ਪੰਜਾਬ ਸਿਵਲ ਸਕੱਤਰਰੇਤ ਦੇ ਮੁਲਾਜ਼ਮਾਂ ਵਲੋਂ ਵਿਸ਼ਾਲ ਰੋਸ ਰੈਲੀ

-ਸਕੱਤਰਰੇਤ ਦਾ ਕੰਮਕਾਜ ਰਿਹਾ ਠੱਪ,– ਮੰਗਾਂ ਪ੍ਰਤੀ ਵਾਅਦਾਖਿਲਾਫ਼ੀ  ਕੈਪਟਨ ਸਰਕਾਰ ਨੂੰ ਅਲਟੀਮੇਟਮ
PunjabUpdate.Com
ਚੰਡੀਗੜ੍ਹ, 5 ਫਰਵਰੀ
ਪੰਜਾਬ ਸਿਵਲ ਸਕੱਤਰਰੇਤ ਦੇ ਮੁਲਾਜ਼ਮਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਕੈਪਟਨ ਸਰਕਾਰ ਦੀ ਵਾਅਦਾਖਿਲਾਫ਼ੀ ਨੂੰ ਲੈ ਕੇ ਵਿਸ਼ਾਲ ਗੇਟ ਰੈਲੀ ਕੀਤੀ। ਇਸ ਦੌਰਾਨ ਸਰਕਾਰੀ ਮੁਲਾਜ਼ਮਾਂ ਨੇ ਸਰਕਾਰ ਨੂੰ ਅਲਟੀਮੇਟ ਦਿੱਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਤਿੱਖੇ ਸੰਘਰਸ਼ ਦਾ ਬਿਗਲ ਵਜਾਉਣ ਲਈ ਮਜ਼ਬੂਰ ਹੋਣਗੇ। 
ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਉਤੇ ਕੀਤੀ ਗਈ ਰੈਲੀ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਆਊਟਸੋਰਸ ਮੁਲਾਜ਼ਮ, ਦਰਜਾ-4 ਕਰਮਚਾਰੀ, ਡਰਾਈਵਰ, ਕਲਰਕ, ਸੀਨੀਅਰ ਸਹਾਇਕ ਸੁਪਰਡੰਟ, ਅਤੇ ਅਫਸਰਾਂ ਵੱਲੋਂ ਹਿੱਸਾ ਲਿਆ ਗਿਆ।  ਰੈਲੀ ਵਿੱਚ ਮੁਲਾਜ਼ਮਾਂ ਨੇ ਆਪਣੇ ਰੋਸ ਦਾ ਇਜ਼ਹਾਰ ਕਰਦਿਆਂ ਸਵੇਰੇ 9 ਤੋਂ ਸਾਢੇ 11 ਵਜੇ ਤੱਕ ਰੋਸ ਰੈਲੀ ਵਿੱਚ ਭਾਗ ਲਿਆ ਜਿਸ ਕਾਰਨ ਸਕੱਤਰੇਤ ਵਿਖੇ ਕੰਮ ਕਾਜ ਪੂਰਨ ਤੌਰ ਤੇ ਠੱਪ ਰਿਹਾ। ਪੰਜਾਬ ਸਿਵਲ ਸਕੱਤਰੇਤ ਆਫੀਸਰਜ਼ ਐਸੋਸੀਏਸ਼ਨ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ, ਸਕੱਤਰੇਤ ਦਰਜਾ-4 ਕਰਮਚਾਰੀ ਐਸੋਸੀਏਸ਼ਨ, ਪ੍ਰਾਹੁਣਚਾਰੀ ਵਿਭਾਗ ਐਸੋਸੀਏਸ਼ਨ, ਵਿੱਤੀ ਕਮਿਸ਼ਨਰ ਸਕੱਤਰੇਤ ਐਸੋਸੀਏਸ਼ਨ ਅਤੇ ਡਰਾਈਵਰਜ਼ ਐਸੋਸੀਏਸ਼ਨ ਦੇ ਨੁਮਾਂਇੰਦਿਆਂ ਨੇ ਰੋਸ ਰੈਲੀ ਦੌਰਾਨ ਕੈਪਟਨ ਸਰਕਾਰ ਖਿਲਾਫ਼ ਦੱਬ ਕੇ ਭੜਾਸ ਕੱਢੀ ਅਤੇ ਵਾਅਦਾਖਿਲਾਫੀ ਦੇ ਦੋਸ਼ ਲਾਏ। ਇਸ ਮੌਕੇ  ਸੰਬੋਧਨ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਕਲ੍ਹ ਮੰਗਲਵਾਰ 6 ਫਰਵਰੀ ਨੂੰ ਪੰਜਾਬ ਸਿਵਲ ਸਕੱਤਰੇਤ(ਮਿੰਨੀ ਸਕੱਤਰੇਤ) ਵਿਖੇ ਦੁਪਹਿਰ 1ਵਜੇ ਰੈਲੀ ਕੀਤੀ ਜਾਵੇਗੀ ਅਤੇ 7 ਫਰਵਰੀ ਨੂੰ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਦੇ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ ਕਰਦੇ ਹੋਏ ਪੈੱਨ ਡਾਉਨ/ਕੰਮ-ਕਾਜ ਠੱਪ ਕੀਤਾ ਜਾਵੇਗਾ। 


ਇਸ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਐਨ.ਪੀ ਸਿੰਘ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ ਮਿਤੀ 31.ਦਸੰਬਰ 2019 ਤੱਕ ਵਧਾਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਜੇ ਸਰਕਾਰ ਪੰਜਾਬ ਰਾਜ ਦੇ ਮੁਲਾਜ਼ਮਾਂ ਨੂੰ 6ਵਾਂ ਤਨਖਾਹ ਕਮਿਸ਼ਨ ਦੇਣ ਦੇ ਰੌਂਅ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿਖੇ ਤੈਨਾਤ ਕੇਂਦਰੀ ਕਰਮਚਾਰੀ ਜਿਵੇਂ ਕਿ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਪਹਿਲਾਂ ਹੀ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੇ ਅਧਾਰ ਤੇ ਵਧੀਆਂ ਤਨਖਾਹਾਂ ਲੈ ਰਹੇ ਹਨ।  ਜਰਨਲ ਸਕੱਤਰ  ਖਹਿਰਾ ਨੇ ਦੱਸਿਆ ਕਿ ਸਰਕਾਰ ਦੀ ਵਾਅਦਾਖਿਲਾਫੀ ਅਤੇ ਨਜ਼ਰਅੰਦਾਜ਼ੀ ਕਾਰਨ ਪੰਜਾਬ ਦੇ ਮਨਿਸੀਟੀਰੀਅਲ ਕਾਮਿਆਂ ਦੇ ਸਭ ਤੋਂ ਵੱਡੀ ਜੱਥੇਬੰਦੀ ਪੀ.ਐਸ.ਐਮ.ਯੂ. ਵੱਲੋਂ ਫਰਵਰੀ ਦੇ ਪਹਿਲੇ ਹਫਤੇ ਵਿੱਚ ਦਿੱਤੇ ਰੈਲੀਆਂ ਅਤੇ ਤਾਲਾਬੰਦੀ ਦੀ ਕਾਲ ਨੂੰ ਉਹ ਹਮਾਇਤ ਦਿੰਦੇ ਹਨ ਅਤੇ ਉਨ੍ਹਾਂ ਦੇ ਨਾਲ ਖੜੇ ਹਨ ਜਿਸ ਦੀ ਲੜੀ ਵਜੋਂ ਉਨ੍ਹਾਂ ਅੱਜ ਪਹਿਲੀ ਗੇਟ ਰੈਲ ਕੀਤੀ ਗਈ। ਮੁਲਾਜ਼ਮ ਆਗੂਆਂ ਵੱਲੋਂ ਦੱਸਿਆ ਗਿਆ ਕਿ ਇੱਕ ਪਾਸੇ ਤਾਂ ਸਰਕਾਰ ਉਨ੍ਹਾਂ ਦੇ ਵਿੱਤੀ ਲਾਭ ਦੱਬੀਂ ਬੈਠੀ ਹੈ ਅਤੇ ਦੂਜੇ ਪਾਸੇ ਸਰਕਾਰ ਦੇ ਆਈ.ਏ.ਐਸ. ਅਫਸਰ ਮੁਲਾਜ਼ਮਾਂ ਨੂੰ ਮਾਨਸਿਕ ਤੌਰ ਤੇ ਪ੍ਰਤਾੜਤ ਕਰ ਰਹੇ ਹਨ। 
ਇਸ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਸਕੱਤਰੇਤ ਪ੍ਰਸ਼ਾਸਨ ਦਾ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਆਪਣੇ ਹੇਠਲੇ ਮੁਲਾਜ਼ਮਾਂ ਨਾਲ ਬਹੁਤ ਹੀ ਅਣਮਨੁੱਖਾ ਵਤੀਰਾ/ਵਿਵਹਾਰ ਕਰ ਰਿਹਾ ਹੈ ਅਤੇ ਬਹੁਤ ਹੀ ਭੈੜੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਿਹਾ ਹੈ ਜੋ ਕਿ ਦਫਤਰੀ ਮਾਹੌਲ ਨੂੰ ਖਰਾਬ ਕਰ ਰਿਹਾ ਹੈ। ਮੁਲਾਜ਼ਮ ਆਗੂਆਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਅਫਸਰ ਨੂੰ ਤੁਰੰਤ ਨਾ ਬਦਲਿਆ ਗਿਆ ਤਾਂ ਉਹ ਸਕੱਤਰੇਤ ਵਿਖੇ ਸ਼ਾਖਾਵਾਂ ਵਿੱਚ ਵਿਧਾਨ ਸਭਾ ਸੈਸ਼ਨ ਦੌਰਾਨ ਉਦੋਂ ਤੱਕ ਕੰਮ ਬੰਦ ਰੱਖਣਗੇ ਜਦੋਂ ਤੱਕ ਉਕਤ ਅਫਸਰ ਨੂੰ ਬਦਲਿਆ ਨਹੀਂ ਜਾਂਦਾ। ਸਮੂਹ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਪੱਤਰ ਜਿਸ ਵਿੱਚ ਬਜਟ ਸੈਸ਼ਨ ਅਤੇ ਆਉਣ ਵਾਲੇ ਲੋਕ ਸਭਾ ਚੋਣਾਂ ਦਾ ਜਿਕਰ ਕਰਦਿਆਂ ਸਮੂਹ ਮੁਲਾਜ਼ਮਾਂ ਦੀਆਂ ਛੁੱਟੀਆਂ ਲੈਣ ਤੇ ਪਾਬੰਦੀ ਲਗਾ ਦਿੱਤੀ ਹੈ ਜੋ ਕਿ ਜਮਹੂਰਿਅਤ ਦਾ ਘਾਣ ਹੈ ਜਦਕਿ ਬਜਟ ਸੈਸ਼ਨ 21 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ। ਬਹੁਤ ਸਾਰੇ ਮੁਲਾਜ਼ਮਾਂ ਵੱਲੋਂ ਐਲ.ਟੀ.ਸੀ./ਵਿਦੇਸ਼ ਛੁੱਟੀ/ਚਾਈਲਡ ਕੇਅਰ ਲੀਵ ਆਦਿ ਦੀ ਪੂਰਵ ਪ੍ਰਵਾਨਗੀ ਲੈਕੇ ਟਿਕਟਾਂ/ਹੋਟਲ ਆਦਿ ਬੁੱਕ ਕਰਵਾਏ ਹਨ, ਉਨ੍ਹਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਡੀ.ਏ ਏਰੀਅਰ, 2017 ਤੋਂ ਪੈਂਡਿੰਗ ਡੀ.ਏ, ਪੇਅ ਕਮਿਸ਼ਨ, 15.01.2015 ਤੋਂ ਬਾਅਦ ਭਰਤੀ ਕਰਮਚਾਰੀਆਂ ਨੂੰ ਪੰਜਾਬ ਰਾਜ ਦੇ ਕਰਮਚਾਰੀਆਂ ਦੇ ਬਰਾਬਰ ਤਨਖਾਹ ਸਕੇਲ ਦੇਣਾ, ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕਰਨਾ ਆਦਿ ਸਬੰਧੀ ਸਰਕਾਰ ਅੱਖਾਂ ਬੰਦ ਕਰੀਂ ਬੈਠੀ ਹੈ।  ਇਸ ਮੌਕੇ ਆਫੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਭਾਟੀਆ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਜਗਦੀਪ ਕਪਿਲ ਕੋਆਰਡੀਨੇਟਰ, ਮਨਜਿੰਦਰ ਕੌਰ ਮੀਤ ਪ੍ਰਧਾਨ (ਮਹਿਲਾ), ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਸੁਸ਼ੀਲ ਕੁਮਾਰ ਸੰਯੁਕਤ ਜਨਰਲ ਸਕੱਤਰ, ਮਨਜੀਤ ਸਿੰਘ ਰੰਧਾਵਾ ਸੰਗਠਨ ਸਕੱਤਰ, ਦਲਜੀਤ ਸਿੰਘ ਮੈਂਬਰ, ਨੀਰਜ ਕੁਮਾਰ ਪ੍ਰੈੱਸ ਸਕੱਤਰ, ਮਿਥੁਨ ਚਾਵਲਾ ਵਿੱਤ ਸਕੱਤਰ, ਪ੍ਰਵੀਨ ਕੁਮਾਰ ਸੰਯੁਕਤ ਵਿੱਤ ਸਕੱਤਰ, ਅਮਰਵੀਰ ਸਿੰਘ ਗਿੱਲ ਸੰਯੁਕਤ ਦਫਤਰ ਸਕੱਤਰ, ਰਿਟਾਇਰੀ ਮੁਲਾਜ਼ਮ ਆਗੂ ਦਰਸ਼ਨ ਸਿੰਘ ਪਤਲੀ, ਪ੍ਰੇਮ ਦਾਸ ਦਰਜਾ-4 ਐਸੋਸੀਏਸ਼ਨ ਦੇ ਪ੍ਰਧਾਨ  ਬਲਰਾਜ ਸਿੰਘ ਦਾਊਂ, ਮੋਤੀ ਲਾਲ, ਜਸਬੀਰ ਸਿੰਘ, ਸਵਰਨ ਸਿੰਘ ਪਲਹੇੜੀ ਅਤੇ  ਪ੍ਰਾਹੁਣਚਾਰੀ ਵਿਭਾਗ ਤੋਂ ਮਹੇਸ਼ ਚੰਦਰ ਆਦਿ ਨੇ ਭਾਗ ਲਿਆ।

 

 

Read more