ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ : ਰਾਜਪਾਲ ਦੇ ਭਾਸ਼ਣ ਮੌਕੇ ਵਿਰੋਧੀ ਧਿਰਾਂ ਵਲੋਂ ਸ਼ੋਰਸ਼ਰਾਬਾ ਤੇ ਹੰਗਾਮੇ, – ਅਕਾਲੀ-ਭਾਜਪਾ ਵਲੋਂ ਨਾਅਰੇਬਾਜ਼ੀ ਤੇ ਵਾਕਆਊਟ, ਬੈਂਸ ਭਰਾਵਾਂ ਨੇ ਚੁੱਕਿਆ ਪੰਜਾਬੀ ਦਾ ਮੁੱਦਾ

-ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਵਿਚ ਦਿੱਤੇ ਭਾਸ਼ਣ ਦਾ ਜ਼ੋਰਦਾਰ ਵਿਰੋਧ
-ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਿਆ
-ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਨਾਅਰੇਬਾਜ਼ੀ ਤੇ ਹੰਗਾਮਾ
PUNJABUPDATE.COM
ਚੰਡੀਗੜ੍ਹ, 12 ਫਰਵਰੀ
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵਲੋਂ ਅੰਗਰੇਜ਼ੀ ਵਿਚ ਦਿੱਤੇ ਗਏ ਭਾਸ਼ਣ ਦਾ ਵਿਰੋਧੀ ਧਿਰਾਂ ਨੇ ਵਿਰੋਧ ਕਰਦਿਆਂ ਸ਼ੋਰਸ਼ਰਾਬਾ ਤੇ ਨਾਅਰੇਬਾਜ਼ੀ ਕੀਤੀ। ਜਿਉਂ ਹੀ ਰਾਜਪਾਲ ਵਲੋਂ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਨ ਵਾਲਾ ਬਜਟ ਭਾਸ਼ਣ ਪੜ੍ਹਣਾ ਸ਼ੁਰੂ ਕੀਤਾ ਗਿਆ, ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਨੇ ਵਿਰੋਧ ਜਿਤਾਉਣਾ ਸ਼ੁਰੂ ਕਰ ਦਿੱਤਾ। ਬੈਂਸ ਭਰਾ ਮੰਗ ਕਰ ਰਹੇ ਸਨ ਕਿ ਅੰਗਰੇਜ਼ੀ ਭਾਸ਼ਾ ਦੀ ਥਾਂ ਪੰਜਾਬੀ ਭਾਸ਼ਾ ਵਿਚ ਭਾਸ਼ਣ ਪੜ੍ਹਿਆ ਜਾਵੇ, ਇਹ ਪੰਜਾਬੀ ਭਾਸ਼ਾ ਨਾਲ ਧੱਕਾ ਹੈ। 
ਅਕਾਲੀ ਦਲ-ਭਾਜਪਾ ਨੇ ਵੀ ਭਾਸ਼ਣ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਭਾਸ਼ਣ ਦੌਰਾਨ ਸੈਸ਼ਨ ਵਿਚੋਂ ਵਾਕਆਊਟ ਕਰਕੇ ਬਾਹਰ ਚਲੇ ਗਏ। ਅਕਾਲੀ ਦਲ ਦੇ ਵਿਧਾਇਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਕਿਸਾਨਾਂ, ਜਵਾਨਾਂ, ਬੇਰੁਜ਼ਗਾਰਾਂ, ਸਰਕਾਰੀ ਮੁਲਾਜ਼ਮਾਂ ਅਤੇ ਗਰੀਬਾਂ ਨਾਲ ਵਿਸਵਾਸ਼ਘਾਤ ਕੀਤਾ ਹੈ ਅਤੇ ਰਾਜਪਾਲ ਦਾ ਭਾਸ਼ਣ ਨਿਰ੍ਹਾ ਝੂਠ ਦਾ ਪੁਲੰਦਾ ਹੈ। ਇਸ ਲਈ ਅਕਾਲੀ ਦਲ ਇਸ ਦਾ ਜ਼ੋਰਦਾਰ ਵਿਰੋਧ ਕਰਦਾ ਹੈ। 
ਰਾਜਪਾਲ ਦਾ ਭਾਸ਼ਣ 11 ਵਜੇ ਸ਼ੁਰੂ ਹੋਇਆ ਅਤੇ ਸ਼ੁਰੂਆਤ ਮੌਕੇ ਹੀ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। 

Read more