ਪੁਲਿਸ ਦੀਆਂ ਕਾਲੀਆਂ ਭੇਡਾਂ ‘ਤੇ ਕੱਸੇਗਾ ਸਿਕੰਜ਼ਾ–ਡੀਜੀਪੀ ਨੇ ਕੀਤੀਪੁਲਿਸ ਅਧਿਕਾਰੀਆਂ ਦੀ ਮੀਟਿੰਗ


ਨੇਤਾਵਾਂ ਤੇ ਅਫਸਰਾਂ ਦੀ ਸੁਰੱਖਿਆ ਛੱਤਰੀ ਛਾਂਗਣ ਦੇ ਹੁਕਮ

PunjabUpdate.Com

ਚੰਡੀਗੜ੍ਹ, 22 ਜੂਨ
ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਸਿਕਿਊਰਿਟੀ ਵਿੰਗ ਨੂੰ ਹੁਕਮ ਦਿੱਤੇ ਹਨ ਕਿ ਸੂਬੇ ‘ਚ ਸਿਆਸੀ ਲੋਕਾਂ, ਸਿਵਲ ਅਤੇ ਪੁਲਿਸ ਅਫਸਰਾਂ ਸਮੇਤ ਹੋਰਨਾਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਛੱਤਰੀ ਦੀ ਨਵੇਂ ਸਿਰ੍ਹੇ ਤੋਂ ਸਮੀਖਿਆ ਕੀਤੀ ਜਾਵੇਗੀ ਅਤੇ ਜਿਨ੍ਹਾਂ ਕੋਲ ਵਾਧੂ ਸੁਰੱਖਿਆ ਮੁਲਾਜ਼ਮ ਹਨ ਉਨ੍ਹਾਂ ਤੋਂ ਵਾਪਸ ਲਏ ਜਾਣ। ਇਸ ਦੇ ਨਾਲ ਹੀ ਡੀਜੀਪੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਹੀ ਜ਼ਿਲ੍ਹੇ ਅਤੇ ਆਪਣੇ ਗ੍ਰਹਿ ਜ਼ਿਲ੍ਰੇ ਵਿਚ ਤੈਨਾਤ ਪੁਲਿਸ ਅਫਸਰਾਂ ਅਤੇ ਐਸਐਚਓਜ਼ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਇਧਰੋਂ-ਉਧਰ ਬਦਲਿਆ ਜਾਵੇ। ਡੀਜੀਪੀ ਨੇ ਐਸਐਸਪੀਜ਼ ਨੂੰ ਕਿਹਾ ਹੈ ਕਿ ਉਹ ਨਸ਼ਿਆਂ ਦੇ ਮਾਮਲੇ ਵਿਚ ਆਪੋਂ-ਆਪਣੇ ਖੇਤਰਾਂ ਦੇ ਸੰਵੇਦਨਸ਼ੀਲ ਪੁਲਿਸ ਥਾਣਿਆਂ ਦੀ ਕਾਰਗੁਜ਼ਾਰੀ ਦਾ ਰਿਵਿਊ ਤੁਰੰਤ ਨਵੇਂ ਥਾਣੇਦਾਰਾਂ ਦੀਆਂ ਤਾਇਨਾਤੀਆਂ ਕਰਨ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਦੀ ਪੁਲਿਸ ਨਾਲ ਮਿਲੀਭੁਗਤ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਹੋਵੇਗੀ। ਡੀਜੀਪੀ ਨੇ ਕਿਹਾ ਹੈ ਕਿ ਨਸ਼ਿਆਂ ਦੇ ਮਾਮਲਿਆਂ ਵਿਚ ਸ਼ਾਮਲ ਪੁਲਿਸ ਦਾ ਅਕਸ ਖ਼ਰਾਬ ਕਰਨ ਵਾਲੀਆਂ ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਬਾਹਰ ਦਾ ਰਸਤਾ ਦਿਖਾ ਜਾਵੇ। 
ਪ੍ਰਾਪਤ ਜਾਣਕਾਰੀ ਅਨੁਸਾਰ ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇੱਥੇ ਪੁਲਿਸ ਹੈਡਕੁਆਰਟਰ ਵਿਖੇ ਸਾਰੇ ਏਡੀਜੀਪੀਜ਼, ਐਸਟੀਐਫ ਚੀਫ, ਆਈਜੀ ਜ਼ੋਨਾਂ, ਪੁਲਿਸ ਕਮਿਸ਼ਨਰਾਂ  ਅਤੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਲਗਾਤਾਰ 4 ਘੰਟੇ ਲੰਬੀਆਂ ਮੀਟਿੰਗਾਂ ਕੀਤੀਆਂ। ਇਸ ਦੌਰਾਨ ਡੀਜੀਪੀ ਨੇ ਮੁੱਖ ਤੌਰ ਉਤੇ ਸਿਕਿਊਰਿਟੀ ਵਿੰਗ, ਨਸ਼ਿਆਂ ਖਿਲਾਫ਼ ਬਣੀ ਸਪੈਸ਼ਲ ਟਾਸਕ ਫੋਰਸ ਦੇ ਏਜੰਡਿਆਂ ਉਤੇ ਜ਼ਿਆਦਾ ਜ਼ੋਰ ਦਿੱਤਾ। 
ਭਰੋਸੇਯੋਗ ਪੁਲਿਸ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀਜੀਪੀ ਨੇ ਏਡੀਜੀਪੀ ਸਿਕਿਊਰਿਟੀ ਨੂੰ ਕਿਹਾ ਹੈ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਸਿਵਲ, ਪੁਲਿਸ ਅਫਸਰਾਂ ਦੇ ਇਲਾਵਾ ਸਿਆਸੀ ਲੋਕਾਂ ਨੂੰ ਮਿਲੀ ਹੋਈ ਸਿਕਿਊਰਿਟੀ ਦਾ ਰਿਵਿਊ ਕਰਕੇ ਉਨ੍ਹਾਂ ਨੂੰ ਰਿਪੋਰਟ ਸੌਂਪਣ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿਚ ਤੈਨਾਤੀਆਂ ਹੋਣ ਉਤੇ ਸਿਵਲ ਤੇ ਪੁਲਿਸ ਅਫਸਰਾਂ ਨੂੰ ਸੁਰੱਖਿਆ ਮੁਲਾਜ਼ਮ ਸਿਰਫ ਜ਼ਿਲ੍ਹਾ ਪੁਲਿਸ ਵਲੋਂ ਹੀ ਦਿੱਤੇ ਜਾਣ ਨਾ ਕਿ ਉਹ ਪੀਏਪੀ ਜਾਂ ਹੋਰਨਾਂ ਥਾਵਾਂ ਤੋਂ ਗੰਨਮੈਨ ਨਾਲ ਹੀ ਰੱਖਣ। ਡੀਜੀਪੀ ਨੇ ਹਦਾਇਤ ਕੀਤੀ ਹੈ ਕਿ ਡੀਐਸਪੀ, ਐਸਪੀ ਰੈਂਕ ਸਮੇਤ ਹੋਰਨਾਂ ਪੁਲਿਸ ਅਫਸਰਾਂ ਤੋਂ ਵਾਧੂ ਗੰਨਮੈਨ ਤੁਰੰਤ ਵਾਪਸ ਲਏ ਜਾਣ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮੀਟਿੰਗ ਦੌਰਾਨ ਡੀਜੀਪੀ ਨੇ ਏਡੀਜੀਪੀ ਪ੍ਰਸ਼ਾਸਨ ਨੂੰ ਵੀ ਹੁਕਮ ਦਿੱਤੇ ਹਨ ਕਿ ਉਹ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਸਬੰਧੀ ਨਵੀਂ ਪਾਲਿਸੀ ਬਣਾਉਣ। ਇਸ ਪਾਲਿਸੀ ਵਿਚ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਪੁਲਿਸ ਅਫਸਰ ਅਤੇ ਥਾਣੇਦਾਰ ਆਪਣੇ ਗ੍ਰਹਿ ਜ਼ਿਲ੍ਹੇ ਵਿਚ ਨਹੀਂ ਲੱਗਣਾ ਚਾਹੀਦਾ। ਜ਼ਿਲ੍ਹਿਆਂ ਵਿਚ ਤਾਇਨਾਤੀਆਂ ਦੀ ਸਮਾਂ ਸਮਾਂ ਤੈਅ ਕੀਤੀ ਜਾਵੇ। ਇਸ ਪਾਲਿਸੀ ਵਿਚ ਪੰਜਾਬ ਪੁਲਿਸ ਦੇ ਸਾਰੇ ਵਿੰਗਾਂ ਜਿਵੇਂ ਟ੍ਰੈਫਿਕ, ਸਾਂਝ ਕੇਂਦਰ, ਪੁਲਿਸ ਲਾਈਨ ਦੇ ਦਫ਼ਤਰਾਂ ਦੀਆਂ ਤਾਇਨਾਤੀਆਂ ਦਾ ਪੀਰੀਅਲ ਵੀ ਨਿਸ਼ਚਿਤ ਕੀਤਾ ਜਾਵੇ। ਕਿਉਂਕਿ ਵੱਡੀ ਗਿਣਤੀ ਵਿਚ ਮੁਲਾਜ਼ਮ ਅਤੇ ਅਫਸਰ ਇੱਕੋ ਵਿੰਗ ਵਿਚ ਦਫ਼ਤਰਾਂ ਵਿਚ ਲੰਬੇ ਸਮੇਂ ਤੋਂ ਬੈਠੇ ਹੋਏ ਹਨ। ਦੂਜੇ ਵਿਭਾਗਾਂ ਜਿਵੇਂ ਟਰਾਂਸਪੋਰਟ ਵਿਭਾਗ ਦੇ ਡੀਟੀਓ ਦਫ਼ਤਰਾਂ ਅਤੇ ਹੋਰਨਾਂ ਵਿਭਾਗਾਂ ਵਿਚ ਤੈਨਾਤੀਆਂ ਕਰਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਵੀ ਤਾਇਨਾਤੀ ਦਾ ਸਮਾਂ ਤੈਅ ਕੀਤਾ ਜਾਵੇ ਅਤੇ ਲੰਬੇ ਸਮੇਂ ਤੋਂ ਦੂਜੇ ਵਿਭਾਗਾਂ ਵਿਚ ਬੈਠੇ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾਇਆ ਜਾਵੇ। 
ਸਿਕਿਊਰਿਟੀ ਰਿਵਿਊ ਦੇ ਇਲਾਵਾ ਮੀਟਿੰਗ ਦੌਰਾਨ ਡੀਜੀਪੀ ਨੇ ਨਸ਼ਿਆਂ ਖਿਲਾਫ ਬਣੀ ਐਸਟੀਐਫ ਦੇ ਅਧਿਕਾਰੀਆਂ ਨਾਲ ਵੀ ਪ੍ਰੋਗਰਾਮਾਂ ਦੀ ਸਮੀਖਿਆ ਕੀਤਾ। ਊਨ੍ਹਾਂ ਐਸਟੀਐਫ ਚੀਫ ਏਡੀਜੀਪੀ ਗੁਰਪ੍ਰੀਤ ਕੌਰ ਦਿਓਂ ਨੂੰ ਕਿਹਾ ਕਿ ਹੈ ਕਿ ਉਹ ਨਸ਼ਿਆਂ ਦੇ ਮਾਮਲੇ ਵਿਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਥਾਣਿਆਂ ਦੇ ਮੁਖੀਆਂ, ਡੀਐਸਪੀਜ਼ ਅਤੇ ਜ਼ਿਲ੍ਹੇ ਦੇ ਐਸਐਸਪੀ ਨਸ਼ਿਆਂ ਦੇ ਮਾਮਲੇ ਵਿਚ ਸਿੱਧੇ ਤੌਰ ਉਤੇ ਜ਼ਿੰਮੇਵਾਰ ਹੋਣਗੇ। ਡੀਜੀਪੀ ਨੇ ਐਸਟੀਐਫ ਚੀਫ ਨੂੰ ਕਿਹਾ ਹੈ ਕਿ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਕੁਰਕ ਕਰਨ, ਨਸ਼ਿਆਂ ਦੇ ਅਦਾਲਤਾਂ ਵਿਚ ਚੱਲ ਰਹੇ ਮਾਮਲਿਆਂ ਦੀ ਪੈਰਵੀ ਕਰਨ, ਲੋਕਾਂ ‘ਚ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਕੇਸਾਂ ਦੀਆਂ ਇਨਕੁਆਰੀਆਂ ਜਲਦ ਮੁਕੰਮਲ ਕਰਵਾਉਣ ਉਤੇ ਵਧੇਰੇ ਜ਼ੋਰ ਦਿੱਤਾ।

Read more