ਪੰਜਾਬ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਸਫ਼ਲਤਾ ਪੂਰਵਕ ਦੂਜਾ ਸਾਲ ਪੂਰਨ ਕਰਨ ਵਾਲਾ ਪਹਿਲਾ ਸੂਬਾ – ਸਿੱਖਿਆ ਸਕੱਤਰ

ਐੱਸ.ਏ.ਐੱਸ.ਨਗਰ, 8 ਨਵੰਬਰ : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਸਮੂਹ ਜਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ  ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ ਵਿੱਚ  ਕਿਹਾ ਕਿ 14 ਨਵੰਬਰ ਨੂੰ ਬਾਲ ਦਿਵਸ ਮੌਕੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕਰੇਗਾ|

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ , ਸਹੀ ਮਾਰਗਦਰਸ਼ਨ , ਯੋਗ ਅਗਵਾਈ ਨਾਲ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਸਦਕਾ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਤਕਰੀਬਨ ਦੋ ਸਾਲ ਪਹਿਲਾਂ 14 ਨਵੰਬਰ, 2017 ਨੂੰ ਬਾਲ ਦਿਵਸ ਮੌਕੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸ਼ਾਨਦਾਰ ਆਗਾਜ਼ ਹੋਇਆ ਸੀ ਹੁਣ ਤੱਕ 2.20 ਲੱਖ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਵਿੱਚ ਪ੍ਰੀ-ਪ੍ਰਾਇਮਰੀ ਪੜ੍ਹ ਰਹੇ ਹਨ|

ਪ੍ਰੀ ਪ੍ਰਾਇਮਰੀ ਜਮਾਤਾਂ ਦੇ ਸਫ਼ਲਤਾਪੂਰਵਕ ਦੋ ਸਾਲ ਪੂਰੇ ਹੋਣ ਮੌਕੇ ਬੋਲਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਸਰਕਾਰੀ ਸਕੂਲਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖ਼ਲਾ ਹੋਇਆ ਹੈ| ਵਿਭਾਗ ਦੀ ਇਸ ਨਿਵੇਕਲੀ ਪਹਿਲਕਦਮੀ ਨਾਲ਼ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਤਾਜ਼ਾ ਅੰਕੜਿਆਂ ਅਨੁਸਾਰ 2.20 ਲੱਖ ਬੱਚਿਆਂ ਦਾ ਦਾਖ਼ਲਾ ਹੋਣ ਨਾਲ਼ ਜਿੱਥੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ  ਹੈ ਉੱਥੇ ਪ੍ਰਾਇਮਰੀ ਜਮਾਤਾਂ ਦੀ ਨੀਂਹ ਵੀ ਮਜ਼ਬੂਤ ਹੋਈ ਹੈ|

ਉਹਨਾਂ ਅਨੁਸਾਰ ਪਹਿਲਾਂ 3-6 ਸਾਲ ਤੱਕ ਦੀ ਉਮਰ ਵਿੱਚ ਬੱਚੇ ਦਾ ਬੌਧਿਕ ਵਿਕਾਸ ਹੋ ਰਿਹਾ ਹੁੰਦਾ ਹੈ, ਇਸ ਸਮੇਂ ਜੇਕਰ ਬੱਚੇ ਨੂੰ ਖੇਡ ਵਿਧੀ ਰਾਹੀਂ ਸਿੱਖਣ ਦਾ ਢੁਕਵਾਂ ਵਾਤਾਵਰਨ ਮਿਲ ਜਾਵੇ ਤਾਂ ਅਗਲੀਆਂ ਜਮਾਤਾਂ ਵਿੱਚ ਉਸ ਦਾ ਸਿੱਖਣ ਪੱਧਰ ਜ਼ਿਆਦਾ ਉੱਚਾ ਹੁੰਦਾ ਹੈ| ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਪਾਠਕ੍ਰਮ  ਬੱਚੇ ਦੀਆਂ ਬੌਧਿਕ, ਭਾਸ਼ਾਈ, ਸਰੀਰਕ, ਭਾਵਨਾਤਮਕ ਅਤੇ ਰਚਨਾਤਮਕ ਅਤੇ ਸਮਾਜਿਕ ਵਿਕਾਸ ਦੀ ਲੋੜ ਅਨੁਸਾਰ ਤਿਆਰ ਕੀਤਾ ਗਿਆ ਹੈ| ਪਾਠਕ੍ਰਮ ਵਿੱਚ ਸ਼ਾਮਿਲ ਬਾਲ-ਗੀਤ, ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਪ੍ਰੀ ਪ੍ਰਾਇਮਰੀ  ਵਿਦਿਆਰਥੀਆਂ ਦੇ ਬਾਲ-ਮਨਾਂ ਦੀਆਂ ਬਾਤਾਂ ਪਾਉਂਦੀਆਂ ਹਨ| ਵਿਦਿਆਰਥੀਆਂ ਨੂੰ ਖੇਡ ਮਹਿਲ ਰਾਹੀਂ ਸਿਖਾਉਣ ਲਈ ਗਤੀਵਿਧੀ ਕੈਲੰਡਰ 1 ਅਤੇ 2 ਤਿਆਰ ਕੀਤਾ ਗਿਆ ਹੈ|

ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੂੰ ਖੇਡ-ਖੇਡ ਰਾਹੀਂ ਬਿਨ੍ਹਾਂ ਇਮਤਿਹਾਨਾਂ ਦੇ ਬੋਝ ਸਿਖਾ ਕੇ ਉਹਨਾਂ ਦੇ ਵਿਅਕਤੀਤਵ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ| ਵਿਦਿਆਰਥੀਆਂ ਦੇ ਮਾਪੇ ਵੀ ਸਰਕਾਰੀ ਸਕੂਲਾਂ ਦੇ ਸਿੱਖਣ- ਸਿਖਾਉਣ ਦੇ ਸੁਖਾਵੇਂ ਵਾਤਾਵਰਨ ਤੋਂ ਸੰਤੁਸ਼ਟੀ ਜ਼ਾਹਰ ਕਰ ਰਹੇ ਹਨ| ਸਮਾਜ ਦੇ ਸਾਰੇ ਵਰਗ ਵੀ ਸਰਕਾਰੀ ਸਕੂਲਾਂ ਵਿੱਚ ਆਪਣਾ ਵਿਸ਼ਵਾਸ ਦਿਖਾ ਰਹੇ ਹਨ |

ਇੱਥੇ ਹੀ ਬੱਸ ਨਹੀਂ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸਿੱਖਣ-ਸਿਖਾਉਣ ਪ੍ਰਕ੍ਰਿਆ ਨੂੰ ਮਨੋਵਿਗਿਆਨਕ ਅਤੇ ਦਿਲਚਸਪ ਬਣਾਉਣ ਲਈ ਹਰ ਸਾਲ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਸਿਖਲਾਈ ਵਰਕਸ਼ਾਪਾਂ ਵੀ ਲਗਾਈਆਂ ਜਾਂਦੀਆਂ ਹਨ ਤਾਂ ਕਿ ਅਧਿਆਪਕ ਸਿੱਖਿਆ ਦੇ ਗੁਣਾਤਮਕ ਉਦੇਸ਼ਾਂ ਨੂੰ ਸਫ਼ਲਤਾਪੂਰਵਕ ਪ੍ਰਾਪਤ ਕਰ ਸਕਣ| ਅਧਿਆਪਕ ਬੜੀ ਹੀ ਮਿਹਨਤ ਅਤੇ ਲਗਨ ਸਦਕਾ ਬਾਲ-ਮਨਾਂ ਨੂੰ ਲੁਭਾਉਂਦੀ ਸਿੱਖਣ-ਸਿਖਾਉਣ ਸਮੱਗਰੀ ਤਿਆਰ ਕਰ ਰਹੇ ਹਨ| ਜਿਸ ਨਾਲ਼ ਦਿਲਚਸਪ ਵਿਧੀ ਰਾਹੀਂ ਵਿਦਿਆਰਥੀਆਂ ਦੀ ਸਮਝ ਪ੍ਰਵਿਰਤੀ ਦਾ ਵਿਕਾਸ ਹੋ ਰਿਹਾ ਹੈ|

ਉਹਨਾਂ ਕਿਹਾ ਕਿ 14 ਨਵੰਬਰ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਸਫਲਤਾਪੂਰਵਕ ਪੂਰਨ ਹੋਣ ਤੇ ਬਾਲ ਦਿਵਸ ਮੌਕੇ ਬਾਲ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ| ਜਿਸ ਵਿੱਚ ਵਿਦਿਆਰਥੀਆਂ ਦੀਆਂ ਗੁਣਾਤਮਕ ਪੇਸ਼ਕਾਰੀਆਂ ਉਹਨਾਂ ਦੇ ਮਾਪਿਆਂ ਦੇ ਸਨਮੁੱਖ ਬੱਚਿਆਂ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਹਨ|

ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਸਮਾਰਟ ਸਕੂਲਾਂ ਦੀ ਪ੍ਰਗਤੀ, ਮਿਸ਼ਨ ਸ਼ਤ-ਪ੍ਰਤੀਸ਼ਤ ਲਈ ਅਧਿਆਪਕਾਂ ਦੁਆਰਾ ਬੋਰਡ ਦੀਆਂ ਸ਼੍ਰੇਣੀਆਂ ਦੀ ਲਗਾਈਆਂ ਜਾ ਰਹੀਆਂ ਵਾਧੂ ਜਮਾਤਾਂ ਲਈ ਪ੍ਰਸ਼ੰਸਾ ਵੀ ਕੀਤੀ|

ਇਸ ਮੌਕੇ ਡੀਪੀਆਈ ਐਲੀਮੈਂਟਰੀ ਸਿੱਖਿਆ ਕਮ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਇੰਦਰਜੀਤ ਸਿੰਘ, ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਸੰਦੀਪ ਨਾਗਰ ਡਿਪਟੀ ਐੱਸ.ਪੀ.ਡੀ., ਜਯੋਤੀ ਸੋਨੀ, ਸੰਜੀਵ ਭੂਸ਼ਣ ਅਤੇ ਹੋਰ ਸਿੱਖਿਆ ਅਧਿਕਾਰੀ  ਮੌਜੂਦ ਰਹੇ|

Read more