ਪੀ.ਡੀ.ਏ. ਦਾ ਇਕ ਹੋਰ ਵਾਤਾਵਰਨ ਪੱਖੀ ਕਦਮ

ਚੰਡੀਗੜ੍ਹ, 11 ਸਤੰਬਰ: ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਵੱਲੋਂ ਆਪਣੇ ਵੱਖ-ਵੱਖ ਪ੍ਰਾਜੈਕਟਾਂ ਵਿਚ ਪੁਰਾਣੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ. ਲਾਈਟਾਂ ਲਾਉਣ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ। ਇਹ ਕੰਮ ਨਵੰਬਰ, 2019 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 1.20 ਕਰੋੜ ਰੁਪਏ ਹੈ। ਇਸ ਕੰਮ ਵਿਚ 5 ਸਾਲਾਂ ਦੀ ਮਿਆਦ ਤੱਕ ਸਟਰੀਟ ਲਾਈਟ ਪੁਆਇੰਟਾਂ ਦਾ ਰੱਖ-ਰਖਾਅ ਵੀ ਸ਼ਾਮਲ ਹੈ।

ਕਾਬਲੇਗੌਰ ਹੈ ਕਿ ਪੀ.ਡੀ.ਏ. ਵੱਲੋਂ ਪੁਰਾਣੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ. ਲਾਈਟਾਂ ਲਾਉਣਾ ਊਰਜਾ ਦੀ ਬੱਚਤ ਵੱਲ ਕੀਤੀ ਇਕ ਹੋਰ ਪਹਿਲਕਦਮੀ ਹੈ ਇਸ ਤੋਂ ਪਹਿਲਾਂ ਹਾਲ ਹੀ ਵਿਚ ਅਥਾਰਟੀ ਵੱਲੋਂ ਅਰਬਨ ਅਸਟੇਟ, ਫੇਜ਼-2, ਪਟਿਆਲਾ ਵਿਖੇ ਆਪਣੀ ਇਮਾਰਤ ਦੀ ਛੱਤ ’ਤੇ 90 ਕਿਲੋਵਾਟ ਦੀ ਸਮਰੱਥਾ ਵਾਲਾ ਆਨ-ਗਰਿੱਡ ਸੋਲਰ ਪਾਵਰ ਪਲਾਂਟ ਸਿਸਟਮ ਵੀ ਸਥਾਪਤ ਕੀਤਾ ਗਿਆ ਸੀ।

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਹਰੇਕ ਖੇਤਰ ਵਿਚ ਸਸਤੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਲਈ ਯਤਨਸ਼ੀਲ ਹੈ। ਐਲ.ਈ.ਡੀ. ਲਾਈਟਾਂ ਲਾਉਣ ਨਾਲ ਜਿਥੇ ਊਰਜਾ ਦੀ ਬੱਚਤ ਹੋਵੇਗੀ, ਉਥੇ ਰਾਤ ਨੂੰ ਹੁੰਦੇ ਸੜਕ ਹਾਦਸਿਆਂ ਵਿੱਚ ਵੀ ਕਮੀ ਆਵੇਗੀ ਕਿਉਂ ਕਿ ਇਹਨਾਂ ਲਾਈਟਾਂ ਨਾਲ ਸੜਕਾਂ ‘ਤੇ ਹਨੇਰਾ ਨਹੀਂ ਰਹੇਗਾ। ਬੁਲਾਰੇ ਨੇ ਦੱਸਿਆ ਕਿ ਇਸ ਕਦਮ ਨਾਲ ਪੀ.ਡੀ.ਏ. ਦੇ ਬਿਜਲੀ ਖਰਚੇ ਵੀ ਘਟਣਗੇ ਕਿਉਂਕਿ ਮੌਜੂਦਾ ਲੱਗੀਆਂ ਹੈਲਾਈਡ, ਸੋਡੀਅਮ ਅਤੇ ਸੀ.ਐਫ.ਐਲ. ਲਾਈਟਾਂ ਨਾਲੋਂ ਐਲ.ਈ.ਡੀ. ਲਾਈਟਾਂ ਦੀ ਬਿਜਲੀ  ਖਪਤ ਬਹੁਤ ਘੱਟ ਹੈ।

ਵਧੇਰੇ ਜਾਣਕਾਰੀ ਦਿੰਦਿਆਂ, ਪਟਿਆਲਾ ਵਿਕਾਸ  ਅਥਾਰਟੀ ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਨੇ ਦੱਸਿਆ ਕਿ ਅਰਬਨ ਅਸਟੇਟ ਫੇਜ਼-1, 2 ਅਤੇ 3, ਪੀ.ਆਰ.ਟੀ.ਸੀ. ਵਰਕਸ਼ਾਪ, ਸਰਹਿੰਦ ਰੋਡ ਪਟਿਆਲਾ ਵਿਖੇ ਪਹਿਲਾਂ ਲੱਗੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ. ਲਾਈਟਾਂ ਲਗਾਉਣ ਸਬੰਧੀ ਟੈਂਡਰ ਅਲਾਟ ਕੀਤਾ ਜਾ ਚੁੱਕਾ ਹੈ। ਮੌਜੂਦਾ ਪ੍ਰਬੰਧ ਤਹਿਤ, ਜਿਥੇ ਹਰ ਸਾਲ ਲਗਭਗ 10 ਲੱਖ ਯੂਨਿਟ ਬਿਜਲੀ ਖਪਤ ਹੁੰਦੀ ਹੈ, ਉਥੇ ਐਲ.ਈ. ਲਾਈਟਾਂ ਲਗਾਉਣ ਤੋਂ ਬਾਅਦ ਸਲਾਨਾ ਖਪਤ ਲਗਭਗ 5.30 ਲੱਖ ਯੂਨਿਟ ਰਹਿ ਜਾਵੇਗੀ। ਉਹਨਾਂ ਦੱਸਿਆ ਕਿ ਇਸ ਨਾਲ ਅਥਾਰਟੀ ਵੱਲੋਂ ਬਿਜਲੀ ‘ਤੇ ਕੀਤਾ ਜਾ ਰਿਹਾ ਸਾਲਾਨਾ ਖਰਚਾ, ਮੌਜੂਦਾ ਖਰਚੇ ਤੋਂ ਅੱਧਾ ਰਹਿ ਜਾਵੇਗਾ।

ਮੁੱਖ ਪ੍ਰਸ਼ਾਸਕ ਨੇ ਦੱਸਿਆ ਕਿ ਪ੍ਰਤੀ ਦਿਨ 10 ਘੰਟੇ ਦਫ਼ਤਰੀ ਕੰਮ ਅਤੇ 8 ਰੁਪਏ ਪ੍ਰਤੀ ਯੂਨਿਟ ਬਿਜਲੀ ਰੇਟ ਦੇ ਹਿਸਾਬ ਨਾਲ ਪੀ.ਡੀ.ਏ. ਪ੍ਰਤੀ ਸਾਲ ਲਗਭਗ 38 ਲੱਖ ਰੁਪਏ ਬਚਾਏਗੀ।

Read more