ਮਹਿਲਾਵਾਂ ਪ੍ਰਤੀ ਘਟੀਆਂ ਸੋਚ ਰੱਖਣ ਵਾਲਾ ਮੰਤਰੀ ਚੰਨੀ ਬਰਖਾਸਤ ਕਰੋ-ਰਾਜ ਲਾਲੀ ਗਿੱਲ

ਚੰਡੀਗੜ੍ਹ, 28 ਅਕਤੂਬਰ 2018: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਆਪਣੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਕੈਬਿਨੇਟ ‘ਚੋਂ ਬਰਖਾਸਤਗੀ ਅਤੇ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਚਰਨਜੀਤ ਸਿੰਘ ਚੰਨੀ ਵੱਲੋਂ ਇਕ ਮਹਿਲਾ ਆਈ.ਏ.ਐਸ ਅਧਿਕਾਰੀ ਨੂੰ ਅੱਧੀ-ਅੱਧੀ ਰਾਤ ਨੂੰ ਇਤਰਾਜਯੋਗ ਐਸ.ਐਮ.ਐਸ (ਸੰਦੇਸ਼) ਭੇਜਣ ਦੇ ਮਾਮਲੇ ‘ਤੇ ਘੇਰਦੇ ਹੋਏ ‘ਆਪ’ ਮਹਿਲਾ ਵਿੰਗ ਪ੍ਰਧਾਨ ਰਾਜ ਲਾਲੀ ਗਿੱਲ ਨੇ ਮੀਡੀਆ ਸਾਹਮਣੇ ਕਿਹਾ ਕਿ ਜੋ ਮੰਤਰੀ ਇਕ ਮਹਿਲਾ ਅਧਿਕਾਰੀ ਨਾਲ ਅਜਿਹੀ ਘਟੀਆ ਹਰਕਤ ਕਰ ਸਕਦਾ ਹੈ, ਬਤੌਰ ਮੰਤਰੀ ਉਸ ਕੋਲ ਆਪਣੇ ਕੰਮਕਾਰਾਂ ਅਤੇ ਫਰਿਆਦਾਂ ਸ਼ਿਕਾਇਤਾਂ ਲੈ ਕੇ ਜਾਣ ਵਾਲੀਆਂ ਆਮ ਮਹਿਲਾਵਾਂ ਨਾਲਾ ਉਹ ਕਿਸ ਹੱਦ ਤੱਕ ਜਾ ਸਕਦਾ ਹੈ, ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਲਈ ਚਰਨਜੀਤ ਸਿੰਘ ਚੰਨੀ ਦੀ ਮਹਿਲਾਵਾਂ ਪ੍ਰਤੀ ਮਾਨਸਿਕਤਾ ਬੇਹੱਦ ਘਟੀਆ ਹੈ ਅਤੇ ਉਸਦਾ ਸੱਤਾ ਦੀ ਤਾਕਤ ਨਾਲ ਖੁੱਲੇ ਫਿਰਨਾ ਸਮਾਜ ਖਾਸ ਕਰਕੇ ਔਰਤਾਂ ਲਈ ਬੇਹੱਦ ਖਤਰਨਾਕ ਹੈ।

‘ਆਪ’ ਮਹਿਲਾ ਵਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਸਾਹਮਣੇ ਰੋਸ਼ ਪ੍ਰਦਰਸ਼ਨ ਕਰਨ ਜਾ ਰਿਹਾ ਸੀ, ਪਰੰਤੂ ‘ਆਪ’ ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਪੁਲਿਸ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਪਹਿਲਾਂ ਹੀ ਚੰਡੀਗੜ੍ਹ ਕਲੱਬ ਵਾਲੇ ਚੌਂਕ ‘ਤੇ ਨਾਕਾਬੰਦੀ ਕਰਕੇ ਰੋਕ ਲਿਆ ਗਿਆ। ਜਿੱਥੇ ਆਪ ਮਹਿਲਾ ਵਿੰਗ ਨੇ ਕੈਰਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਅਤੇ ਰਾਹੁਲ ਗਾਂਧੀ ਵਿਰੁੱਧ ਦਬ ਕੇ ਨਾਅਰੇਬਾਜੀ ਕੀਤੀ।

ਮੈਡਮ ਰਾਜ ਲਾਲੀ ਗਿੱਲ ਨੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਦੋਸ਼ ਲਗਾਇਆ ਕਿ ਉਨ੍ਹਾਂ ਸੰਬੰਧਿਤ ਮਹਿਲਾ ਅਧਿਕਾਰੀ ਉੱਤੇ ਦਬਾਅ ਪਾ ਕੇ ਸਮਝੌਤਾ ਕਰਾਇਆ ਅਤੇ ਆਪਣੇ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜੋ ਕਾਨੂੰਨੀ ਅਤੇ ਨੈਤਿਕ ਤੌਰ ‘ਤੇ ਸਹੀ ਨਹੀਂ ਹੈ। ਰਾਜ ਲਾਲੀ ਗਿੱਲ ਨੇ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੀ ਕੇਂਦਰੀ ਇੰਚਾਰਜ ਆਸ਼ਾ ਕੁਮਾਰੀ ਵੱਲੋਂ ਚੰਨੀ ਨੂੰ ਕਲੀਨ ਚਿੱਟ ਦਿੱਤੇ ਜਾਣ ‘ਤੇ ਅਫਸੋਸ ਜਤਾਇਆ ਅਤੇ ਕਿਹਾ ਕਿ ਕਾਂਗਰਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

‘ਆਪ’ ਮਹਿਲਾ ਵਿੰਗ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਔਰਤਾਂ ਪ੍ਰਤੀ ਦੋਗਲੀ ਨੀਤੀ ਰੱਖਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਪਾਸੇ ‘ਮੀ-ਟੂ’ ਦੇ ਸਮਰਥਨ ‘ਚ ਔਰਤਾਂ ਦੇ ਸਨਮਾਨ ਨੂੰ ਸਰਬੋਤਮ ਦੱਸਣ ਵਾਲੇ ਰਾਹੁਲ ਗਾਂਧੀ ਕੇਂਦਰੀ ਮੰਤਰੀ ਐਮ.ਜੇ ਅਕਬਰ ਦਾ ਅਸਤੀਫਾ ਮੰਗਦੇ ਹਨ, ਦੂਜੇ ਪਾਸੇ ਉਸੇ ਤਰ੍ਹਾਂ ਦੇ ਦੋਸ਼ਾਂ ‘ਚ ਘਿਰੇ ਆਪਣੇ ਮੰਤਰੀ ਨੂੰ ਬਚਾ ਰਹੇ ਹਨ।

ਰਾਜ ਲਾਲੀ ਗਿੱਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿਦੇਸ਼ ਫੇਰੀ ਤੋਂ ਵਾਪਸੀ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਚੰਨੀ ਨੂੰ ਬਰਖਾਸਤ ਨਾ ਕੀਤਾ ਤਾਂ ‘ਆਪ’ ਮਹਿਲਾ ਵਿੰਗ ਕਾਂਗਰਸ ਸਰਕਾਰ ਵਿਰੁੱਧ ਸੂਬਾ ਪੱਧਰੀ ਸੰਘਰਸ਼ ਵਿੱਢੇਗਾ।

ਰੋਸ਼ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਅੰਕਿਤ ਬਾਂਸਲ ਮੈਮੋਰੰਡਮ ਲੈਣ ਪਹੁੰਚੇ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ‘ਆਪ’ ਮਹਿਲਾ ਵਿੰਗ ਦਾ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾ ਦੇਣਗੇ।

ਇਸ ਮੌਕੇ ਰਜਿੰਦਰਪਾਲ ਕੌਰ ਛੀਨਾ, ਸਤਵੰਤ ਕੌਰ ਘੁੰਮਣ, ਸਵਰਨ ਲਤਾ, ਕਸ਼ਮੀਰ ਕੌਰ, ਬਲਵਿੰਦਰ ਕੌਰ ਧਨੌੜਾ, ਮੈਡਮ ਜੋਗਿੰਦਰ ਕੌਰ ਸਹੋਤਾ, ਮੀਨਾ ਸ਼ਰਮਾ, ਪ੍ਰਭਜੋਤ ਕੌਰ, ਅਨੂੰ ਬੱਬਰ, ਸੁਖਵਿੰਦਰ ਕੌਰ, ਅਤੇ ਡਾ. ਮੀਨਾ ਗਾਂਧੀ ਤੋਂ ਇਲਾਵਾ ‘ਆਪ’ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਸੁਖਵਿੰਦਰ ਸੁੱਖੀ, ਬੀ.ਐਸ. ਘੁੰਮਣ, ਦਿਲਾਬਰ ਸਿੰਘ, ਗੋਬਿੰਦਰ ਮਿਤੱਲ ਆਦਿ ਉਚੇਚੇ ਤੌਰ ‘ਤੇ ਮੌਜੂਦ ਸਨ।

Read more