ਮਨਜੀਤ ਸਿੰਘ ਜੀਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ, ਸਿਰਸਾ ਨੇ ਦਿੱਤਾ ਅਸਤੀਫਾ–ਜੀਕੇ ਉਤੇ ਚਹੇਤਿਆਂ ਨੂੰ ਕਮੇਟੇ ਦੇ ਠੇਕੇ ਦੇਣ ਦੇ ਦੋਸ, ਸ਼੍ਰੋਮਣੀ ਕਮੇਟੀ ਮੈਂਬਰ ਨੇ ਕੀਤੇ ਵੱਡੇ ਖੁਲਾਸੇ, ਪੜ੍ਹੋ

-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਕਰੋੜਾਂ ਦਾ ਘੋਟਾਲੇ? ਵਿਵਾਦ ਗਰਮਾਇਆ
-ਪ੍ਰਧਾਨ ਮਨਜੀਤ ਸਿੰਘ ਜੀਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ, ਸਿਰਸਾ ਨੇ ਦਿੱਤਾ ਅਸਤੀਫਾ
-ਜੀਕੇ ਉਤੇ ਚਹੇਤਿਆਂ ਨੂੰ ਕਮੇਟੇ ਦੀ ਠੇਕੇ ਦੇਣ ਦੇ ਦੋਸ, ਸ਼੍ਰੋਮਣੀ ਕਮੇਟੀ ਮੈਂਬਰ ਨੇ ਕੀਤੇ ਵੱਡੇ ਖੁਲਾਸੇ, ਪੜ੍ਹੋ
ਨਵੀਂ ਦਿੱਲੀ, 25 ਅਕਤੂਬਰ
ਪੰਜਾਬ ਤੋਂ ਬਾਅਦ ਹੁਣ ਅਕਾਲੀ ਦਲ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੁਖੀ ਹੋ ਕੇ ਜੀਕੇ ਦੇ ਖਿਲਾਫ ਵਿਰੋਧ ਜਿਤਾਉਂਦੇ ਹੋਏ ਜਨਰਲ ਸਕੱਤਰ ਦੇ ਅਹੁਦੇ ਦਾ ਚਾਰਜ ਛੱਡ ਦਿੱਤਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜੀਕੇ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਉਹ ਕੁੱਝ ਦਿਨਾਂ ਲਈ ਛੁੱਟੀ ਉਤੇ ਚਲੇ ਗਏ ਸਨ ਅਤੇ ਕਲ੍ਹ ਹੀ ਉਨ੍ਹਾਂ ਮੁੜ ਪ੍ਰਧਾਨਗੀ ਦਾ ਚਾਰਜ ਸੰਭਾਲਿਆ ਸੀ। ਦਿੱਲੀ ਦੇ ਅਕਾਲੀ ਹਲਕਿਆਂ ਵਿਚ ਚਰਚਾ ਹੈ ਕਿ ਸਿਰਸਾ ਨੇ ਅੱਕ ਕੇ ਵੀਰਵਾਰ ਨੂੰ ਸਵੇਰੇ ਉਨ੍ਹਾਂ ਆਪਣਾ ਅਸਤੀਫਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ। 

ਪਿਛਲੇ ਦਿਨੀਂ ਕਮੇਟੀ ਦੇ ਇੱਕ ਮੈਂਬਰ ਗੁਰਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਖੁਲਾਸਾ ਕੀਤਾ ਸੀ ਕਿ ਜੀਕੇ ਵਲੋਂ ਗੁਰਦੁਆਰਾ ਕਮੇਟੀ ਦੀ ਗੋਲਕ ਆਪਣੇ ਚਹੇਤਿਆਂ ਤੇ ਰਿਸ਼ਤੇਦਾਰਾਂ ਨੂੰ ਠੇਕੇ ਦੇ ਕੇ ਲੁਟਾਈ ਜਾ ਰਹੀ ਹੈ। ਕਮੇਟੀ ਮੈਂਬਰਾਂ ਨੇ ਜੀਕੇ ਉਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਲੱਖਾਂ ਰੁਪਏ ਦੇ ਕੰਮਾਂ ਦਾ ਠੇਕਾ ਆਪਣੀ ਕੁੜੀ ਤੇ ਜਵਾਈ ਨੂੰ ਫਾਇਦਾ ਪਹੁੰਚਾਉਣ ਲਈ ਦਿੱਤਾ।

ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰਿਆ ਬਾਦਲਾਂ ਦਾ ਚਹੇਤਾ ਦਿੱਲੀ ਕਮੇਟੀ ਪ੍ਰਧਾਨ 
ਦਿੱਲੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵਿਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਨੂੰ ਲੈ ਕੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਬੁਰੀ ਤਰ੍ਹਾਂ ਨਾਲ ਘਿਰ ਗਏ ਹਨ। ਇੱਕ ਪਾਸੇ ਜਿੱਥੇ ਉਨ੍ਹਾਂ ਉਤੇ ਵਿਰੋਧੀ ਧਿਰਾਂ ਦੋਸ਼ ਲਾ ਰਹੀਆਂ ਉਥੇ ਹੀ ਦੂਜੇ ਪਾਸੇ ਕਮੇਟੀ ਦੇ ਮੌਜ਼ੂਦਾ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੈਟੀ ਨੇ ਪਿਛਲੇ ਦਿਨੀਂ ਸ਼ਰ੍ਹੇਆਮ ਪ੍ਰੈਸ ਕਾਨਫਰੰਸ ਕਰਕੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਤੋਂ ਪਰਦਾ ਚੁੱਕਣ ਦਾ ਦਾਅਵਾ ਕੀਤਾ ਹੈ।
ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਸ਼ੈਂਟੀ ਨੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਜੀਕੇ ਨੇ ਗੁਰੁ ਦੀ ਗੋਲਕ ਆਪਣੇ ਚਹੇਤੇ ਤੇ ਰਿਸ਼ਤੇਦਾਰ ਨੂੰ ਲੁਟਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਜੀਕੇ ਨੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਅਤੇ ਦਿੱਲੀ ਵਿਚ ਸਿੱਖ ਵਿਰਾਸਤੀ ਇਮਾਰਤਾਂ ਨੂੰ ਸਾਜਿਸ਼ ਅਧੀਨ ਢਹਿ-ਢੇਰੀ ਕਰਨ ਦੀ ਸੌਦੇਬਾਜ਼ੀ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਹੈ।  
ਦਿੱਲੀ ਕਮੇਟੀ ਵਿਚ ਹੋਏ ਭ੍ਰਿਸ਼ਟਾਚਾਰ ਸਬੰਧੀ ਤੱਥ ਪੇਸ਼ ਕਰਦਿਆਂ ਗੁਰਮੀਤ ਸ਼ੈਂਟੀ ਨੇ ਕਿਹਾ ਕਿ ਜੀਕੇ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੀ ਸੂਚੀ ਵਿਚ ਜੀਕੇ ਦੀ ਸਰਪ੍ਰਸਤੀ ਹੇਠ ਬੈਂਕ ਦੇ ਕੇਵਲ ਇੱਕ ਖਾਤੇ ਦੀ ਐਂਟਰੀ ਵਿਚ 91 ਲੱਖ ਦੇ ਘਪਲੇ ਸਮੇਤ ਕਿਤਾਬਾਂ ਛੁਪਾਉਣ, ਡਰੈਸਾਂ ਤਿਆਰ ਕਰਵਾਉਣ, ਸਿੱਖਾਂ ਵਿਰਾਸਤੀ ਇਮਾਰਤਾਂ ਨੂੰ ਢਾਹੁਣ ਲਈ 60 ਲੱਖ ਵਿਚ ਸੌਦੇਬਾਜ਼ੀ ਕਰਨੀ, ਗੁਰਦੁਆਰਾ ਸਾਹਿਬ ਅੰਦਰ ਸੇਵਾ ਨਾਲ ਬਣਾਈਆਂ ਇਮਾਰਤਾਂ ਦੇ ਕਰੋੜਾਂ ਦੇ ਬਿੱਲਾਂ ਨੂੰ ਡੀਐਸਜੀਐਮਸੀ ਦੇ ਖਾਤਿਆਂ ਵਿਚ ਖਰਚੇ ਵਜੋਂ ਵਿਖਾ ਕੇ ਉਨ੍ਹਾਂ ਬਦਲੇ ਅਦਾਇਗੀਆਂ ਹਾਸਲ ਕਰਨੀਆਂ, ਗੁਰਦੁਆਰਿਆਂ ਨੂੰ ਘਾਟੇ ਵਿਚ ਪਹੁੰਚਾਉਣਾ ਅਤੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਬੈਂਕਾਂ ਕੋਲ ਗਹਿਣੇ ਰੱਖ ਕੇ ਕਰੋੜਾਂ ਰੁਪਏ ਦੇ ਕਰਜ਼ੇ ਲੈਣ ਦੀਆਂ ਸਾਜਿਸ਼ਾਂ ਰਚਣੀਆਂ, ਨਵੀਂ ਭਰਤੀ ਮੌਕੇ ਭ੍ਰਿਸ਼ਟਾਚਾਰ ਕਰਨਾ, ਕਮੇਟੀ ਮੈਂਬਰਾਂ ਨੂੰ ਗੱਡੀਆਂ ਅਤੇ ਵਾਧੂ ਸਟਾਫ ਦੇ ਕੇ ਹਰ ਮਹੀਨੇ ਲੱਖਾਂ ਦਾ ਵਾਧੂ ਖਰਚ ਕਰਨਾ ਆਦਿ ਅਜਿਹੇ ਵੱਡੇ ਘਪਲੇ ਸ਼ਾਮਲ ਹਨ। ਜਿਨ੍ਹਾਂ ਕਰਕੇ ਜੀਕੇ ਹੁਣ ਆਪਣਾ ਅਹੁਦਾ ਛੱਡ ਕੇ ਭੱਜਣ ਦੀਆਂ ਅਫਵਾਹਾਂ ਫੈਲਾਅ ਕੇ ਸੰਗਤ ਨੂੰ ਗੁੰਮਰਾਹ ਕਰਨ ਦਾ ਡਰਾਮਾ ਰਚ ਰਿਹਾ ਹੈ। 
ਦਿੱਲੀ ਕਮੇਟੀ ਮੈਂਬਰ ਸ਼ੈਂਟੀ ਨੇ ਕਿਹਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਮਤਭੇਦ ਹੋਣ ਦੀਆਂ ਜੀਕੇ ਕੇਵਲ ਅਫਵਾਹਾਂ ਹੀ ਫੈਲਾਅ ਰਿਹਾ ਹੈ। ਜੀਕੇ ਦਾ ਇਹ ਸਾਰਾ ਡਰਾਮਾ ਰਚਣ ਦਾ ਮੁੱਖ ਉਦੇਸ਼ ਸਿੱਖ ਸੰਗਤਾਂ ਦਾ ਧਿਆਨ ਭ੍ਰਿਸ਼ਟਾਚਾਰ ਅਤੇ ਸਿੱਖ ਵਿਰਾਸਤੀ ਇਮਾਰਤਾਂ ਨੂੰ ਢਾਹੁਣ ਦੀਆਂ ਸਾਜਿਸ਼ਾਂ ਤੋਂ ਭਟਕਾਉਣਾ ਹੈ। 
ਉਨ੍ਹਾਂ  ਜੀਕੇ ਉਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦਿੱਲੀ ਕਮੇਟੀ ਦੇ ਇੱਕ ਬੈਂਕ ਖਾਤੇ ਵਿਚ ਜੋ 91 ਲੱਖ ਤੋਂ ਵੱਧ ਦੀ ਰਕਮ ਦਾਨ ਦੇ ਰੂਪ ਵਿਚ ਜਮ੍ਹਾਂ ਹੋਈ ਸੀ ਉਸ ਰਕਮ ਦੇ ਅੰਕੜਿਆਂ ਨੂੰ ਹੇਰਾਫੇਰੀ ਰਾਹੀਂ ਕੇਵਲ 91 ਹਜ਼ਾਰ ਵਿਖਾਇਆ ਗਿਆ ਹੈ। ਵਿਦਿਆਰਥੀਆਂ ਨੂੰ ਸਿੱਖ ਵਿਰਾਸਤ ਦੀ ਜਾਣਕਾਰੀ ਦੇਣ ਲਈ 87 ਹਜ਼ਾਰ ਕਿਤਾਬਾਂ ਕੇਵਲ ਕਾਗਜ਼ਾਂ ਵਿਚ ਛੁਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀਕੇ ਦੇ ਰਿਹਾਇਸ਼ੀ ਵਾਲੀ ਇੱਕ ਫਰਮ ਜੋ ਉਸਦੀ ਆਪਣੀ ਪੁੱਤਰੀ ਅਤੇ ਦਾਮਾਦ ਦੇ ਨਾਮ ਉਤੇ ਰਜਿਸਟਰ ਹੈ, ਕੋਲੋਂ ਸਕੂਲ ਵਰਦੀਆਂ ਬਣਾਉਣ ਦਾ ਵੱਡਾ ਘਪਲਾ ਕੀਤਾ ਗਿਆ ਹੈ। 
ਸ਼ੈਂਟੀ ਨੇ ਦਾਅਵਾ ਕੀਤਾ ਹੈ ਕਿ ਜੀਕੇ ਨੇ ਆਰਐਸਐਸ ਨਾਲ ਸਾਜਿਸ਼ ਕਰਕੇ ਦਿੱਲੀ ਅੰਦਰਲੀਆਂ ਸਿੱਖ ਵਿਰਾਸਤੀ ਇਮਾਰਤਾਂ ਨੂੰ ਢਾਹੁਣ ਲਈ 60 ਲੱਖ ਰੁਪਏ ਵਿਚ ਸੌਦੇਬਾਜ਼ੀ ਕੀਤੀ ਹੈ। ਇਸ ਰਕਮ ਵਿਚੋਂ 30 ਲੱਖ ਐਡਵਾਂਸ ਲੈ ਲਏ ਹਨ। 
ਉਨ੍ਹਾਂ ਕਿਹਾ ਕਿ ਜਦੋਂ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਮਾਤਾ ਸੁੰਦਰੀ ਜੀ ਦੀ ਕਾਰ ਸੇਵਾ ਜਦੋਂ ਬੰਦ ਪਈ ਹੈ ਤਾਂ ਫੇਰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦੀ ਵਿਰਾਸਤੀ ਇਮਾਰਤ ਨੂੰ ਮੁੜ ਤੋਂ ਬਣਾਉਣ ਲਈ ਕਾਰ ਸੇਵਾ ਜੀਕੇ ਵਲੋਂ ਕਿਉਂ ਆਰੰਭ ਕਰਵਾਈ ਜਾ ਰਹੀ ਹੈ, ਇਸ ਦੀ ਵੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅਗਲੇ ਦਿਨਾਂ ਵਿਚ ਉਨ੍ਹਾਂ ਗੁਰਦੁਆਰਾ ਇਮਾਰਤਾਂ ਬਾਰੇ ਵੱਡਾ ਖੁਲਾਸਾ ਕਰਾਂਗਾ ਜਿਨ੍ਹਾਂ ਇਮਾਰਤਾਂ ਨੂੰ ਸਿੱਖ ਸੰਗਤਾਂ ਨੇ ਸੇਵਾ ਭਾਵਨਾ ਅਧੀਨ ਕਰੋੜਾਂ ਰੁਪਏ ਖਰਚ ਕਰਕੇ ਬਣਾਇਆ ਹੈ। ਪਰ ਇਨ੍ਹਾਂ ਇਮਾਰਤਾਂ ਉਪਰ ਹੋਏ ਖਰਚ ਨੂੰ ਦਿੱਲੀ ਕਮੇਟੀ ਦੇ ਖਰਚਿਆਂ ਖਾਤਿਆਂ ਵਿਚ ਵਿਖਾ ਕੇ ਬਿੱਲਾਂ ਦੀ ਅਦਾਇਗੀ ਜੀਕੇ ਨੇ ਆਪਣੇ ਚਹੇਤਿਆਂ ਨੂੰ ਕੀਤੀ ਹੈ। 
ਗੁਰਮੀਤ ਸਿੰਘ ਸ਼ੈਂਟੀ ਨੇ ਜੀਕੇ ਉਤੇ ਵਰ੍ਹਦਿਆਂ ਕਿਹਾ ਕਿ ਦਿੱਲੀ ਦੇ ਗੁਰਦੁਆਰਿਆਂ ਨੂੰ 125 ਕਰੋੜ ਰੁਪਏ ਦੇ ਘਾਟੇ ਵਿਚ ਹੋਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਬੈਂਕਾਂ ਕੋਲੋਂ ਗੁਰਦੁਆਰੇ ਗਹਿਣੇ ਰੱਖ ਕੇ ਕਰੋੜਾਂ ਰੁਪਏ ਕਰਜ਼ ਲੈ ਕੇ ਉਸਨੂੰ ਖੁਰਦ-ਬੁਰਦ ਕੀਤਾ ਜਾ ਸਕੇ। 
ਕਮੇਟੀ ਦੇ ਮੈਂਬਰ ਨੇ ਮਨਜੀਤ ਸਿੰਘ ਜੀਕੇ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਕਿਸੇ ਵੀ ਜਨਤਕ ਮੰਚ ਉਤੇ ਮੇਰੇ ਨਾਲ ਆ ਕੇ ਬਹਿਸ ਕਰ ਲਵੇ। ਜੇਕਰ ਉਹ ਮੇਰੇ ਦੋਸ਼ਾਂ ਤੇ ਤੱਥਾਂ ਨੂੰ ਝੂਠਾ ਸਾਬਤ ਕਰ ਗਿਆ ਤਾਂ ਮੈਂ ਸਿੱਖ ਸੰਗਤ ਦੀ ਸੇਵਾ ਤੋਂ ਲਾਂਭੇ ਹੋ ਜਾਵੇਗਾ ਜਾਂ ਫੇਰ ਮਨਜੀਤ ਸਿੰਘ ਜੀਕੇ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰਨਾ ਲਈ ਤਿਆਰ ਰਹੇ। ਗੁਰੁ ਦੀ ਗੋਲਕ ਲੁੱਟਣ ਬਦਲੇ ਸੰਗਤ ਜੀਕੇ ਨੂੰ ਕਿਸੇ ਵੀ ਹਾਲਤ ਵਿਚ ਮੁਆਫ ਨਹੀਂ ਕਰੇਗੀ।  

ਮਨਜੀਤ ਸਿੰਘ ਜੀਕੇ ਦਾ ਕਹਿਣਾ 
ਇਸ ਸਬੰਧੀ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਉਨ੍ਹਾਂ ਖਿਲਾæਫ ਲਗਾਏ ਗਏ ਦੋਸ਼ ਝੂਠੇ ਤੇ ਸਿਆਸਤ ਤੋਂ ਪ੍ਰੇਰਿਤ ਹਨ। ਜਿਹੜੀ ਮਰਜ਼ੀ ਏਜੰਸੀ ਤੋਂ ਜਾਂਚ ਕਰਵਾਈ ਜਾ ਸਕਦੀ ਹੈ। ਜੀਕੇ ਦਾ ਕਹਿਣਾ ਹੈ ਕਿ ਉਨ੍ਹਾਂ ਕਦੇ ਵੀ ਗੁਰੂ ਦੀ ਗੋਲਕ ਦੀ ਦੁਰਵਰਤੋਂ ਨਹੀਂ ਕੀਤੀ। ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲੇ ਵਿਰੋਧੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ। 

Read more