ਪੰਜਾਬ ਕਾਂਗਰਸ ਭਵਨ ਵਿੱਚ ਭਾਰੀ ਉਤਸ਼ਾਹ – ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਵਿਧਾਇਕਾਂ ਅਤੇ ਵਰਕਰਾਂ ਨਾਲ ਮੀਟਿੰਗਾਂ, ਨਵੇਂ ਮੈਂਬਰ ਕਾਂਗਰਸ ਵਿੱਚ ਸ਼ਾਮਲ

– ਵਾਲਮੀਕਿ ਸਮਾਜ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਨੂੰ ਬਿਨਾਂ ਸ਼ਰਤ ਸਮਰਥਨ

ਚੰਡੀਗੜ੍ਹ, 16 ਅਪ੍ਰੈਲ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪਾਰਟੀ ਵਿਧਾਇਕਾਂ ਅਤੇ ਕਾਰਕੁੰਨਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਆਏ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ | ਇਸ ਮੌਕੇ ਪੰਜਾਬ ਕਾਂਗਰਸ ਭਵਨ ਵਿਖੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | 

ਮੁੱਖ ਮੰਤਰੀ ਨੇ ਲੁਧਿਆਣਾ ਦੇ ਪਰਮਿੰਦਰ ਮਹਿਤਾ ਦਾ ਵਾਪਸ ਪੰਜਾਬ ਕਾਂਗਰਸ ਵਿੱਚ ਆਉਣ ਲਈ ਸਵਾਗਤ ਕੀਤਾ |  ਉਨ੍ਹਾਂ ਨੇ ਹਰਮੀਤ ਸਿੰਘ ਪਠਾਨਮਾਜਰਾ ਦੇ ਵੀ ਕਾਂਗਰਸ ਵਿੱਚ ਆਉਣ ਨੂੰ ਯਕੀਨੀ ਬਣਾਇਆ ਜਿਸ ਨੇ ਪਟਿਆਲਾ ਲੋਕ ਸਭਾ ਹਲਕੇ ਵਿੱਚ ਪੈਂਦੇ ਸਨੌਰ ਵਿਧਾਨ ਸਭਾ ਹਲਕੇ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ | ਮੁੱਖ ਮੰਤਰੀ ਨੇ ਕਿਹਾ ਕਿ ਹਰਮੀਤ ਦੇ ਕਾਂਗਰਸ ਵਿੱਚ ਆਉਣ ਨਾਲ ਪਟਿਆਲਾ ਵਿੱਚ ਕਾਂਗਰਸ ਨੂੰ ਹੁਲਾਰਾ ਮਿਲੇਗਾ |   

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਲਹਿਰ ਲਗਾਤਾਰ ਉੱਪਰ ਜਾ ਰਹੀ ਹੈ ਜਿਸ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਹੈ | ਉਨ੍ਹਾਂ ਨੇ ਸੂਬੇ ਵਿੱਚ ਪਾਰਟੀ ਦੀ ਹੁੰਝਾ ਫੇਰੂ ਜਿੱਤ ਵਿੱਚ ਭਰੋਸਾ ਪ੍ਰਗਟਾਇਆ ਹੈ | 

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਲਾਲ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਜਨਰਲ ਸਕੱਤਰ ਇੰਚਾਰਜ ਪੀ.ਪੀ.ਸੀ.ਸੀ. ਕੈਪਟਨ ਸੰਦੀਪ ਸੰਧੂ ਅਤੇ ਮੈਂਬਰ ਹੀਰਾ ਸੋਢੀ ਵੀ ਹਾਜ਼ਰ ਸਨ | 

ਕਾਂਗਰਸ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਨੂੰ ਹੋਰ ਹੁਲਾਰਾ ਉਸ ਵੇਲੇ ਮਿਲਿਆ ਜਦੋਂ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੀ ਅਗਵਾਈ ਵਿੱਚ ਵਾਲਮੀਕਿ ਸਮਾਜ ਮੁੱਖ ਮੰਤਰੀ ਨੂੰ ਮਿਲਿਆ ਅਤੇ ਉਸ ਨੇ ਕਾਂਗਰਸ ਨੂੰ ਬਿਨ੍ਹਾਂ ਸ਼ਰਤ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ | ਵੇਰਕਾ ਨੇ ਕਿਹਾ ਕਿ ਵਾਲਮੀਕਿ ਸਮਾਜ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਇਹ ਫੁੱਟਪਾਊ ਅਤੇ ਲੋਕ ਵਿਰੋਧੀ ਸ਼ਕਤੀਆਂ ਦੇ ਵਿਰੁੱਧ ਮੁੱਖ ਮੰਤਰੀ ਦੇ ਹੱਥ ਮਜ਼ਬੂਤ ਕਰਨਾ ਚਾਹੁੰਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਸਾਰੇ ਵਰਗਾਂ ਖਾਸਕਰ ਦੱਬੇ ਕੁਚਲੇ ਵਰਗਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੇ ਇਨ੍ਹਾਂ ਵਰਗਾਂ ਦੇ ਜੀਵਨ ਉੱਥਾਨ ਲਈ ਪਹਿਲਾਂ ਹੀ ਬਹੁਤ ਸਾਰੀਆਂ ਪਹਿਲਕਦਮੀਆਂ ਸ਼ੁਰੂ ਕਰ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਨੇ ਪਹਿਲਾਂ ਹੀ ਦੱਬੇ ਕੁਚਲੇ ਵਰਗਾਂ ਦੇ ਉੱਥਾਨ ਲਈ ਕੰਮ ਕਰਨ ਵਾਸਤੇ ਕਮਰ ਕੱਸ ਲਈ ਹੈ | 

ਫਰੀਦਕੋਟ ਲੋਕ ਸਭਾ ਹਲਕੇ ਦੇ ਵਿਧਾਇਕਾਂ ਅਤੇ ਵੱਖ-ਵੱਖ ਜ਼ਿਲਿ੍ਹਆਂ ਦੇ ਕਾਰਕੁੰਨਾਂ ਨਾਲ ਵਿਚਾਰ ਚਰਚਾ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਹਲਕਿਆਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਨੂੰ ਵੱਡੇ ਫਰਕ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ | ਉਨ੍ਹਾਂ ਨੇ ਵਿਧਾਇਕਾਂ ਅਤੇ ਵਰਕਰਾਂ ਨੂੰ ਸੂਬੇ ਵਿੱਚ ਹੇਠਲੇ ਪੱਧਰ ਤੱਕ ਕਾਂਗਰਸ ਸਰਕਾਰ ਦਾ ਵਿਕਾਸ ਏਜੰਡਾ ਲਿਜਾਣ ਲਈ ਕਿਹਾ ਹੈ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਆਖਿਆ ਹੈ ਤਾਂ ਜੋ ਪਾਰਟੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿੱਤਾ ਕੇ ਦੇਸ਼ ਨੂੰ  ਮੁੜ ਵਿਕਾਸ ਦੇ ਮਾਰਗ ‘ਤੇ ਲਿਆਂਦਾ ਜਾ ਸਕੇ | ਮੁੱਖ ਮੰਤਰੀ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਉਸਾਰੂ ਅਤੇ ਹਾਂ ਪੱਖੀ ਮੁਹਿੰਮ ਚਲਾਉਣ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਵਿਧਾਇਕਾਂ ਅਤੇ ਵਰਕਰਾਂ ਨੂੰ ਆਖਿਆ ਹੈ ਕਿ ਉਹ ਵਿਰੋਧੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ ਝੂਠੇ ਭੰਡੀ ਪ੍ਰਚਾਰ ਦਾ ਪ੍ਰਭਾਵੀ ਢੰਗ ਨਾਲ ਟਾਕਰਾ ਕਰਨ | ਉਨ੍ਹਾਂ ਨੇ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੰੁਨ ਪ੍ਰਚਾਰ ਨੂੰ ਅਸਫਲ ਬਣਾਉਣ ਲਈ ਇਕ-ਇਕ ਵੋਟਰ ਤੱਕ ਪਹੁੰਚਣ ਦਾ ਸੱਦਾ ਦਿੱਤਾ ਹੈ ਕਿਉਂਕਿ ਇਨ੍ਹਾਂ ਪਾਰਟੀਆਂ ਕੋਲ ਕੋਈ ਵੀ ਹਾਂ-ਪੱਖੀ ਏਜੰਡਾ ਨਹੀਂ ਹੈ ਅਤੇ ਇਹ ਝੂਠ ਦੇ ਸਹਾਰੇ ਵੋਟਰਾਂ ਨੂੰ ਭਰਮਾਉਣ ‘ਤੇ ਲੱਗੀਆਂ ਹੋਈਆਂ ਹਨ | 

ਬਾਅਦ ਵਿੱਚ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਫੈਸਲੇ ਨਾਲ ਕਾਂਗਰਸ ‘ਤੇ ਕੋਈ ਅਸਰ ਨਹੀਂ ਪਵੇਗਾ | ਹਰਬੰਸ ਕੌਰ ਨੇ 2002 ਦੀ ਚੋਣ ਜਿੱਤੀ ਸੀ ਪਰ ਉਹ 2007 ਵਿੱਚ ਹਾਰ ਗਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੈ | 

Read more