ਮਾਂ-ਬੋਲੀ ਚੇਤਨਾ ਮੰਚ ਦੀ ਇਕੱਤਰਤਾ: ੩੦ ਅਕਤੂਬਰ ਨੂੰ ਮਾਂ-ਬੋਲੀਆਂ ਸਬੰਧੀ ਸੈਮੀਨਾਰ ਕਰਾਉਣ ਦਾ ਫੈਂਸਲਾ

ਸੁਨੇਹਾ ਤਖ਼ਤੀਆਂ ‘ਤੇ ਕਾਲਾ ਰੰਗ ਫੇਰਨ ਨੂੰ ਦੱਸਿਆ ਇਤਰਾਜਯੋਗ

ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਯੁਨੀਵਰਸਿਟੀ ਵਿਚ ਮਾਂ-ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਵਾਉਣ ਲਈ ਵਿਦਿਆਰਥੀ ਜਥੇਬੰਦੀਆਂ ਵਲੋਂ ਇਕ ਸਾਂਝਾ ਮੰਚ “ਮਾਂ-ਬੋਲੀ ਚੇਤਨਾ ਮੰਚ’ ਬਣਾਇਆ ਗਿਆ ਹੈ, ਜਿਸ ਰਾਹੀਂ ਵਿਦਿਆਰਥੀਆਂ ਨੇ ਮਾਂ-ਬੋਲੀ ਦੀ ਅਹਿਮੀਅਤ ਬਾਰੇ ਸੁਚੇਤ ਕਰਨ ਦੀ ਇਕ ਮੁਹਿੰਮ ਵੀ ਅਰੰਭੀ ਹੈ। ਇਸ ਤਹਿਤ ਮੰਚ ਵਲੋਂ ੩੦ ਅਕਤੂਬਰ ਨੂੰ ਮਾਂ-ਬੋਲੀ ਦੀ ਮਹੱਤਤਾ ਅਤੇ ਪੰਜਾਬ ਯੁਨੀਵਰਸਿਟੀ ਵਿਚ ਪਹਿਲੀ ਭਾਸ਼ਾ ਪੰਜਾਬੀ ਕਿਉਂ ਦੇ ਵਿਸ਼ੇ ‘ਤੇ ਇਕ ਸੈਮੀਨਾਰ ਕਰਵਾਉਣ ਦਾ ਫੈਂਸਲਾ ਕੀਤਾ ਗਿਆ ਹੈ। 

ਮੰਚ ਦਾ ਮੰਨਣਾ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਵਿਚ ਉੱਚ ਸਿੱਖਿਆ ਪੜ੍ਹਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਹਰ ਇਕ ਅਦਾਰੇ ਵਿਚ ਸਬੰਧਿਤ ਖਿੱਤੇ ਦੀ ਮਾਂ-ਬੋਲੀ ਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਂ-ਬੋਲੀ ਦੇ ਪ੍ਰਫੁੱਲਿਤ ਹੋਣ ਦਾ ਮੁੱਖ ਵਸੀਲਾ ਉਸ ਦੇ ਖਿੱਤੇ ਵਿਚ ਪੈਂਦੇ ਵਿਦਿਅਕ ਅਦਾਰੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵਿਦਿਅਕ ਅਦਾਰਿਆਂ ਵਿਚ ਮਾਂ-ਬੋਲੀ ਦੀ ਥਾਂ ਕਿਸੇ ਬਾਹਰੀ ਭਾਸ਼ਾ ਨੂੰ ਮੁੱਖ ਭਾਸ਼ਾ ਬਣਾਇਆ ਜਾਂਦਾ ਹੈ ਤਾਂ ਸਿਰਫ ਮਾਂ-ਬੋਲੀ ਦਾ ਵਿਕਾਸ ਹੀ ਨਹੀਂ ਰੁਕਦਾ ਬਲਕਿ ਉਸ ਖਿੱਤੇ ਦੇ ਸਮੁੱਚੇ ਲੋਕਾਂ ਦੇ ਬਹੁਪੱਖੀ ਵਿਕਾਸ ਵਿਚ ਵੱਡੀ ਰੁਕਾਵਟ ਖੜੀ ਹੋ ਜਾਂਦੀ ਹੈ। 

ਪੰਜਾਬ ਯੁਨੀਵਰਸਿਟੀ ਦਾ ਇਤਿਹਾਸਕ ਪਿਛੋਕੜ ਪੰਜਾਬ ਦਾ ਹੈ ਤੇ ਇਹ ਪੰਜਾਬ ਖਿੱਤੇ ਦੀ ਨੁਮਾਂਇੰਦਗੀ ਕਰਦੀ ਹੈ। ਇਸ ਖਿੱਤੇ ਦੇ ਅਤੇ ਪੰਜਾਬੀ ਦੇ ਬਹੁਪੱਖੀ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਯੁਨੀਵਰਸਿਟੀ ਵਿਚ ਪੰਜਾਬੀ ਨੂੰ ਪਹਿਲਾ ਦਰਜਾ ਦਿੱਤਾ ਜਾਵੇ। 

ਇਸ ਦੌਰਾਨ ਯੁਨੀਵਰਸਿਟੀ ਵਿਚ ਲੱਗੀਆਂ ਸੁਨੇਹਾ ਤਖਤੀਆਂ ‘ਤੇ ਲਿਖੀ ਹਿੰਦੀ ਉੱਤੇ ਕਿਸੇ ਵਲੋਂ ਕਾਲਾ ਰੰਗ ਫੇਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਇਤਰਾਜਯੋਗ ਹੈ ਤੇ ਮੰਚ ਅਜਿਹੇ ਆਪ ਮੁਹਾਰੇ ਕਾਰਜਾਂ ਦੀ ਪ੍ਰੋੜਤਾ ਨਹੀਂ ਕਰਦਾ। ਮੰਚ ਨੇ ਕਿਹਾ ਕਿ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਤੋਂ ਬਾਅਦ ਦੂਜੀ ਜਾਂ ਤੀਜੀ ਭਾਸ਼ਾ ਦੇ ਬਤੌਰ ਕਿਸੇ ਵੀ ਭਾਸ਼ਾ ਤੋਂ ਮੰਚ ਨੂੰ ਕੋਈ ਇਤਰਾਜ ਨਹੀਂ ਹੈ। ਮੰਚ ਨੇ ਮੰਗ ਕੀਤੀ ਕਿ ਉਪਰੋਕਤ ਘਟਨਾ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਵਿਚ ਅਹਿਮ ਮੰਗ ਇਹ ਵੀ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਵਿਚ (ਪੰਜਾਬੀ, ਹਿੰਦੀ ਜਾਂ ਹੋਰ) ਇਮਤਿਹਾਨ ਦੇਣ, ਖੋਜ ਕਰਨ ਦੀ ਅਜ਼ਾਦੀ ਹੋਵੇ ਅਤੇ ਯੁਨੀਵਰਸਿਟੀ ਵਲੋਂ ਉਪਰੋਕਤ ਭਾਸ਼ਾਵਾਂ ਵਿਚ ਸਿੱਖਿਆ ਸਮਗਰੀ ਦਾ ਵੀ ਪ੍ਰਬੰਧ ਕੀਤਾ ਜਾਵੇ। 

ਮੰਚ ਨੇ ਨਾਲ ਹੀ ਯੂਨੀਵਰਸਿਟੀ ਪ੍ਰਬੰਧਕਾਂ ਦੀ ਇਸ ਮਾਮਲੇ ਵਿਚ ਪਹੁੰਚ ‘ਤੇ ਸਵਾਲ ਚੁਕਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਵਿਦਿਆਰਥੀਆਂ ਵਲੋਂ ਪੰਜਾਬੀ ਭਾਸ਼ਾ ਲਈ ਕੀਤੀ ਜਾ ਰਹੀ ਮੰਗ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਤੇ ਇਸ ਮਸਲੇ ਦੀ ਗੰਭੀਰਤਾ ਬਾਰੇ ਇਹ ਪਹੁੰਚ ਨਿੰਦਣਯੋਗ ਹੈ। ਮੰਚ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਦੇ ਕੇ ਜਲਦ ਤੋਂ ਜਲਦ ਹੱਲ ਕੀਤਾ ਜਾਵੇ। 

ਜਾਰੀ ਕਰਤਾ: ਮਾਂ-ਬੋਲੀ ਚੇਤਨਾ ਮੰਚ (ਆਈਸਾ, ਆਈ.ਐੱਸ ਏ, ਐੱਨ.ਐੱਸ.ਯੂ.ਆਈ, ਐਸ ਐੱਫ ਆਈ ,ਐੱਸ.ਐੱਫ.ਐੱਸ, ਏ.ਆਈ.ਐੱਸ.ਐੱਫ, ਪੀ.ਪੀ.ਐੱਸ.ਓ, ਪੁਸੂ, ਪੀ.ਐੱਸ.ਯੂ. (ਲਲਕਾਰ), ਸੱਥ, ਸੋਈ, ਵਿਦਿਆਰਥੀ ਕੌਂਸਲ)

Read more