ਪੰਜਾਬ ਦੇ ਸਾਰੇ ਵਿਭਾਗਾਂ ‘ਚ ਦਫ਼ਤਰਾਂ ‘ਚ ਕੰਮਕਾਜ ਰਿਹਾ ਠੱਪ-ਰਾਜਧਾਨੀ ‘ਚ ਮੁਲਾਜ਼ਮਾਂ ਨੇ ਮੋਰਚਾ ਕੈਪਟਨ ਸਰਕਾਰ ਖਿਲਾਫ਼ ਖੋਲ੍ਹਿਆ-

-ਮੁਲਾਜ਼ਮ ਰਹੇ ‘ਕਲਮ ਛੋੜ’ ਹੜਤਾਲ ‘ਤੇ=ਸਰਕਾਰ ਨੂੰ ਪਈਆਂ ਰਹੀਆਂ ਭਾਂਜੜਾਂ

-ਮੁੱਖ ਮੰਤਰੀ ਵਲੋਂ ਵਿੱਤ ਮੰਤਰੀ ਤੇ ਸਿਹਤ ਮੰਤਰੀ ਨੂੰ ਮਸਲੇ ਦਾ ਹੱਲ ਕੱਢਣ ਦੇ ਹੁਕਮ
-21 ਫਰਵਰੀ ਨੂੰ ਕੈਬਨਿਟ ਸਬ ਕਮੇਟੀ ਕੱਢੇਗੀ ਮਸਲੇ ਦਾ ਹੱਲ 

PUNJABUPDATE.COM

ਚੰਡੀਗੜ, 15 ਫਰਵਰੀ
ਆਪਣੀਆਂ ਲਮਕਦੀਆਂ ਆ ਰਹੀਆਂ ਮੰਗਾਂ ਅਤੇ ਕੈਪਟਨ ਸਰਕਾਰ ਦੀ ਵਾਅਦਾਖਿਲਾਫ਼ੀ ਨੂੰ ਲੈ ਕੇ ਸੂਬੇ ਦੀ ਰਾਜਧਾਨੀ ‘ਚ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ‘ਚ ਸ਼ੁੱਕਰਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਨਾਲ ਠੱਪ ਰਿਹਾ। ਸਰਕਾਰ ਦੇ ਮੁੱਖ ਹੈਡਕੁਆਰਟਰ ਸਿਵਲ ਸਕੱਤਰਰੇਤ ਦੇ ਸਾਰੇ ਮੁਲਾਜ਼ਮ ਸਵੇਰੇ ਹੀ ਆਪਣੇ ਦਫ਼ਤਰਾਂ ‘ਚੋਂ ਨਿਕਲ ਕੇ ਹੜਤਾਲ ਉਤੇ ਚਲੇ ਜਾਣ ਨਾਲ ਕੈਪਟਨ ਸਰਕਾਰ ਨੂੰ ਸਾਰੇ ਦਿਨ ਭਾਜੜਾਂ ਪਈਆਂ ਰਹੀਆਂ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਉਤੇ ਮੁੱਖ ਸਕੱਤਰ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਵਲੋਂ ਮੁਲਾਜ਼ਮ ਜਥੇਬੰਦੀਆਂ ਦੇ 4 ਆਗੂਆਂ ਨਾਲ ਵੀ ਮੁਲਾਜ਼ਮ ਮੰਗਾਂ ਨੂੰ ਲੈ ਕੇ ਮੀਟਿੰਗ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ੂ ਮੁਲਾਜ਼ਮ ਆਪਣੀਆਂ ਮੰਗਾਂ ਨੂੰ  ਲੈ ਕੇ ਟਸ ਤੋਂ ਮਸ ਨਾ ਹੋਏ। ਮੁਲਾਜ਼ਮ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਨੂੰ ਡੀਏ ਜਨਵਰੀ 2017 ਤੋਂ ਦਿੱਤਾ ਜਾਵੇਗਾ ਅਤੇ ਡੀਏ ਦੇ ਸਾਰੇ ਬਕਾਏ ਦਿੱਤੇ ਜਾਣ। ਮੁਲਾਜ਼ਮਾਂ ਦੇ ਤਿੱਖੇ ਰੋਹ ਨੂੰ ਵੇਖਦੇ ਹੋਏ ਮੁਲਾਜ਼ਮ ਮਸਲਿਆਂ ਦੇ ਹੱਲ ਲਈ ਕੈਬਨਿਟ ਸਬ ਕਮੇਟੀ ਵਲੋਂ 21 ਫਰਵਰੀ ਨੂੰ ਅਹਿਮ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਮੁਲਾਜ਼ਮ ਜਥੇਬੰਦੀਆਂ ਨਾਲ ਬੈਠ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਹੱਲ ਕੱਢਣਗੇ। 


ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਪੰੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਦਿੱਤੀ ਪੈੱਨ ਡਾਊਨ /ਕੰਮ ਬੰਦ ਦੇ ਸੱਦੇ ਤੇ ਪੰਜਾਬ ਸਿਵਲ ਸਕੱਤਰੇਤ-1 ਅਤੇ ਪੰਜਾਬ ਸਿਵਲ ਸਕੱਤਰੇਤ-2 ਵਿੱਖੇ ਮੁਲਾਜ਼ਮਾਂ ਵੱਲੋਂ ਤਿੱਖੇ ਵਿਰੋਧ ਸਹਿਤ ਕੰਮ ਬੰਦ ਕਰ ਦਿੱਤਾ। ਉੱਧਰ ਇਸੇ ਐਕਸ਼ਨ ਦੇ ਤਹਿਤ ਚੰਡੀਗੜ੍ਹ ਅਤੇ ਮੁਹਾਲੀ ਵਿਖੇ ਸਥਿਤੀ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ ਵਿਖੇ ਕੰਮ ਬੰਦ ਰਿਹਾ। ਇਸ ਦੌਰਾਨ ਵੱਡੇ ਪੱਧਰ ਤੇ ਮੁਜਾਹਰੇ ਅਤੇ ਜੋਰਦਾਰ ਰੋਸ ਮਾਰਚ ਕੀਤੇ ਗਏ। ਜਿਕਰਯੋਗ ਹੈ ਕਿ ਇਸ ਦੌਰਾਨ ਕੋਈ ਵੀ ਕਰਮਚਾਰੀ ਦਫਤਰਾਂ ਵਿਖੇ ਨਹੀਂ ਗਿਆ ਜਿਸ ਕਰਕੇ ਸਰਕਾਰ ਦੇ ਉੱਚਲੇ ਪੱਤਰ ਤੇ ਘਬਰਾਹਟ ਪਾਈ ਗਈ। ਪੰਜਾਬ ਸਰਕਾਰ ਦੇ ਖੇਤਰੀ ਦਫਤਰਾਂ ਜਿਵੇਂ ਡੀ.ਸੀ. ਦਫਤਰ, ਮਾਲ ਵਿਭਾਗ ਦੇ ਦਫਤਰ, ਸਿਹਤ ਵਿਭਾਗ ਅਤੇ ਹੋਰ ਸਾਰੇ ਸਰਕਾਰੀ ਦਫਤਰਾਂ ਵਿੱਚ ਮੁਕੱਮਲ ਕਲਮ-ਛੋੜ ਹੜਤਾਲ ਕੀਤੀ ਗਈ। 


ਅੱਜ ਸਵੇਰ ਤੋਂ ਹੀ ਪੰਜਾਬ ਸਿਵਲ ਸਕੱਤਰੇਤ ਵਿਖੇ ਮੁਲਾਜ਼ਮਾਂ ਵਿੱਚ ਬਹੁਤ ਰੋਸ ਅਤੇ ਜੋਸ਼ ਸੀ। ਮੁਲਾਜ਼ਮਾਂ ਠੰਡ ਦੇ ਮੌਸਮ ਵਿੱਚ ਪੰਜਾਬ ਸਿਵਲ ਸਕੱਤਰੇਤ ਵਿਖੇ ਫਰਸ਼ ਤੇ ਬੈਠੇ ਰਹੇ ਅਤੇ ਸ਼ਾਖਾਵਾਂ ਮੁਲਾਜ਼ਮਾਂ ਤੋਂ ਵਿਹੂਣੀਆਂ ਰਹੀਆਂ। ਇਸ ਦੌਰਾਨ ਇਹਤੀਆਤ ਤੇ ਤੌਰ ਤੇ ਚੰਡੀਗੜ੍ਹ ਪੁਲਿਸ ਵੱਲੋਂ ਚਾਰੇ ਪਾਸੇ ਘੇਰਾ ਪਾਈਂ ਰੱਖਿਆ। ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ਸਿਵਲ ਸਕੱਤਰੇਤ-2 (ਮਿੰਨੀ ਸਕੱਤਰੇਤ) ਵਿਖੇ ਮੁੱਖ ਗੇਟਾਂ ਨੂੰ ਤਾਲੇ ਲਗਵਾ ਦਿੱਤੇ ਅਤੇ ਮੁਲਾਜ਼ਮਾਂ ਨੂੰ ਉੱਥੇ ਹੀ ਘੇਰੀਂ ਰੱਖਿਆ। ਮੁਲਾਜ਼ਮਾਂ ਵਿੱਚ ਇੰਨਾਂ ਰੋਸ ਸੀ ਕਿ ਭਾਰੀ ਪੁਲਿਸ ਬਲ ਤੈਨਾਤ ਹੋਣ ਦੇ ਬਾਵਜੂਦ ਬਹੁ ਗਿਣਤੀ ਮੁਲਾਜ਼ਮ ਪੰਜਾਬ ਸਿਵਲ ਸਕੱਤਰੇਤ-2 (ਮਿੰਨੀ ਸਕੱਤਰੇਤ) ਸੈਕਟਰ 9 ਤੋਂ ਮੁੱਖ ਸਕੱਤਰੇਤ ਸੈਕਟਰ 1 ਤੱਕ ਪੈਦਲ ਮਾਰਚ ਕਰਦੇ ਹੋਏ ਕਲਮਛੋੜ ਹੜਤਾਲ ਵਿੱਚ ਸ਼ਾਮਿਲ ਹੋਏ।

ਇਸੇ ਦੌਰਾਨ ਸਰਕਾਰ ਵੱਲੋਂ ਸੰਦੀਪ ਬਰਾੜ, ਵਿਸ਼ੇਸ਼ ਕਾਰਜ ਅਫਸਰ/ਮੁੱਖ ਮੰਤਰੀ ਅਤੇ ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਕਲਮਛੋੜ ਹੜਤਾਲ ਖ਼ਤਮ ਕਰਨ ਦੀ ਬੇਨਤੀ ਕੀਤੀ। ਮੁਲਾਜ਼ਮਾਂ ਵੱਲੋਂ ਅੱਜ ਹੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਾਉਣ ਦੀ ਸ਼ਰਤ ਤੇ ਦੁਪਹਿਰ 1.00 ਵਜੇ ਦੋ ਘੰਟੇ ਲਈ ਧਰਨਾ ਮੁਲਤਵੀ ਕੀਤਾ ਜਦਕਿ ਕਲਮਛੋੜ ਹੜਤਾਲ ਜਾਰੀ ਰਹੀ। ਸਰਕਾਰ ਵੱਲੋਂ ਮੁੱਖ ਸਕੱਤਰ, ਪੰਜਾਬ ਨਾਲ ਮੁਲਾਜ਼ਮਾਂ ਦੀ ਸ਼ਾਮ 4.00 ਵਜੇ ਮੀਟਿੰਗ ਕਰਵਾਈ ਗਈ ਜਿਸ ਵਿੱਚ ਮੁੱਖ ਸਕੱਤਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਤੁਰੰਤ ਨਿਪਟਾਰੇ ਦਾ ਭਰੇਸਾ ਦਿਵਾਇਆ ਅਤੇ ਪੀ.ਐਸ.ਐਮ.ਐਸ.ਯੂ ਦੀ ਕੈਬਿਨਟ ਸਬ-ਕਮੇਟੀ ਨਾਲ ਮਿਤੀ 21.02.2019 ਨੂੰ ਮੀਟਿੰਗ ਨਿਸ਼ਚਿਤ ਕਰਨ ਦਾ ਭਰੋਸਾ ਦਿੱਤਾ।
ਮੁਲਾਜ਼ਮਾਂ ਦੇ ਦਿਲਾਂ ਵਿੱਚ ਸਰਕਾਰ ਦੀਆਂ ਮਾੜੀਆਂ ਨੀਤੀਆਂ ਪ੍ਰਤੀ ਇੰਨਾਂ ਰੋਸ ਸੀ ਕਿ ਅੱਜ ਦੀ ਕਲਮਛੋੜ ਹੜਤਾਲ ਦੌਰਾਨ ਸਰਕਾਰ ਦੇ ਖੇਤਰੀ ਦਫਤਰਾਂ, ਹੈੱਡਕੁਆਰਟਰਾਂ, ਮੁੱਖ ਦਫਤਰਾਂ, ਡਾਇਰੈਕਟੋਰੇਟਾਂ ਤੋਂ ਲੈਕੇ ਪੰਜਾਬ ਸਿਵਲ ਸਕੱਤਰੇਤ ਤੱਕ ਸਾਰੇ ਮੁਲਾਜ਼ਮ ਕੰਮ ਛੱਡ ਕੇ ਹੜਤਾਲ ਤੇ ਬੈਠੇ ਰਹੇ ਜੋ ਕਿ ਇਤੀਹਾਸ ਵਿੱਚ ਸ਼ਾਇਦ ਹੀ ਪਹਿਲਾਂ ਕਦੇ ਵੇਖਿਆ ਗਿਆ ਹੋਵੇ।  ਇਸ ਦੌਰਾਨ, ਸਿਹਤ ਵਿਭਾਗ, ਡੀ.ਸੀ. ਦਫਤਰ, ਮਾਲ ਵਿਭਾਗ ਦੇ ਦਫਤਰ, ਰੋਜਗਾਰ ਵਿਭਾਗ, ਖੁਰਾਕ ਤੇ ਵੰਡ ਸਪਲਾਈ ਵਿਭਾਗ, ਵਿੱਤ ਤੇ ਯੋਜਨਾ ਵਿਭਾਗ, ਜਲ ਸਰੋਤ ਵਿਭਾਗ, ਚੋਣਾਂ, ਪੱਛੜੀਆਂ ਸ਼੍ਰੇਣੀਆਂ, ਕੋਆਪਰੇਟਿਵ ਵਿਭਾਗ, ਲੋਕ ਨਿਰਮਾਣ ਵਿਭਾਗ, ਇਸਤਰੀ ਤੇ ਬਾਲ ਵਿਭਾਗ ਵਿਭਾਗ, ਟਰਾਂਸਪੋਰਟ, ਉਦਯੋਗ ਅਤੇ ਕਾਮਰਸ ਵਿਭਾਗ, ਕਿਰਤ ਵਿਭਾਗ ਭਾਵ ਚੰਡੀਗੜ੍ਹ ਅਤੇ ਮੁਹਾਲੀ ਵਿਖੇ ਸਥਿਤ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਕੰਮ ਕਾਜ ਮੁਕੰਮਲ ਤੌਰ ਤੇ ਠੱਪ ਰਿਹਾ।  

ਮੁਲਾਜ਼ਮਾਂ ਆਪਣੀਆਂ ਮੰਗਾਂ ਜਿਵੇਂ ਕਿ ਜਿਵੇਂ ਕਿ ਪਿਛਲੇ 22 ਮਹੀਨਿਆਂ ਦੇ ਡੀ.ਏ ਏਰੀਅਰ, 2017 ਤੋਂ ਪੈਂਡਿੰਗ 4 ਡੀ.ਏ, ਪੇਅ ਕਮਿਸ਼ਨ, 15.01.2015 ਤੋਂ ਬਾਅਦ ਭਰਤੀ ਕਰਮਚਾਰੀਆਂ ਨੂੰ ਪੰਜਾਬ ਰਾਜ ਦੇ ਕਰਮਚਾਰੀਆਂ ਦੇ ਬਰਾਬਰ ਤਨਖਾਹ ਸਕੇਲ ਦੇਣਾ, ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕਰਨਾ, ਪ੍ਰੋਬੇਸ਼ਨ ਸਮੇਂ ਨੂੰ ਕੁਆਲੀਫਾਈਂਗ ਸਰਵਿਸ ਵਿੱਚ ਗਿਣਨਾ, ਆਉਟ ਸੋਰਸ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਖਾਲੀ ਪਈਆਂ ਅਸਾਮੀਆਂ ਭਰਨਾ, ਸਿੱਖਿਆ ਵਿਭਾਗ ਦੇ ਕਲੈਰੀਕਲ ਅਮਲੇ ਦੀਆਂ ਦੂਰ-ਦੁਰਾਡੇ ਕੀਤੀਆਂ ਬਦਲੀਆਂ ਰੱਦ ਕਰਨਾ ਆਦਿ ਸਬੰਧੀ ਤੇ ਅੜੇ ਰਹੇ ਅਤੇ ਸਰਕਾਰ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਜੋਰ ਪਾਇਆ।


ਇਸ ਦੌਰਾਨ ਇਸ ਮੌਕੇ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਨ.ਪੀ ਸਿੰਘ, ਜਨਰਲ ਸਕੱਤਰ ਗੁਰਿੰਦਰ ਸਿੰਘ ਭਾਟੀਆ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਜਗਦੀਪ ਕਪਿਲ ਕੋਆਰਡੀਨੇਟਰ, ਮਨਜਿੰਦਰ ਕੌਰ ਮੀਤ ਪ੍ਰਧਾਨ (ਮਹਿਲਾ),ਸੁਖਜੀਤ ਕੌਰ ਜੁਆਇੰਟ ਪ੍ਰੇੱਸ ਸਕੱਤਰ, ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਸੁਸ਼ੀਲ ਕੁਮਾਰ ਸੰਯੁਕਤ ਜਨਰਲ ਸਕੱਤਰ, ਨੀਰਜ ਕੁਮਾਰ ਪ੍ਰੈੱਸ ਸਕੱਤਰ, ਮਿਥੁਨ ਚਾਵਲਾ ਵਿੱਤ ਸਕੱਤਰ, ਪ੍ਰਵੀਨ ਕੁਮਾਰ ਸੰਯੁਕਤ ਵਿੱਤ ਸਕੱਤਰ, ਅਮਰਵੀਰ ਸਿੰਘ ਗਿੱਲ ਸੰਯੁਕਤ ਦਫਤਰ ਸਕੱਤਰ, ਜਸਪ੍ਰੀਤ ਸਿੰਘ ਰੰਧਾਵਾ, ਦਲਜੀਤ ਸਿੰਘ, ਵਿੱਤੀ ਕਮਿਸ਼ਨਰ ਸਕੱਤਰੇਤ ਦੇ ਮੁਲਾਜ਼ਮ ਆਗੂ ਭੁਪਿੰਦਰ ਸਿੰਘ, ਜਸਵਿੰਦਰ ਸਿਘ ਗੋਲਡੀ, ਕੁਲਵੰਤ ਸਿੰਘ, ਦਰਜਾ-4 ਐਸੋਸੀਏਸ਼ਨ ਦੇ ਪ੍ਰਧਾਨ ਸ. ਬਲਰਾਜ ਸਿੰਘ ਦਾਊਂ, ਜਸਵੀਰ ਸਿੰਘ ਪ੍ਰਾਹੁਣਚਾਰੀ ਵਿਭਾਗ ਤੋਂ ਮਹੇਸ਼ ਚੰਦਰ, ਰਿਟਾਇਰੀ ਮੁਲਾਜ਼ਮ ਆਗੂ ਪ੍ਰੇਮ ਦਾਸ ਅਤੇ ਦਰਸ਼ਨ ਸਿੰਘ ਪਤਲੀ, ਡਰਾਈਵਰ ਐਸੋਸੀਏਸ਼ਨ ਤੋਂ ਮੋਹਨ ਸਿੰਘ, ਨਿੱਜੀ ਸਟਾਫ ਐਸੋਸੀਏਸ਼ਨ ਤੋਂ ਮਲਕੀਤ ਸਿੰਘ ਔਜਲਾ, ਸੁਦੇਸ਼ ਕੁਮਾਰੀ, ਜਸਵੀਰ ਕੌਰ ਅਤੇ ਵਿੱਤੀ ਕਮਿਸ਼ਨਰ ਸਕੱਤਰੇਤ ਤੋਂ ਅਲਕਾ ਅਰੋੜਾ ਆਦਿ ਨੇ ਭਾਗ ਲਿਆ।

Read more