ਪੁਲਿਸ ਦੀ ਸੱਜਣ ਕੁਮਾਰ ਨਾਲ ਗੰਢਤੁਪ ਅਦਾਲਤ ‘ਚ ਹੋਈ ਜੱਗਜ਼ਾਹਰ: ਸਿਰਸਾ

ਜਾਅਲੀ ਜੋਗਿੰਦਰ ਸਿੰਘ ਖੜਾ ਕਰ ਕੇ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਦੇ ਕੇਸਾਂ ‘ਚੋਂ ਬਚਾਉਂਦੀ ਰਹੀ ਪੁਲਿਸ : ਸਿਰਸਾ

ਨਵੀਂ ਦਿੱਲੀ, 16 ਅਕਤੂਬਰ : ਸੱਜਣ ਕੁਮਾਰ ਤੇ 1984 ਸਿੱਖ ਕਤਲੇਆਮ ਦੇ ਹੋਰ ਦੋਸ਼ੀਆਂ ਨਾਲ ਪੁਲਿਸ ਦੀ ਗੰਢਤੁੱਪ ਅੱਜ ਪਟਿਆਲਾ ਹਾਊਸ ਕੋਰਟ ਵਿਚ ਉਦੋਂ  ਜੱਗਜ਼ਾਹਰ ਹੋ ਗਈ ਜਦੋਂ ਇਹ ਗੱਲ ਸਾਹਮਣੇ ਆਈ ਕਿ ਪੁਲਿਸ ਜਾਅਲੀ ਗਵਾਹ ਖੜੇ ਕਰ ਕੇ ਦੋਸ਼ੀਆਂ ਨੂੰ ਅਦਾਲਤਾਂ ਵਿਚੋਂ ਕਲੀਨ ਚਿੱਟ ਦੁਆਉਂਦੀ ਰਹੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪੁਲਿਸ ਨੇ ਜਾਅਲੀ ਜੋਗਿੰਦਰ ਸਿੰਘ ਅਦਾਲਤ ਵਿਚ ਖੜਾ ਕਰ ਕੇ ਸੱਜਣ ਕੁਮਾਰ ਲਈ ਕਲੀਨ ਚਿੱਟ ਹਾਸਲ ਕੀਤੀ। ਉਹਨਾਂ ਦੱਸਿਆ ਕਿ ਇਹ ਜਾਅਲੀ ਜੋਗਿੰਦਰ ਸਿੰਘ ਅਦਾਲਤ ਵਿਚ ਧਾਰਾ 164 ਤਹਿਤ ਆਪਣੇ ਬਿਆਨ ਦਰਜ ਕਰਵਾਉਂਦਾ ਰਿਹਾ ਤੇ ਦੱਸਦਾ ਰਿਹਾ ਕਿ ਸੱਜਣ ਕੁਮਾਰ ਤੇ ਹੋਰ ਦੋਸ਼ੀ 1984 ਕਤਲੇਆਮ ਦੇ ਕੇਸਾਂ ਵਿਚ ਬੇਕਸੂਰ ਹਨ। ਉਹਨਾਂ ਦੱਸਿਆ ਕਿ ਦੋਸ਼ੀਆਂ ਦੀ ਪੁਲਿਸ ਨਾਲ ਗੰਢਤੁੱਪ ਅੱਜ ਉਦੋਂ ਅਦਾਲਤ ਵਿਚ ਉਜਾਗਰ ਹੋਈ ਜਦੋਂ ਅਸਲੀ ਜੋਗਿੰਦਰ ਸਿੰਘ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਹੋਇਆ ਤੇ ਉਸਨੇ ਦੱਸਿਆ ਕਿ ਉਸਨੇ ਕਦੇ ਵੀ ਅੰਗਰੇਜ਼ੀ ਵਿਚ ਹਸਤਾਖਰ ਕਰਕੇ ਅਦਾਲਤ ਵਿਚ ਗਵਾਹੀ ਨਹੀਂ ਦਿੱਤੀ  ਕਿਉਂਕਿ ਉਹ ਅੰਗਰੇਜ਼ੀ ਜਾਣਦਾ ਹੀ ਨਹੀਂ। ਉਹਨਾਂ ਕਿਹਾ ਕਿ ਉਸਨੇ ਇਹ ਵੀ ਦੱਸਿਆ ਕਿ ਉਹ ਵਾਰ ਵਾਰ ਪੁਲਿਸ ਕੋਲ ਗਵਾਹੀ ਦਿੰਦਾ ਰਿਹਾ ਹੈ ਕਿ ਉਸਨੇ ਸੱਜਣ ਕੁਮਾਰ ਨੂੰ ਆਪਣੇ ਭਰਾ ਦਾ ਕਤਲ ਕਰਦਿਆਂ ਵੇਖਿਆ ਹੈ ਤੇ ਉਹ 1984 ਸਿੱਖ ਕਤਲੇਆਮ ਦਾ ਦੋਸ਼ੀ ਹੈ।

ਸ੍ਰੀ ਸਿਰਸਾ ਨੇ ਦੱਸਿਆ ਕਿ ਅੱਜ ਸੁਣਵਾਈ ਦੌਰਾਨ ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਵਿਚ ਬਹੁਤ ਰੌਲਾ ਰੱਪਾ ਪਾਇਆ ਤੇ ਅਸਲੀ ਜੋਗਿੰਦਰ ਸਿੰਘ ਦਾ ਬਿਆਨ ਦਰਜ ਕਰਨ ਦਾ ਵਿਰੋਧ ਕੀਤਾ ਪਰ ਮਾਣਯੋਗ ਜੱਜ ਨੇ ਆਖਿਆ ਕਿ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਵੇਖਦਿਆਂ ਉਹ ਅਸਲੀ ਜੋਗਿੰਦਰ ਸਿੰਘ ਦਾ ਬਿਆਨ ਦਰਜ ਕਰਨ ਦੀ ਪ੍ਰਵਾਨਗੀ ਦੇ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਅਦਾਲਤ ਨੇ ਇਹ ਵੀ ਦਰਜ ਕੀਤਾ ਕਿ ਜੋਗਿੰਦਰ ਸਿੰਘ ਨੇ ਕਦੇ ਵੀ ਧਾਰਾ 164 ਤਹਿਤ ਆਪਣਾ ਬਿਆਨ ਦਰਜ ਨਹੀਂ ਕਰਵਾਇਆ।

ਉਹਨਾਂ ਇਹ ਵੀ ਦੱਸਿਆ ਕਿ ਅਦਾਲਤ ਵਿਚ ਸੀ ਬੀ ਆਈ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਨਾਲ ਰਲੀ ਹੋਈ ਸੀ ਤੇ ਉਹਨਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚੋਂ ਬਚਾਉਂਦੀ ਰਹੀ ਤੇ ਜਾਅਲੀ ਜੋਗਿੰਦਰ ਸਿੰਘ ਨੂੰ ਪੇਸ਼ ਕਰਨਾ ਉਸ ਵੱਲੋਂ ਕੀਤੇ ਕੰਮਾਂ ਦੀ ਸਭ ਤੋਂ ਵੱਡੀ ਮਿਸਾਲ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਇਸ ਕੇਸ ਨੇ ਇਹ ਗੱਲ ਜੱਗ ਜਾਹਰ ਕਰ ਦਿੱਤੀ ਹੈ ਕਿ ਕਿਵੇਂ ਯੂ. ਪੀ. ਸਰਕਾਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ  ਨੂੰ ਬਚਾਉਣ ਲਈ ਪੁਲਿਸ ਨੂੰ ਆਪਣੀ ਮਰਜ਼ੀ ਅਨੁਸਾਰ ਵਰਤਦੀ ਰਹੀ। ਉਹਨਾ ਕਿਹਾ ਕਿ ਇਹੀ ਮੁੱਖ ਕਾਰਨ ਸੀ ਕਿ ਵਾਰ ਵਾਰ ਦੋਸ਼ੀ ਅਦਾਲਤਾਂ ਵਿਚੋਂ ਬਰੀ ਹੁੰਦੀ ਰਹੇ ਪਰ ਹੁਣ ਉਹਨਾਂ ਨੂੰ ਆਪਣੇ ਕੀਤੇ ਗੁਨਾਹਾਂ ਦੀ ਸਜ਼ਾ ਭੁਗਤਣੀ ਪਵੇਗੀ ਕਿਉਂਕਿ  ਐਨ ਡੀ ਏ ਸਰਕਾਰ  ਇਹਨਾਂ ਕੇਸਾਂ ਨੂੰ ਇਹਨਾਂ ਦੇ ਤਰਕਸੰਗਤ ਨਤੀਜਿਆਂ ਤੱਕ ਲਿਜਾਣ ਲਈ ਦ੍ਰਿੜ ਸੰਕਲਪ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਮਨੁੱਖਤਾ ਦੇ ਖਿਲਾਫ ਇਸ ਸਭ ਤੋਂ ਘਿਨੌਣੇ ਅਪਰਾਧ ਦੇ 35 ਵਰਿਆਂ ਬਾਅਦ ਹੁਣ ਸਿੱਖ ਭਾਈਚਾਰੇ ਨੂੰ ਇਨਸਾਫ ਮਿਲਣ ਲੱਗਾ ਹੈ ਜਿਸ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਅਣਥੱਕ ਯਤਨ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਦੁਆਉਣ ਅਤੇ ਪੀੜਤਾਂ ਨੂੰ ਨਿਆਂ ਦੁਆਉਣ ਲਈ ਦ੍ਰਿੜ ਸੰਕਲਪ ਹਾਂ।

Read more