਕਾਰਾਂ ਵਲੋਂ ਪੁੱਛੇ ਤਿੱਖੇ ਸਵਾਲਾਂ ਦਾ ਜਵਾਬ ਦਿੰਦਿਆਂ ਉਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਤੇ ਪੰਥਕ ਧਿਰ ਨੂੰ ਇਹ ਦਿਨ ਵਿਖਾਉਣ ਵਾਲੇ ਲੋਕਾਂ ਨੂੰ ਪਾਰਟੀ ਵਿਚੋਂ ਬਾਹਰ ਜਾਣਾ ਪਵੇਗਾ। ਇੱਕ ਸਵਾਲ ਦੇ ਜਵਾਬ ਵਿਚ ਬ੍ਰਹਮਪੁਰਾ, ਸੇਖਵਾਂ ਤੇ ਅਜਨਾਲਾ ਨੇ ਮੰਨਿਆ  ਅਕਾਲੀ ਦਲ ਤੇ ਪੰਥਕ ਸੰਸਥਾਵਾਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਭ ਠੀਕ ਨਹੀਂ ਚੱਲ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਛੋਟੇ ਬੰਦਿਆਂ ਹੱਥ ਕਮਾਨ ਆਉਂਦੀ ਹੈ ਤਾਂ ਗਲਤ ਹੁੰਦਾ ਹੀ ਹੈ। 


ਉਨ੍ਹਾਂ ਐਲਾਨ ਕੀਤਾ ਕਿ ਉਹ ਪਾਰਟੀ ਨਹੀਂ ਛੱਡਣਗੇ ਸਗੋਂ ਜਿਹੜੇ ਗਲਤ ਬੰਦੇ ਹਨ, ਉਨ੍ਹਾਂ ਨੂੰ ਬਾਹਰ ਕਰਨ ਲਈ ਆਵਾਜ਼ ਬੁਲੰਦ ਕੀਤੀ ਜਾਏਗੀ। ਸੇਖਵਾਂ ਨੇ ਕਿਹਾ ਕਿ ਉਹ ਹਫਤੇ ਵਿੱਚ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕਣਗੇ।
ਇਨ੍ਹਾਂ ਲੀਡਰਾਂ ਨੇ ਕਿਹਾ ਕਿ ਕਾਂਗਰਸ ਵਾਂਗ ਹੀ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ। ਮੋਦੀ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣਾ ਦੇ 60 ਤੇ 40 ਫੀਸਦੀ ਅਫਸਰਾਂ ਦੀ ਨਿਯੁਕਤੀ ਦੇ ਫਾਰਮੂਲੇ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਧੱਕਾ ਬਰਦਾਸ਼ਤ ਨਹੀਂ ਹੋਏਗਾ ਚਾਹੇ ਬੀਜੇਪੀ ਨਾਲੋਂ ਨਾਤਾ ਹੀ ਕਿਉਂ ਨਾ ਤੋੜਨਾ ਪਏ। ਬ੍ਰਹਮਪੁਰਾ ਨੇ ਕਿਹਾ ਕਿ ਮਾਝੇ ਦੇ ਸੀਨੀਅਰ ਆਗੂ ਇਕੱਠੇ ਹੋ ਕੇ ਕੰਮ ਕਰਨਗੇ ਅਤੇ ਹਰ ਹਫਤੇ ਮੀਟਿੰਗ ਕੀਤੀ ਜਾਵੇਗੀ। ਜੇਕਰ ਪਾਰਟੀ ‘ਚ ਕੁਝ ਗਲਤ ਹੋ ਰਿਹਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।  ਪੱਤਰਕਾਰਾਂ ਵੱਲੋਂ ਅਸਤੀਫੇ ਸਬੰਧੀ ਪੁੱਛੇ ਗਏ ਸਵਾਲ ‘ਤੇ ਬ੍ਰਹਮਪੁਰਾ ਨੇ ਕਿਹਾ ਕਿ ਉਹ 60 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਨ੍ਹਾਂ ਲੰਮਾ ਅਰਸਾ ਪਾਰਟੀ ਦੀ ਸੇਵਾ ਕੀਤੀ ਹੈ ਅਤੇ ਅਕਾਲੀ ਦਲ ਉਨ੍ਹਾਂ ਦੀ ਮਾਂ ਪਾਰਟੀ ਅਤੇ ਇਸ ਪਾਰਟੀ ‘ਚੋਂ ਅਸਤੀਫਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਬਾਦਲ ਤੋਂ ਬਾਅਦ ਮੈਂ ਦੂਜੇ ਨੰਬਰ ਦਾ ਆਗੂ ਹਾਂ। ਬ੍ਰਹਮਪੁਰਾ ਨੇ ਕਿਹਾ ਕਿ ਜਿਸ ਸਮੇਂ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀ ਤਾਂ ਉਨ੍ਹਾਂ ਉਦੋਂ ਵੀ ਇਸ ਦਾ ਵਿਰੋਧ ਕੀਤਾ ਸੀ ਅਤੇ ਜੇਕਰ ਕੁਝ ਗਲਤ ਹੁੰਦਾ ਹੈ ਤਾਂ ਉਹ ਹੁਣ ਵੀ ਉਸ ਦਾ ਵਿਰੋਧ ਕਰਦੇ ਰਹਿਣਗੇ।

Read more