ਪੰਜਾਬ ਦੇ ਅੰਦਰੂਨੀ ਸਿਆਸੀ ਹਲਾਤ ਤੈਅ ਕਰਨ ਗਈਆਂ ਜ਼ਿਮਨੀ ਚੋਣਾਂ

(Gurwinder Singh Sidhu ): ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ ਦੀ ਤਸਵੀਰ ਸਾਫ਼ ਹੋ ਗਈ ਹੈ।ਹੁਣ ਪੰਜਾਬ ਦੇ 6 ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਹੋਣੀਆਂ ਤੈਅ ਹੋ ਗਈਆਂ ਹਨ ਅਤੇ ਪੰਜਾਬ ਦੇ ਅਗਲੇ ਸਿਆਸੀ ਹਲਾਤ ਇਹਨਾਂ ਚੋਣਾਂ ‘ਤੇ ਬਹੁਤ ਹੱਦ ਨਿਰਭਰ ਕਰਨਗੇ ਕਿਉਂਕਿ ਇਨ੍ਹਾਂ ਚੋਣਾਂ ਤੋ ਬਾਅਦ ਪੰਜਾਬ ਵਿਧਾਨ ਸਭਾ ਦੀ ਅੰਦਰੂਨੀ ਸਿਆਸੀ ਤਸਵੀਰ ਬਦਲ ਸਕਦੀ ਹੈ।ਜੇਕਰ ਸੱਭ ਤੋਂ ਪਹਿਲਾਂ ਗੱਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਕੀਤੀ ਜਾਵੇਂ ਤਾਂ ਨਾਜ਼ਰ ਸਿੰਘ ਮਾਨਸ਼ਾਹੀਆਂ ਤੇ ਅਮਰਜੀਤ ਸਿੰਘ ਸੰਦੋਆ ਦੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਮਾਨਸਾ ਅਤੇ ਰੋਪੜ ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਹਨ ਅਤੇ ਇਹਨਾਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋਣੀਆਂ ਤੈਅ ਹਨ।ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਤੇ ਅੱੈਚਐੱਸ ਫੂਲਕਾ ਦੁਆਰਾ ਅਸਤੀਫ਼ਾ ਦੇਣ ਤੋਂ ਭੁਲੱਥ ਅਤੇ ਦਾਖ਼ਾ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਹੋਣੀਆਂ ਤੈਅ ਹਨ।ਫਿਰੋਜ਼ਪੁਰ ਸੰਸਦੀ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਬੀਰ ਬਾਦਲ ਅਤੇ ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ ਦੇ ਚੋਣ ਜਿੱਤਣ ਨਾਲ ਜਲਾਲਾਬਾਦ ਅਤੇ ਫ਼ਗਵਾੜਾ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਹੋਣੀ ਤੈਅ ਹੈ।

ਜੇਕਰ ਵਿਧਾਨ ਸਭਾ ਦੇ ਅੱਜ ਦੇ ਹਲਾਤਾਂ ਤੇ ਨਜ਼ਰ ਮਾਰੀ ਜਾਵੇ ਤਾਂ ਕਾਂਗਰਸ ਪਾਰਟੀ 78 ਸੀਟਾਂ ਦੇ ਨਾਲ ਸੱਤਾ ਤੇ ਕਾਬਜ਼ ਹੈ।ਮੁੱਖ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਲ 20 ਸੀਟਾਂ ਹਨ ਪਰ ਹੁਣ 4 ਵਿਧਾਇਕਾਂ ਦੇ ਅਸਤੀਫ਼ਾ ਦੇਣ ਤੋਂ ਨਾਲ ਪਾਰਟੀ ਕੋਲ 16 ਵਿਧਾਇਕ ਹੀ ਰਹਿ ਜਾਣਗੇਂ।ਇਸ ਦੇ ਨਾਲ ਪਾਰਟੀ ਦੇ ਕੁਝ ਵਿਧਾਇਕਾਂ ਦੇ ਪਾਰਟੀ ਦੀ ਵਿਚਾਰਧਾਰਾ ਨਾਲ ਬਾਗੀ ਸੁਰ ਵੀ ਹਨ ਜੋ ਹੋਰ ਵੀ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ।ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਦਲ ਦੇ ਕੋਲ 13 ਵਿਧਾਇਕ ਰਹਿ ਜਾਣਗੇ ਅਤੇ ਸੋਮ ਪ੍ਰਕਾਸ਼ ਦੇ ਅਸਤੀਫ਼ੇ ਤੋਂ ਭਾਜਪਾ ਕੋਲ 2 ਵਿਧਾਇਕ ਬਚਦੇ ਹਨ।ਲੋਕ ਇਨਸਾਫ਼ ਪਾਰਟੀ ਦੇ ਕੋਲ 2 ਵਿਧਾਇਕ ਹਨ।


 ਜ਼ਿਮਨੀ ਚੋਣਾਂ ਦਾ ਸੱਭ ਤੋ ਵੱਧ ਫਾਇਦਾ ਕਾਂਗਰਸ ਪਾਰਟੀ ਨੂੰ ਹੋਵੇਗਾ ਕਿਉਂਕਿ ਕਾਂਗਰਸ ਪਾਰਟੀ ਇਸ ਸਮੇਂ ਵਿਧਾਨ ਸਭਾ ਵਿੱਚ ਦੋ ਤਿਹਾਈ ਬਹੁਮਤ ਦੇ ਨਾਲ ਸੱਤਾ ਤੇ ਕਾਬਜ਼ ਹੈ ਅਤੇ ਆਮ ਤੌਰ ਤੇ ਜ਼ਿਮਨੀ ਚੋਣਾਂ ਹਾਕਮ ਧਿਰ ਹੀ ਜਿੱਤਦੀ ਹੈ।ਜੇਕਰ ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਹਾਰ ਜਾਦੀ ਹੈ ਤਾਂ ਉਸਦੀ ਵਿਰੋਧੀ ਧਿਰ ਦੀ ਕੁਰਸੀ ਖਿਸਕ ਸਕਦੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਆਪਣਾ ਵਿਰੋਧੀ ਧਿਰ ਦਾ ਆਹੁਦਾ ਬਚਾਉਣਾ ਲਈ ਇੱਕ ਵਾਰ ਫਿਰ ਤੋ ਜਿੱਤਣਾ ਜਰੂਰੀ ਹੋਵੇਗਾ ਪਰ ਆਪ ਦੇ ਲਈ ਦੁਆਰਾ ਜਿੱਤਣਾ “ਜਿਉਂਦੇ ਡੱਡੂ ਨੂੰ ਤੱਕੜੀ ‘ਚ ਤੋਲਣ” ਦੇ ਬਰਾਬਰ ਹੋਵੇਗਾ।ਦੂਸਰੇ ਪਾਸੇ ਜੇਕਰ ਇਹਨ੍ਹਾਂ ਚੋਣਾਂ ‘ਚ ਸ੍ਰੋਮਣੀ ਅਕਾਲੀ ਦਲ ਬਾਜ਼ੀ ਮਾਰ ਜਾਂਦਾ ਹੈ ਤਾਂ ਵਿਰੋਧੀ ਧਿਰ ਦਾ ਰੁਤਬਾ ਆਮ ਆਦਮੀ ਤੋ ਖ਼ੁਸ ਕੇ ਅਕਾਲੀ ਦਲ ਦੇ ਕੋਲ ਵੀ ਆ ਸਕਦਾ ਹੈ।
    

Read more