ਪੰਜਾਬ ‘ਚ ਭਾਰੀ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ, ਚਿਤਾਵਨੀ ਜਾਰੀ -ਝੋਨੇ ਅਤੇ ਨਰਮੇ ਦੀਆਂ ਫਸਲਾਂ ਨੂੰ ਹੋ ਸਕਦੈ ਭਾਰੀ ਨੁਕਸਾਨ -ਮੀਂਹ ਕਾਰਨ ਜਨ ਜੀਵਨ ਹੋਇਆ ਪ੍ਰਭਾਵਿਤ

ਚੰਡੀਗੜ੍ਹ, 23 ਸਤੰਬਰ
ਸ਼ਨੀਵਾਰ ਸਵੇਰ ਤੋਂ ਪੰਜਾਬ ਭਰ ‘ਚ ਪੈ ਰਹੇ ਮੀਂਹ ਨੇ ਜਿੱਥੇ ਮੌਸਮ ‘ਚ ਠੰਡਕ ਲਿਆਂਦੀ ਹੈ ਉਥੇ ਹੀ ਕਿਸਾਨ ਝੋਨੇ ਤੇ ਕਪਾਹ ਦੀਆਂ ਫਸਲਾਂ ਨੂੰ ਲੈ ਕੇ ਗੰਭੀਰ ਚਿੰਤਤ ਹਨ। ਮੌਸਮ ਵਿਭਾਗ ਨੇ ਜਿੱਥੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਦੋ ਦਿਨਾਂ ਸੋਮਵਾਰ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਉਥੇ ਹੀ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਝੋਨੇ ਅਤੇ ਕਪਾਹ ਦੀਆਂ ਫਸਲਾਂ ਨੂੰ ਨੁਕਸਾਨ ਪੁੱਜੇਗਾ।  ਸੂਬੇ ‘ਚ 30 ਲੱਖ 42 ਹਜ਼ਾਰ ਹੈਕਟੇਅਰ ਰਕਬੇ ਹੇਠ ਝੋਨੇ ਦੀ ਫਸਲ ਬੀਜੀ ਗਈ ਹੈ ਜਦੋਂ ਕਿ 2 ਲੱਖ 84 ਹਜ਼ਾਰ ਹੈਕਟੇਅਰ ਰਕਬੇ ਹੇਠ ਨਰਮੇ ਤੇ ਕਪਾਹ ਦੀ ਫਸਲ ਦੀ ਬਿਜਾਈ ਹੋਈ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ.ਜਸਬੀਰ ਸਿੰਘ ਬੈਂਸ ਨਾਲ ਜਦੋਂ ‘ਪੰਜਾਬੀ ਜਾਗਰਣ’ ਵਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਪਏ ਮੀਂਹ ਨਾਲ ਝੋਨੇ ਅਤੇ ਨਰਮੇ ਤੇ ਕਪਾਹ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ ਪ੍ਰੰਤੂ ਆਉਣ ਵਾਲੇ ਦੋ ਦਿਨਾਂ ਦੌਰਾਨ ਜੇਕਰ ਮੌਸਮ ਇਸੇ ਤਰ੍ਹਾਂ ਮੀਂਹ ਵਾਲਾ ਬਣਿਆ ਰਿਹਾ ਤਾਂ ਝੋਨੇ ‘ਚ ਨਮੇ ਦੀ ਮਾਤਰਾ ਵੱਧਣ ਨਾਲ ਕਿਟਾਈ ਦਾ ਕੰਮ ਪੱਛੜ ਜਾਵੇਗਾ ਅਤੇ ਨਰਮੇ ਤੇ ਕਪਾਹ ਦੀਆਂ ਫਸਲਾਂ ‘ਚ ਪਾਣੀ ਖੜ੍ਹਣ ਤੇ ਤੇਜ਼ ਹਵਾਲਾ ਚੱਲਣ ਦੀ ਸੂਰਤ ਵਿਚ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੋਵੇਂ ਫਸਲਾਂ ਸ਼ਾਨਦਾਰ ਹੋਣ ਦਾ ਅੰਦਾਜ਼ਾ ਸੀ ਅਤੇ ਕਿਸਾਨਾਂ ਨੂੰ ਭਾਰੀ ਰਾਹਤ ਮਿਲ ਸਕਦੀ ਪ੍ਰੰਤੂ ਮੀਂਹ ਦੀ ਚਿਤਾਵਨੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।  
ਬੀਤੇ ਦਿਨੀਂ ਸਰਕਾਰ ਵੱਲੋਂ ਜਾਰੀ ਆਉਂਦੇ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਸ਼ਨੀਵਾਰ ਸਵੇਰ ਤੋਂ ਬਰਸਾਤ ਹੋਏ ਅਤੇ ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ, ਲੁਧਿਆਣਾ, ਪਟਿਆਲਾ ਤੋਂ ਇਲਾਵੇ ਮਾਲਵੇ ਦੇ ਕਈ ਖੇਤਰਾਂ ਵਿੱਚ ਵੀ ਭਾਰੀ ਮੀਂਹ ਪਿਆ। ਅੱਜ ਸਵੇਰੇ ਵੀ ਦਿੱਲੀ ਤੇ ਨੇੜਲੇ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਮੀਂਹ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।ਚੇਤਾਵਨੀ ਵਿੱਚ ਦੱਸਿਆ ਗਿਆ ਸੀ ਕਿ ਮਾਲਵਾ, ਮਾਝਾ ਤੇ ਦੋਆਬਾ ਖੇਤਰ ਵਿੱਚ 7 ਤੋਂ 12 ਸੈਂਟੀਮੀਟਰ ਬਰਸਾਤ ਪੈ ਸਕਦੀ ਹੈ।
ਪ੍ਰਾਪਤ ਅੰਕੜਿਆਂ ਮੁਤਾਬਕ ਸ਼ਨੀਵਾਰ ਸਵੇਰ ਤੋਂ ਹੀ ਚੰਡੀਗੜ੍ਹ ਤੋਂ ਲੈਕੇ ਮੁਹਾਲੀ, ਪਟਿਆਲਾ, ਸੰਗਰੂਰ ਤੇ ਬਰਨਾਲਾ ਤਕ ਦੂਰ-ਦੂਰ ਭਰਵਾਂ ਮੀਂਹ ਪਿਆ। ਹਾਲਾਂਕਿ, ਬਠਿੰਡਾ ਵਾਲੇ ਪਾਸੇ ਹਲਕੀ ਬਾਰਿਸ਼ ਹੋਈ ਪਰ ਤੇਜ਼ ਹਵਾਵਾਂ ਤੇ ਕਾਲੇ ਬੱਦਲਾਂ ਨੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਦੂਜੇ ਪਾਸੇ ਦੋਆਬੇ ਵਿੱਚ ਕਈ ਥਾਈਂ ਹਲਕੀ ਬਰਸਾਤ ਹੋਈ ਪਰ ਤੇਜ਼ ਹਵਾਵਾਂ ਵੀ ਚੱਲੀਆਂ। ਅੰਮ੍ਰਿਤਸਰ ਵਿੱਚ ਵੀ ਸਵੇਰ ਤੋਂ ਭਾਰੀ ਬਰਸਾਤ ਹੋ ਰਹੀ ਹੈ। ਮੀਂਹ ਕਾਰਨ ਜਿੱਥੇ ਸੜਕਾਂ ‘ਤੇ ਪਾਣੀ ਖੜ੍ਹਨ ਨਾਲ ਲੰਮੇ-ਲੰਮੇ ਜਾਮ ਲੱਗ ਗਏ, ਉੱਥੇ ਵੀ ਕਿਸਾਨਾਂ ਦੇ ਚਿਹਰੇ ਮੁਰਝਾਅ ਗਏ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਬੇਸ਼ੱਕ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਬਹੁਤਾਤ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਇਸ ਸਮੇਂ ਸਾਉਣੀ ਦੀਆਂ ਫ਼ਸਲਾਂ ਪੱਕਣ ਕਿਨਾਰੇ ਹਨ ਅਤੇ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਵੀ ਸ਼ੁਰੂ ਹੋਣ ਵਾਲੀ ਹੈ। ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਮਨਾਂ ਵਿੱਚ ਫ਼ਸਲ ਦੇ ਵਿਛ ਜਾਣ ਕਾਰਨ ਖਰਾਬੇ ਅਤੇ ਮੀਂਹ ਕਾਰਨ ਇਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋ ਜਾਣ ਦਾ ਡਰ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਤਿੰਨ ਦਿਨ ਮੀਂਹ ਦੀ ਚੇਤਾਵਨੀ ਕਾਰਨ ਕਿਸਾਨਾਂ ਦੀ ਜਾਨ ‘ਤੇ ਬਣੀ ਹੋਈ ਹੈ। 22 ਤੋਂ ਲੈਕੇ 24 ਸਤੰਬਰ ਤਕ ਪੰਜਾਬ ਵਿੱਚ ਭਾਰੀ ਮੀਂਹ ਕਾਰਨ ਸਾਉਣੀ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਮੀਂਹ ਤੋਂ ਫ਼ਸਲ ਦੇ ਬਚਾਅ ਲਈ ਨਿਰਦੇਸ਼ ਦਿੱਤੇ ਹਨ।
ਖੇਤੀਬਾੜੀ ‘ਵਰਸਿਟੀ ਦੇ ਮੌਸਮ ਵਿਭਾਗ ਦੀ ਮਾਹਰ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਫ਼ਸਲਾਂ ਵੱਲ ਚੰਗੀ ਤਰ੍ਹਾਂ ਨਾਲ ਧਿਆਨ ਦੇਣ ਦੀ ਲੋੜ ਹੈ, ਜੇਕਰ ਝੋਨੇ ਦੇ ਦਾਣੇ ਬਣ ਚੁੱਕੇ ਹਨ ਤਾਂ ਪਾਣੀ ਦਾ ਖ਼ਾਸ ਖ਼ਿਆਲ ਰੱਖਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਖੇਤਾਂ ਵਿੱਚ ਪਾਣੀ ਇਕੱਠਾ ਹੋ ਗਿਆ ਤਾਂ ਫ਼ਸਲ ਝੁਕ ਜਾਵੇਗੀ।
ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਇਸ ਬਰਸਾਤ ਵਿੱਚ ਪਾਣੀ ਦੀ ਨਿਕਾਸੀ ਦਾ ਕਾਫੀ ਧਿਆਨ ਰੱਖਣਾ ਹੈ, ਇਸ ਕਿਸਾਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਬੇਮੌਸਮਾ ਮੀਂਹ ਫ਼ਸਲਾਂ ਲਈ ਨੁਕਸਾਨਦਾਇਕ ਹੀ ਸਾਬਤ ਹੁੰਦਾ ਹੈ ਅਤੇ ਇਸ ਵਾਰ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ ਹੈ। ਜੇਕਰ ਮੀਂਹ ਦੇ ਨਾਲ ਤੇਜ਼ ਹਵਾਵਾਂ ਵਗਦੀਆਂ ਹਨ ਤਾਂ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

Read more