ਪੁਲਵਾਮਾ ਬਾਰੇ ਆਪਣੀ ਟਿਪਣੀ ਦੀ ਵਿਅਖਿਆ ਕਰਨੀ ਸਿੱਧੂ ’ਤੇ ਪਰ ਉਸ ਦੇ ਇਰਾਦੇ ਨੂੰ ਰਾਸ਼ਟਰ ਵਿਰੋਧੀ ਨਹੀਂ ਸਮਝਦਾ-ਕੈਪਟਨ ਅਮਰਿੰਦਰ ਸਿੰਘ

ਸਿਆਸੀ ਲਾਹੇ ਲਈ ਬਜਟ ਕਾਰਵਾਈ ਵਿੱਚ ਵਿਘਣ ਪਾਉਣ ਲਈ ਮੰਤਰੀ ਨੂੰ ਨਿਸ਼ਾਨਾ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ

ਚੰਡੀਗੜ, 18 ਫਰਵਰੀ

ਸਿਆਸੀ ਲਾਹਾ ਲੈਣ ਵਾਸਤੇ ਬਜਟ ਪੇਸ਼ ਕਰਨ ਤੋਂ ਪਹਿਲਾਂ ਸਦਨ ਦੀ ਕਾਰਵਾਈ ਵਿੱਚ ਵਿਘਣ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰੇਕ ਨੂੰ ਆਪਣੇ ਮਨ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਅਧਿਕਾਰ ਹੈ ਅਤੇ ਪੁਲਵਾਮਾ ਹਮਲੇ ਬਾਰੇ ਆਪਣੇ ਰੁਖ ਨੂੰ ਸਪਸ਼ਟ ਕਰਨਾ ਨਵਜੋਤ ਸਿੰਘ ਸਿੱਧੂ ’ਤੇ ਹੈ। 

ਟੀਵੀ ਚੈਨਲਾਂ ਨਾਲ ਆਪਣੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਇਕ ਿਕਟਰ ਹੈ ਅਤੇ ਉਹ ਇਕ ਫੌਜੀ ਹਨ ਅਤੇ ਦੋਵਾਂ ਦਾ ਚੀਜ਼ਾਂ ਬਾਰੇ ਨਜ਼ਰੀਆ ਵੱਖਰਾ-ਵੱਖਰਾ ਹੈ। ਉਨਾਂ ਕਿਹਾ ਕਿ ਮੰਤਰੀ ਨੂੰ ਲਾਜ਼ਮੀ ਤੌਰ ’ਤੇ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਸ ਨੇ ਪਾਕਿਸਤਾਨ ਦਾ ਦੌਰਾ ਕਰਕੇ ਠੀਕ ਨਹੀਂ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਫੌਜ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦਾ ਅਤੇ ਸੰਭਵੀ ਤੌਰ ’ਤੇ ਉਸ ਨੇ ਮਿੱਤਰਤਾ ਦੇ ਮਨੋਰਥ ਤੋਂ ਪ੍ਰਤੀਕਿਰਿਆ ਕੀਤੀ ਹੈ। ਉਨਾਂ ਕਿਹਾ ਕਿ ਲਾਜ਼ਮੀ ਤੌਰ ’ਤੇ ਮੰਤਰੀ ਦਾ ਇਰਾਦਾ ਰਾਸ਼ਟਰ ਵਿਰੋਧੀ ਨਹੀਂ ਹੈ ਅਤੇ ਉਹ ਇਸ ਨੂੰ ਸਮਝ ਗਿਆ ਹੋਵੇਗਾ। 

ਮੁੱਖ ਮੰਤਰੀ ਨੇ ਸਿਆਸੀ ਲਾਹਾ ਲੈਣ ਵਾਸਤੇ ਅਕਾਲੀਆਂ ਵੱਲੋਂ ਵਿਧਾਨ ਸਭਾ ਵਿੱਚ ਹੋ ਹਲਾ ਮਚਾਉਣ ਲਈ ਆਲੋਚਨਾ ਕੀਤੀ। ਉਨਾਂ ਕਿਹਾ ਕਿ ਬਜਟ ਨੂੰ ਪੇਸ਼ ਕਰਨਾ ਇਕ ਅਹਿਮ ਕਾਰਜ ਹੁੰਦਾ ਹੈ ਜਿਸ ਦਾ ਹਰ ਸਾਲ ਲੋਕ ਬਹੁਤ ਉਤਸੁਕਤਾ ਨਾਲ ਇੰਤਜ਼ਾਰ ਕਰਦੇ ਹਨ। ਉਨਾਂ ਕਿਹਾ ਕਿ ਅਕਾਲੀਆਂ ਦਾ ਉਦੇਸ਼ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਕੇ ਵਿਧਾਨ ਸਭਾ ਦੇ ਇਸ ਮਹੱਤਵਪੂਰਨ ਕੰਮ ਤੋਂ ਧਿਆਨ ਲਾਂਬੇ ਖਿਚਣਾ ਸੀ। 

ਅਕਾਲੀਆਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ ਅਤੇ ਵਾਕਆੳੂਟ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਰਟੀ ਨੈਤਿਕਤਾ ਦੀ ਸਮਝ ਨੂੰ ਪੂਰੀ ਤਰਾਂ ਗਵਾ ਚੁੱਕੀ ਹੈ। ਇਸ ਤੋਂ ਸਪਸ਼ਟ ਹੈ ਕਿ ਉਹ ਰੋਜ਼ਾਨਾ ਹੀ ਸਦਨ ਦੀ ਕਾਰਵਾਈ ਨੂੰ ਮਖੌਲ ਬਣਾਉਣ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਹੇ ਹਨ। ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਬਜਾਏ ਉਹ ਲਗਾਤਾਰ ਮੀਡੀਆ ਤੇ ਲੋਕਾਂ ਵਿੱਚ ਬਣੇ ਰਹਿਣ ਲਈ ਸੌੜੇ ਸਿਆਸੀ ਦਾਅਪੇਚ ਵਰਤ ਰਹੇ ਹਨ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫੇਰ ਸਦਨ ਵਿੱਚ ਤਕਰਾਰ ਪੈਦਾ ਕਰਕੇ ਸਾਰੇ ਜ਼ਮਹੂਰੀ ਵਿਚਾਰਾਂ ਨੂੰ ਖੇਹ-ਕੋਡੀਆਂ ਕੀਤਾ ਹੈ। ਉਨਾਂ ਕਿਹਾ ਕਿ ਅਜਿਹਾ ਗੈਰ ਸੰਵਿਧਾਨਕ ਵਤੀਰਾ ਰਾਸ਼ਟਰੀ ਰੁਤਬੇ ਵਾਲੀ ਪਾਰਟੀ ਦੇ ਲਈ ਅਨਉਚਿਤ ਹੈ ਪਰ ਇਸ ਦੇ ਨਾਲ ਉਸਦੀ ਅਸਲ ਵਿੱਚ ਲੋਕ ਵਿਰੋਧੀ ਮਾਨਸਿਕਤਾ ਸਾਹਮਣੇ ਆਈ ਹੈ। ਉਨਾਂ ਨੂੰ ਨਾ ਹੀ ਸਦਨ ਦੀਆਂ ਰਿਵਾਇਤਾਂ ਦਾ ਖਿਆਲ ਹੈ ਅਤੇ ਨਾ ਹੀ ਲੋਕਾਂ ਦੀ ਭਲਾਈ ਬਾਰੇ ਕੋਈ ਚਿੰਤਾ ਹੈ। ਉਹ ਸਿਰਫ ਸੂਬਾ ਵਿਧਾਨ ਸਭਾ ਵਿੱਚ ਬੇਲਗਾਮ ਹੋਏ ਪਏ ਹਨ। 

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂਆਂ ਅਤੇ ਮੈਂਬਰਾਂ ਵੱਲੋਂ ਵਿਧਾਨ ਸਭਾ ਵਿੱਚ ਹੋ-ਹਲਾ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਣਾ ਰੋਜ਼ਮਰਾਂ ਦਾ ਕਾਰਜ ਬਣ ਗਿਆ ਹੈ। ਉਨਾਂ ਕਿਹਾ ਕਿ ਇਹ ਜਨਤਕ ਸਮਰਥਨ ਅਤੇ ਵੋਟਾਂ ਪ੍ਰਾਪਤ ਕਰਨ ਦੇ ਡਰਾਮੇ ਤੋਂ ਇਲਾਵਾ ਹੋਰ ਕੁਝ ਵੀ ਨਹੀ ਹੈ। ਭਾਵੇਂ ਕਿਸੇ ਵੀ ਹਾਲਤ ਹੇਠ ਸਦਨ ਦੀ ਕਾਰਵਾਈ ਵਿੱਚ ਵਿਘਣ ਪ੍ਰਵਾਨ ਕਰਨਯੋਗ ਨਹੀ ਹੈ ਪਰ ਅਕਾਲੀ ਸਿਆਸੀ ਲਾਹਾ ਲੈਣ ਲਈ ਇਸ ਵਿੱਚ ਗਲਤਾਣ ਹੋਏ ਪਏ ਹਨ ਜੋ ਕਿ ਪੂਰੀ ਤਰਾਂ ਨਿੰਦਣਯੋਗ ਹੈ। 

ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੈਰ ਜ਼ਮਹੂਰੀ ਵਤੀਰੇ ਦੇ ਨਾਲ ਸਦਨ ਦੀ ਮਰਿਆਦਾ ਨੂੰ ਨਾ ਘਟਾਉਣ। ਉਨਾਂ ਕਿਹਾ ਕਿ ਦੇਸ਼ ਦੀ ਜ਼ਮਹੂਰੀ ਸਿਆਸਤ ਵਿੱਚ ਸਦਨ ਦੀ ਮਰਿਆਦਾ ਦੇ ਉੱਚ ਵਿਚਾਰਾਂ ਨੂੰ ਬਣਾਈ ਰੱਖਣਾ ਹਰੇਕ ਚੁਣੇ ਹੋਏ ਮੈਂਬਰ ਦੀ ਡਿੳੂੁਟੀ ਤੇ ਜ਼ਿੰਮੇਵਾਰੀ ਹੈ। 

Read more