ਬ੍ਰਹਮ ਮਹਿੰਦਰਾ ਵਲੋਂ ਨਿਆਗਾਉਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ

ਚੰਡੀਗੜ੍ਹ, 23 ਜਨਵਰੀ: ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵਲੋਂ ਅੱਜ ਇਥੇ ਲੋਕਲ ਬਾਡੀ ਭਵਨ ਵਿਖੇ ਨਿਆਗਾਉਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ।

ਇਸ ਸਮੀਖਿਆ ਮੀਟਿੰਗ ਵਿੱਚ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ, ਐਮ.ਐਲ.ਏ. ਖਰੜ ਸ੍ਰੀ ਕੰਵਰ ਸੰਧੂ, ਐਡੀਸ਼ਨਲ ਚੀਫ ਸੈਕਟਰੀ ਸਥਾਨਕ ਸਰਕਾਰਾਂ ਸ੍ਰੀ ਸੰਜੇ ਕੁਮਾਰ, ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ, ਕਾਂਗਰਸੀ ਆਗੂ ਸ. ਜਗਮੋਹਨ ਸਿੰਘ ਕੰਗ ਅਤੇ ਰਵਿੰਦਰ ਪਾਲ ਸਿੰਘ ਪਾਲੀ  ਹਾਜ਼ਰ ਸਨ।

       ਸਮੀਖਿਆ ਮੀਟਿੰਗ ਦੌਰਾਨ ਨਿਆਗਾਉਂ ਵਿਚ ਐਸ.ਟੀ.ਪੀ. ਦੀ ਸਥਾਪਨਾ ਸਬੰਧੀ ਕਾਰਜਾਂ ਉਤੇ ਵਿਚਾਰ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੰਜੇ ਕੁਮਾਰ ਨੇ ਦੱਸਿਆ ਕਿ ਐਸ.ਟੀ.ਪੀ. ਲਈ ਲੋੜੀਂਦੀ 30 ਏਕੜ ਜ਼ਮੀਨ ਦੀ ਭਾਲ ਜਾਰੀ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਇਹ ਕੰਮ ਮੁਕੰਮਲ ਹੋ ਜਾਵੇਗਾ।

       ਮੀਟਿੰਗ ਦੌਰਾਨ ਮਨੀਸ਼ ਤਿਵਾੜੀ ਅਤੇ ਕੰਵਰ ਸੰਧੂ ਨੇ ਨਿਆਗਾਉਂ ਵਿਚ ਲਾਗੂ ਨਕਸ਼ਾ ਫੀਸ ਦਾ ਮੁੱਦਾ ਚੁੱਕਦਿਆਂ ਇਸ ਨੂੰ ਤਰਕਸੰਗਤ ਬਣਾਉਣ ਦੀ ਮੰਗ ਕੀਤੀ।

       ਨਿਆਗਾਉਂ ਵਿਚ ਕੂੜੇ ਕਰਕਟ ਦੀ ਸਮੱਸਿਆ ਦੇ ਨਿਪਟਾਰੇ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੰਜੇ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜੋ ਮਸਲਾ ਸੀ ਉਹ ਹੱਲ ਹੋ ਗਿਆ ਹੈ ਅਤੇ ਠੇਕੇਦਾਰ ਨੇ ਬੀਤੇ ਚਾਰ ਦਿਨਾਂ ਤੋਂ ਕੂੜਾ ਕਰਕਟ ਚੁੱਕਣਾ ਸ਼ੁਰੂ ਕਰ ਦਿੱਤਾ ਹੈ।

       ਮੀਟਿੰਗ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਿਆਗਾਉਂ ਦਾ ਸੁਚੱਜਾ ਵਿਕਾਸ ਕਰਨਾ ਸਾਡੀ ਸਰਕਾਰ ਦੇ ਮੁੱਖ ਏਜੰਡਾ ਵਿਚ ਸ਼ਾਮਿਲ ਹੈ ।

       ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਆਗਾਉਂ ਵਿਚ ਸੀਵਰੇਜ ਸਿਸਟਮ ਵਿਛਾਉਣ ਲਈ ਲੋੜੀਂਦੇ ਬਜਟ ਦਾ ਪ੍ਰਬੰਧ ਕਰਨ, ਐਸ.ਟੀ.ਪੀ.ਦੀ ਉਸਾਰੀ ਲਈ ਲੋੜੀਂਦੇ 73 ਕਰੋੜ ਰੁਪਏ ਦਾ ਪ੍ਰਬੰਧ ਕਰਨ ਲਈ ਵਿੱਤ ਵਿਭਾਗ ਨਾਲ ਹੋਣ ਵਾਲੀ ਅਗਾਮੀ ਮੀਟਿੰਗ ਵਿੱਚ ਇਸ ਨੂੰ ਵਿਚਾਰਿਆ ਜਾਵੇ ਅਤੇ ਨਿਆਗਾਉਂ ਦੇ ਵਾਸੀਆਂ ਨੂੰ ਵਿਭਾਗ ਸਬੰਧਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ।

       ਇਸ ਤੋਂ ਇਲਾਵਾ ਮੀਟਿੰਗ ਦੌਰਾਨ ਹਾਈ ਟੈਨਸ਼ਨ ਵਾਇਰਜ ਅਤੇ ਨਿਆਗਾਉਂ ਵਿਚ ਨਕਸ਼ਾ ਫੀਸ ਵਿਚ ਹੋਣ ਵਾਲੇ ਸਲਾਨਾ ਵਾਧੇ ਦਾ ਮੁੱਦਾ ਵੀ ਵਿਚਾਰਿਆ ਗਿਆ।  

Read more