ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਤੇ ਅੱਠਵੀਂ ਸ਼੍ਰੇਣੀਆਂ ਦੀ ਪ੍ਰੀਖਿਆ ਲੈਣ ਦਾ ਐਲਾਨ

ਪੰਜਾਬ ਅਪਡੇਟ

ਐੱਸ.ਏ.ਐੱਸ ਨਗਰ, 13 ਸਤੰਬਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਸੈਸ਼ਨ 2019-20 ਤੋਂ ਪੰਜਵੀਂ ਤੇ ਅੱਠਵੀਂ ਸ਼੍ਰੇਣੀਆਂ ਦੀ ਬੋਰਡ ਪ੍ਰੀਖਿਆ ਲਏ ਜਾਣ ਦਾ ਰਸਮੀਂ ਐਲਾਨ ਕਰ ਦਿੱਤਾ ਹੈ| ਬੋਰਡ ਵੱਲੋਂ ਸ਼ੁਕਰਵਾਰ ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਮੈਟ੍ਰਿਕ ਤੇ ਸੀਨੀਅਰ ਸੈਕੰਡਰੀ ਦੇ ਨਾਲੋ-ਨਾਲ ਪੰਜਵੀਂ ਤੇ ਅੱਠਵੀਂ ਪੱਧਰ ‘ਤੇ ਸਲਾਨਾ ਪ੍ਰੀਖਿਆਵਾਂ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਪੇਸ਼ ਕੀਤੀ ਗਈ ਪੰਜਵੀਂ ਤੇ ਅੱਠਵੀਂ ਪੱਧਰ ਤੱਕ ਦੇ ਸਕੂਲਾਂ ਨੂੰ ਸ਼ਨਾਖ਼ਤੀ ਨੰਬਰ ਜਾਰੀ ਕਰਨ ਦੀ ਪ੍ਰਕਿਰਿਆ ਅਰੰਭ ਦਿੱਤੀ ਗਈ ਹੈ|

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਸ਼੍ਰੀ ਬਲਦੇਵ ਸਚਦੇਵਾ ਵੱਲੋਂ ਜਾਰੀ ਕੀਤੀ ਗਈ ਸੂਚਨਾ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਬੋਰਡ ਕੋਲ ਪਹਿਲਾਂ ਹੀ ਮਾਨਤਾ ਪ੍ਰਾਪਤ ਦਸਵੀਂ ਤੇ ਬਾਰ੍ਹਵੀਂ ਪੱਧਰ ਦੇ ਸਕੂਲਾਂ ਨੂੰ ਵਖਰੀ ਮਾਨਤਾ ਦੀ ਕੋਈ ਲੋੜ ਨਹੀਂ ਹੈ| ਇਸ ਵਿੱਚ ਸਰਕਾਰੀ, ਏਡਿਡ, ਸਰਕਾਰੀ, ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲ ਸ਼ਾਮਲ ਹਨ| ਨਵੀਂ ਬੋਰਡ ਪ੍ਰੀਖਿਆ ਦੇ ਐਲਾਨ ਦੇ ਨਾਲੋ-ਨਾਲ ਸਿੱਖਿਆ ਬੋਰਡ ਨੇ ਅਜਿਹੇ ਸਕੂਲਾਂ ਨੂੰ ਅਕਾਦਮਿਕ ਸਾਲ 2019-20 ਲਈ ਆਰਜੀ ਮਾਨਤਾ ਲੈਣ ਦਾ ਮੌਕਾ ਦਿੱਤਾ ਹੈ ਜੋ ਨਿਰੋਲ ਪੰਜਵੀਂ ਤੇ ਅੱਠਵੀਂ ਪੱਧਰ ਤੱਕ ਹੀ ਹਨ ਅਤੇ ਕਿਸੇ ਵੀ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਨਹੀਂ ਹਨ| ਅਜਿਹੀ ਮਾਨਤਾ ਲਈ ਬੋਰਡ ਦੀ ਸਾਈਟ ਮਮਮ|ਬਤਕਲ|.ਫ|ਜਅ ਉਤੇ ਐਫੀਲੀਏਸ਼ਨ ਬ੍ਰਾਂਚ ਦੇ ਪੋਰਟਲ ਅਧੀਨ ਫਾਰਮ ਭਰੇ ਜਾ ਸਕਦੇ ਹਨ| ਇਸ ਆਰਜ਼ੀ ਮਾਨਤਾ ਲਈ 30 ਸਤੰਬਰ ਤੱਕ ਹੀ ਫਾਰਮ ਭਰੇ ਜਾਣਗੇ|

ਬੋਰਡ ਦੇ ਇਸ ਫੈਸਲੇ ਨਾਲ ਅਜਿਹੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਾਲ ਦੀ ਘੜੀ ਸੰਜੀਵਨੀ ਮਿਲ ਗਈ ਹੈ ਜੋ ਸਿੱਖਿਆ ਅਧਿਕਾਰ ਨਿਯਮ ਤਹਿਤ ਕਿਸੇ ਵੀ ਕਿਸਮ ਦੀ ਮਾਨਤਾ ਰਹਿਤ ਅਦਾਰਿਆਂ ਵਿੱਚ ਪੜ੍ਹ ਰਹੇ ਸਨ|

Read more