ਮਹਿਲਾ ਨਾਲ ਜਿਸਮਾਨੀ ਸੋਸ਼ਣ ਦੇ ਦੋਸ਼ ‘ਚ ਦਿੱਲੀ ਗੁਰਦੁਆਰਾ ਕਮੇਟੀ ਦੇ ਤਿੰਨ ਉਚ ਅਧਿਕਾਰੀ ਮੁਅੱਤਲ

ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਕ ਮਹਿਲਾ ਨਾਲ ਜਿਸਮਾਨੀ ਸੋਸ਼ਣ ਕੀਤੇ ਜਾਣ ਦੀਆਂ ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਕਮੇਟੀ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਸਪਸ਼ਟ ਚਿਤਾਵਨੀ ਦਿੱਤੀ ਹੈ ਕਿ ਰਹਿਤ ਮਰਿਆਦਾ ਦੀ ਉਲੰਘਣਾ ਤੇ ਨਿਯਮਾਂ ਨੂੰ ਭੰਗ ਕਰਨ ਦੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ, ਡਿਪਟੀ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਅਤੇ ਡਿਪਟੀ ਜਨਰਲ ਮੈਨੇਜਰ ਬਲਬੀਰ ਸਿੰਘ ਸ਼ਾਮਲ ਹਨ, ਜਿਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। 

ਸ਼੍ਰੀ ਸਿਰਸਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਇਨਾਂ ਮੁਲਾਜ਼ਮਾਂ ਵਲੋਂ ਇਕ ਮਹਿਲਾ ਦਾ ਜਿਸਮਾਨੀ ਸੋਸ਼ਣ ਕੀਤੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਸਨ ਤੇ ਇਸ ਮਾਮਲੇ ਵਿਚ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਖ ਨੂੰ ਲੈ ਕੇ ਸੰਗਤਾਂ ਵਿਚ ਵੱਡੀ ਚਿੰਤਾ ਪਾਈ ਗਈ ਹੈ। ਉਨਾਂ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਇਸ ਪ੍ਰਤੀ ਜਾਣਨ ਦੀਆਂ ਇਛੁੱਕ ਸਨ ਕਿ ਇਸ ਘੋਰ ਕੁਤਾਹੀ ਪ੍ਰਤੀ ਕਿਸ ਤਰਾਂ ਦੀ ਕਾਰਵਾਈ ਹੁੰਦੀ ਹੇ। ਉਨਾਂ ਦੱਸਿਆ ਕਿ ਮਾਮਲੇ ਵਿਚ ਨੋਰਥ ਐਵੀਨਿਊ ਪੁਲਸ ਥਾਣੇ ਵਿਚ ਇਕ ਕੇਸ ਵੀ ਜਿਸਮਾਨੀ ਸੋਸ਼ਣ ਨੂੰ ਲੈ ਕੇ ਦਰਜ ਹੋਇਆ ਸੀ, ਜਿਸ ਨੂੰ ਦੇਖਦਿਆਂ ਮੌਜੂਦਾ ਕਾਰਵਾਈ ਕੀਤੀ ਗਈ ਹੈ। ਸ਼੍ਰੀ ਸਿਰਸਾ ਨੇ ਸੰਗਤਾਂ ਨੂੰ ਭਰੋਸਾ ਦਵਾਇਆ ਕਿ ਸਿੱਖ ਗੁਰੂ ਸਾਹਿਬਾਨ ਵਲੋਂ ਦੱਸੀ ਰਹਿਤ ਮਰਿਆਦਾ ਦੀ ਪਾਲਣਾ ਦੀ ਗੁਰਦੁਆਰਾ ਕਮੇਟੀ ਵਲੋਂ ਹਰ ਹੀਲੇ ਯਕੀਨੀ ਬਣਾਈ ਜਾਵੇਗੀ ਅਤੇ ਰਹਿਤ ਮਰਿਆਦਾ ਦੀ ਉਲੰਘਣਾ ਤੇ ਨਿਯਮਾਂ ਦੀ ਕਿਸੇ ਵੀ ਤਰਾਂ ਦੀ ਉਲੰਘਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Read more