ਪਾਰਸ ਦਾ ਵਾਰਸ: ਕਵੀਸ਼ਰੀ, ਗਾਇਕੀ ਤੇ ਪੰਜਾਬੀ ਸਿਨੇਮਾ ਦੀ ਜਿੰਦਜਾਨ ਹਰਭਜਨ ਮਾਨ

ਨਵਦੀਪ ਸਿੰਘ ਗਿੱਲ

(97800-36216)

ਹਰਭਜਨ ਮਾਨ ਸ਼੍ਰੋਮਣੀ ਕਵੀਸ਼ਰ ਕਰਨੈਲ ਪਾਰਸ ਦਾ ਵਾਰਸ ਹੈ। ਕਵੀਸ਼ਰੀ, ਗਾਇਕੀ ਤੇ ਫਿਲਮਾਂ ਦੀ ਉਹ ਜਿੰਦਜਾਨ ਹੈ। ਤੜਕ-ਭੜਕ, ਲੱਚਰ, ਫੁਕਰਪੁਣੇ, ਹਥਿਆਰਾਂ ਤੇ ਨਸ਼ਿਆਂ ਦੇ ਰਾਹ ਪਾਉਣ ਵਾਲੇ ਗਾਇਕਾਂ ਦੀ ਭੀੜ ਤੋਂ ਉਹ ਮੀਲਾਂ ਦੂਰ ਹੈ। ਅਜੋਕੇ ਕੱਚ-ਘਰੜ ਤੇ ਫੁਕਰੇ ਗਾਇਕਾਂ ਤੋਂ ਨਿਰਾਸ਼ ਹੋਏ ਸੰਗੀਤ ਪ੍ਰੇਮੀਆਂ ਲਈ ਉਹ ਠੰਢੀ ਹਵਾ ਦਾ ਬੁੱਲ•ਾ ਹੈ। ਸਾਰਥਿਕ, ਰਵਾਇਤੀ, ਪਰਿਵਾਰਕ, ਅਰਥ ਭਰਪੂਰ ਗਾਇਕੀ ਦੇ ਚਾਹਵਾਨ ਸਰੋਤਿਆਂ ਦਾ ਉਹ ਚਹੇਤਾ ਕਲਾਕਾਰ ਹੈ। ਉਸ ਦਾ ਸ਼ਾਨਦਾਰ ਸਫ਼ਰ ਉਸ ਦੀ ਪੰਜਾਬੀ ਬੋਲੀ ਪ੍ਰਤੀ ਜ਼ਿੰਮੇਵਾਰਨਾ ਪਹੁੰਚ ਤੇ ਸੰਜੀਦਾ ਗਾਇਕੀ ਕਾਰਨ ਹੀ ਸੰਭਵ ਹੋ ਸਕਿਆ ਹੈ। 30 ਦਸੰਬਰ ਨੂੰ ਹਰਭਜਨ ਮਾਨ 54 ਵਰਿ•ਆਂ ਦਾ ਹੋ ਗਿਆ। ਬੀਤੇ ਦਿਨੀਂ ਉਹ ਘਰ ਮਿਲਣ ਆਇਆ ਤਾਂ ਉਸ ਦੇ ਕਵੀਸ਼ਰੀ ਤੇ ਗਾਇਕੀ ਦੇ 40 ਵਰਿ•ਆਂ ਦੇ ਸਫ਼ਰ ਦੀਆਂ ਬਾਤਾਂ ਛਿੜ ਪਈਆਂ। ਬਚਪਨ ਦੇ ਸੰਘਰਸ਼, ਬਾਪੂ ਪਾਰਸ ਦੇ ਲੜ ਲੱਗਣ, ਗਾਇਕੀ ਤੇ ਫਿਲਮਾਂ ਵਿੱਚ ਸਿਖਰਾਂ ਛੂਹਣ ਤੋਂ ਲੈ ਕੇ ਬੇਟੇ ਅਵਕਾਸ਼ ਮਾਨੇ ਦੇ ਗਾਇਕੀ ਵਿੱਚ ਦਾਖਲੇ ਤੱਕ ਜ਼ਿੰਦਗੀ ਦੇ ਹਰ ਪੜਾਅ ਉਤੇ ਉਸ ਨੂੰ ਮਾਣ ਹੈ। ਕਵੀਸ਼ਰੀ ਉਸ ਦੇ ਸਾਹਾਂ ਵਿੱਚ ਹੈ। ਜ਼ਿੰਦਗੀ ਦੇ ਹਰ ਮੋੜ ਅਤੇ ਅਮੀਰ ਸਿੱਖ ਵਿਰਸੇ ਬਾਰੇ ਬਾਪੂ ਪਾਰਸ ਦੀ ਕਵੀਸ਼ਰੀ ਉਸ ਦੇ ਜ਼ੁਬਾਨੀ ਯਾਦ ਹੈ। ਗਾਇਕੀ ਦਾ ਉਹ ਸ਼ਾਹ ਅਸਵਾਰ ਹੈ ਅਤੇ ਪੰਜਾਬੀ ਸਿਨੇਮਾ ਲਈ ਚੜ•ਦਾ ਸੂਰਜ।

ਬਠਿੰਡਾ ਜ਼ਿਲੇ ਦੇ ਪਿੰਡ ਖੇਮੂਆਣਾ ਦੇ ਜੰਮਪਲ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ 1976-77 ਵਿੱਚ ਬਾਲੜੀ ਉਮਰੇ ਆਪਣੇ ਪਿਤਾ ਹਰਨੇਕ ਸਿੰਘ ਮਾਨ ਦੇ ਪ੍ਰਭਾਵ ਹੇਠ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਕਵੀਸ਼ਰੀ ਜੱਥੇ ਨੂੰ ਦੇਖਦਿਆਂ ਕਵੀਸ਼ਰੀ ਗਾਉਣੀ ਸ਼ੁਰੂ ਕੀਤੀ। ਜਿਸ ਨੂੰ ਪਾਰਸ ਮਿਲ ਜਾਵੇ ਉਸ ਨੂੰ ਤਾਂ ਫੇਰ ਕਿਸੇ ਹੋਰ ਦੀ ਲੋੜ ਹੀ ਨਹੀਂ ਰਹਿੰਦੀ। ਪਾਰਸ ਦੀ ਛੂਹ ਨਾਲ ਹੀ ਹਰਭਜਨ ਦੀ ਗਾਇਕੀ ਤਰਾਸ਼ੀ ਗਈ ਤੇ ਉਹ ਸੱਚਮੁੱਚ ਸੋਨਾ ਬਣ ਗਿਆ। ਉਹ ਵੀ ਖਰਾ ਸੋਨਾ ਜਿਸ ਦੀ ਚਮਕ 45 ਵਰਿ•ਆਂ ਬਾਅਦ ਹੋਰ ਵੀ ਚਮਕੀ ਹੈ। ਪਾਰਸ ਨੇ ਹਰਭਜਨ ਨੂੰ ਗਾਇਕੀ ਦੇ ਨਾਲ ਜ਼ਿੰਦਗੀ ਦਾ ਪਾਠ ਵੀ ਪੜ•ਾਇਆ ਅਤੇ ਸਿਖਾਇਆ। ਹਰਭਜਨ ਦੀ ਰਹਿਣੀ-ਬਹਿਣੀ, ਉਠਣੀ ਆਦਿ ਸਭ ਉਪਰ ਹੀ ਪਾਰਸ ਦਾ ਹੀ ਪ੍ਰਭਾਵ ਹੈ। ਇਸੇ ਲਈ ਉਹ ਸੰਵੇਦਨਸ਼ੀਲ ਵੀ ਹੈ ਤੇ ਚੇਤੰਨ ਦਿਮਾਗ ਵਾਲਾ ਵੀ। ਉਹ ਆਪਣੀ ਹਰ ਇਕ ਚੰਗੀ ਆਦਤ ਪਾਰਸ ਦੀ ਹੀ ਦੇਣ ਸਮਝਦਾ। ਅਸਲ ਮਾਅਨਿਆਂ ਵਿੱਚ ਉਹ ‘ਪਾਰਸ ਦਾ ਵਾਰਸ’ ਹੈ। ਪਾਰਸ ਨੂੰ ਵੀ ਆਪਣੇ ਇਸ ਸ਼ਾਗਿਰਦ ਉਪਰ ਬਹੁਤ ਮਾਣ ਰਿਹਾ ਜੋ ਉਸ ਦਾ ਪੋਤ ਜਵਾਈ ਵੀ ਸੀ।

‘ਹੰਸਾਂ ਦੀ ਜੋੜੀ’ ਤੇ ‘ਭਗਤ ਸਿੰਘ ਦੀ ਘੋੜੀ’ ਦੀ ਕਵੀਸ਼ਰੀ ਤੋਂ ਗਾਇਕੀ ਦੇ ਸਫਰ ਦਾ ਆਗਾਜ਼ ਕਰਨ ਵਾਲੇ ਮਾਨ ਭਰਾਵਾਂ ਵਿੱਚੋਂ ਵੱਡਾ ਹਰਭਜਨ 90ਵਿਆਂ ਦੇ ਮੁੱਢ ਵਿੱਚ ਮਾਂ-ਪੁੱਤ ਦੇ ਰਿਸ਼ਤੇ ਦੀ ਤਰਜ਼ਮਾਨੀ ਕਰਦੇ ਗੀਤ ‘ਚਿੱਠੀਏ ਨੇ ਚਿੱਠੀਏ’ ਨਾਲ ਹਰ ਪੰਜਾਬੀ ਦਾ ਅਜਿਹਾ ਚਹੇਤਾ ਹੋਇਆ ਕਿ ਅੱਜ ਉਹ ਪੰਜਾਬੀ ਗਾਇਕੀ ਦੇ ਅੰਬਰ ਉਤੇ ਹੈ। ਮਕਬੂਲੀਅਤ ਦਾ ਸਿਖਰ ਉਸ ਨੇ ਭਾਵੇਂ 1992 ਵਿੱਚ ਆਈ ‘ਚਿੱਠੀਏ ਨੀ ਚਿੱਠੀਏ’ ਰਾਹੀਂ ਛੋਹਿਆ ਪਰ ਉਸ ਦੀ ਪਹਿਲੀ ਐਲਬਮ 1988 ਵਿੱਚ ‘ਇਸ਼ਕ ਦੇ ਮਾਮਲੇ’ ਆਈ ਸੀ ਜਿਹੜੀ ਬਾਪੂ ਪਾਰਸ ਵੱਲੋਂ ਲਿਖੇ ਪ੍ਰਸਿੱਧ ਕਿੱਸਿਆਂ ‘ਤੇ ਆਧਾਰਿਤ ਸੀ।

ਹਰਭਜਨ ਨੇ ਜ਼ਿਆਦਾਤਰ ਗੀਤ ਕਰਨੈਲ ਪਾਰਸ ਅਤੇ ਸਦਾਬਹਾਰ ਗੀਤਕਾਰ ਬਾਬੂ ਸਿੰਘ ਮਾਨ ‘ਮਰਾੜ•ਾਂ ਵਾਲੇ’ ਦੇ ਲਿਖੇ ਹੀ ਗਾਏ ਹਨ। ਉਸ ਦੀ ਗਾਇਕੀ ਵਿੱਚ ਰਿਸ਼ਤਿਆਂ ਦੀ ਅਪਣੱਤ, ਲੋਕ ਤੱਤ, ਜ਼ਿੰਦਗੀ ਦੇ ਕੌੜੇ ਸੱਚ, ਲੋਕ ਗਾਥਾਵਾਂ, ਤਰਕ ਭਰਪੂਰ ਮੁੱਖ ਵਿਸ਼ਾ ਰਹੇ ਹਨ। ਉਸ ਦੀ ਆਵਾਜ਼ ਵਿੱਚ ਢਾਡੀ ਕਵੀਸ਼ਰਾਂ ਵਾਲੀ ਬੁਲੰਦੀ ਦੇ ਨਾਲ ਹਾਉਕਾ ਵੀ ਹੈ ਤੇ ਦਰਦ ਵੀ। ਇਸ ਦਾ ਕਾਰਨ ਇਹ ਵੀ ਹੈ ਕਿ ਬਚਪਨ ਵਿੱਚ ਹੀ ਉਸ ਦੇ ਸਿਰ ਤੋਂ ਮਾ ਦਾ ਸਾਇਆ ਉਠ ਗਿਆ ਸੀ। ਉਸ ਵੇਲੇ ਉਹ ਮਹਿਜ਼ 10 ਵਰਿ•ਆਂ ਦਾ ਸੀ। ‘ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ’ ਗਾਉਂਦਾ ਹੋਇਆ ਉਹ ਆਪਣਾ ਦਰਦ ਬੋਲਾਂ ਰਾਹੀਂ ਬਿਆਨਦਾ ਹੈ। ਮਾਂ ਦੇ ਰਿਸ਼ਤੇ ਬਾਰੇ ਗਾਏ ਉਸ ਦੇ ਗੀਤ ਕੁਲਦੀਪ ਮਾਣਕ ਦੇ ‘ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ’ ਤੋਂ ਬਾਅਦ ਸਭ ਤੋਂ ਵੱਧ ਮਕਬੂਲ ਹੋਏ। ‘ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ’, ‘ਰੋਂਦੀ ਕੂੰਜ ਵਿਛੜ ਕੇ ਡਾਰੋਂ’, ‘ਅੰਬੀ ਦਾ ਬੂਟਾ’ ਗੀਤ ਧੀ ਦੀ ਡੋਲੀ ਦੇ ਤੁਰ ਜਾਣ ਤੋਂ ਬਾਅਦ ਮਾਪਿਆਂ ਅਤੇ ਧੀ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਹਨ।

ਵਿਜੇ ਧੰਮੀ ਦਾ ਲਿਖਿਆ ਗੀਤਾ ‘ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ’ ਤਾਂ ਹਰਭਜਨ ਦੀ ਆਵਾਜ਼ ਵਿੱਚ ਰਿਕਾਰਡ ਹੋਣ ਤੋਂ ਬਾਅਦ ਲੋਕ ਗੀਤ ਹੀ ਬਣ ਗਿਆ ਜਿਸ ਦੀ ਮਕਬੂਲੀਅਤ ਇਸ ਦੇ ਬੋਲ ਸੜਕਾਂ ਉਪਰ ਜਾਂਦੇ ਹਰ ਦੂਜੇ ਜਾਂ ਤੀਜੇ ਟਰੱਕ ਦੇ ਪਿੱਛੇ ਲਿਖੇ ਬਿਆਨਦੇ ਹਨ। ਲੋਕ ਗਾਥਾਵਾਂ ਵਿੱਚੋਂ ‘ਮਿਰਜਾ’,’ਸੱਸੀ’, ‘ਲੱਗੀ ਵਾਲੇ ਤਾਂ ਕਦੇ ਨਹੀਂ ਸੌਂਦੇ’ ਗੀਤ ਉਸ ਦੇ ਬਹੁਤ ਮਕਬੂਲ ਹੋਏ। ‘ਜੱਗ ਜੰਕਸ਼ਨ ਰੇਲਾਂ ਦਾ’ ਤੋਂ ਲੈ ਕੇ ‘ਮੌਤ ਦੀ ਕਲੀ’, ‘ਚਹੁੰ ਕੁ ਦਿਨਾਂ ਦਾ ਮੇਲਾ’, ‘ਮਾਨਾਂ ਮਾਰ ਜਾਣਾ, ਯਾਦਾਂ ਰਹਿ ਜਾਣੀਆਂ’, ‘ਗੁੱਝੇ ਨੇਤਰ’ ਤੱਕ ਆਦਿ ਗੀਤਾਂ ਨਾਲ ਜ਼ਿੰਦਗੀ ਦੀਆਂ ਅਟਲ ਸੱਚਾਈਆਂ ਅਤੇ ਜਨਮ-ਮੌਤ ਨੂੰ ਪੇਸ਼ ਕੀਤਾ। ‘ਮੈਂ ਪੰਜਾਬ ਬੋਲਦਾ ਹਾਂ’ ਜਿਹੇ ਗੀਤ ਉਸ ਦੇ ਪੰਜਾਬ ਪ੍ਰਤੀ ਫਿਕਰ ਦੀ ਗਵਾਹੀ ਭਰਦੇ ਹਨ। ਲੋਕ ਤੱਥਾਂ ਵਾਲਾ ਉਸ ਦੀ ਫਿਲਮ ਵਿਚਲਾ ਇਕ ਗੀਤ ‘ਤਿੰਨ ਰੰਗ ਨਹੀਂ ਲੱਭਣੇ’ ਤਾਂ ਡੀ.ਜੇਜ਼ ਦਾ ਸ਼ਿੰਗਾਰ ਹੀ ਬਣ ਗਿਆ। ‘ਸਾਨੂੰ ਬੜਾ ਪਿਆਰਾ ਲੱਗਦਾ ਹੈ ਤੇਰੇ ਵਾਲਾਂ ਵਿਚਲਾ ਚੀਰ ਕੁੜੇ’ ਗੀਤ ਰਾਹੀਂ ਉਸ ਨੇ ਵਹਿਮਾਂ ਭਰਮਾਂ ‘ਤੇ ਵਿਅੰਗ ਕੀਤਾ ਹੈ। ‘ਭਿੱਜ ਗਈ ਕੁੜਤੀ ਲਾਲ’ ਗੀਤ ’90 ਦੇ ਜ਼ਮਾਨੇ ਦੇ ਮਕਬੂਲ ਪੌਪ ਗੀਤਾਂ ਵਿੱਚੋਂ ਇਕ ਹੈ। ਉਸ ਦੇ ਗੀਤਾਂ ਵਿਚਲਾ ਰੁਮਾਂਸ ਇਸ਼ਕ ਹਕੀਕੀ ਦੀ ਗੱਲ ਕਰਦਾ। ਰੁਮਾਂਟਿਕ ਗਾਣਿਆਂ ਦੇ ਫਿਲਮਾਂਕਣ ਵੇਲੇ ਉਸ ਨੇ ਕਦੇ ਵੀ ਆਪਣੀ ਹੱਦ ਨਹੀਂ ਟੱਪੀ। ਇਹੋ ਕਾਰਨ ਹੈ ਕਿ ਉਹ ਪਰਿਵਾਰ ਵਿੱਚ ਬੈਠ ਕੇ ਦੇਖਿਆ ਵੀ ਜਾਂਦਾ ਹੈ ਤੇ ਸੁਣਿਆ ਵੀ। ‘ਗੱਲਾਂ ਗੋਰੀਏ’, ‘ਲਾਲਾ ਲਾਲਾ ਲਾਲਾ’, ‘ਲਾਲੀ’, ‘ਹਾਏ ਮੇਰੀ ਬਿੱਲੋ’ ਜਿਹੇ ਗੀਤਾਂ ਨੇ ਉਸ ਨੂੰ ਪੌਪ ਗਾਇਕੀ ਖੇਤਰ ਵਿੱਚ ਵੀ ਮੋਹਰੀ ਬਣਾਇਆ।

ਆਪਣੀ ਪੇਸ਼ੇਵਾਰ ਗਾਇਕੀ ਤੇ ਫਿਲਮਾਂ ਦੇ ਨਾਲ ਉਸ ਨੇ ਕਵੀਸ਼ਰੀ ਦਾ ਲੜ ਕਦੇ ਨਹੀਂ ਛੱਡਿਆ। ਉਸ ਦੀ ਸ਼ੁਰੂਆਤ ਜੋ ਕਵੀਸ਼ਰੀ ਤੋਂ ਹੋਈ ਹੈ। ਪੇਸ਼ੇਵਾਰ ਗਾਇਕ ਵਜੋਂ ਵਿਚਰਦਿਆਂ ਭਾਵੇਂ ਉਸ ਨੂੰ 27 ਸਾਲ ਦਾ ਸਮਾਂ ਹੋ ਗਿਆ ਪਰ ਕਵੀਸ਼ਰੀ ਦੇ ਪਿੜ ਵਿੱਚ ਨਿੱਤਰਿਆ ਉਸ ਨੂੰ ਚਾਰ ਦਹਾਕਿਆਂ ਦੇ ਕਰੀਬ ਸਮਾਂ ਹੋ ਗਿਆ ਹੈ। ਅੱਜ ਕੱਲ• ਸੋਸ਼ਲ ਮੀਡੀਆ ਉਪਰ ਹਰਭਜਨ ਤੇ ਗੁਰਸੇਵਕ ਦੀ ਛੋਟੇ ਹੁੰਦਿਆਂ ਦੀ ਕਵੀਸ਼ਰੀ ਬਹੁਤ ਵਾਇਰਲ ਹੈ। ਆਪਣੀ ਗਾਇਕੀ ਦੇ ਸਫਲ ਸਫ਼ਰ ਦੌਰਾਨ ‘ਸਤਰੰਗੀ ਪੀਂਘ’ ਟਾਈਟਲ ਹੇਠ ਹਰਭਜਨ ਤੇ ਗੁਰਸੇਵਕ ਦੀਆਂ ਆਈਆਂ ਤਿੰਨ ਐਲਬਮਾਂ ਉਸ ਦੀ ਕਵੀਸ਼ਰੀ ਪ੍ਰਤੀ ਪ੍ਰਤੀਬੱਧਤਾ ਜ਼ਾਹਰ ਕਰਦੀਆਂ। ਕੁਝ ਅਰਸਾਂ ਪਹਿਲਾਂ ਮਾਨ ਭਰਾਵਾਂ ਨੇ ਅੱਠ ਗਾਣਿਆਂ ਦੇ ਸੁਮੇਲ ਵਾਲੀ ‘ਸਤਰੰਗੀ ਪੀਂਘ-3’ ਰਿਲੀਜ਼ ਕੀਤੀ ਸੀ। ਪਾਕਿਸਤਾਨ ਦਾ ਮਹਾਨ ਗਾਇਕ ਸ਼ੌਕਤ ਅਲੀ ਉਸ ਦਾ ਚਹੇਤਾ ਤੇ ਪਸੰਦੀਦਾ ਹੈ। ਇਸੇ ਲਈ ਸ਼ੌਕਤ ਨੇ ਇਕ ਵਾਰ ਆਪਣੇ ਬੱਚਿਆਂ ਨੂੰ ਕਿਹਾ ਸੀ ਕਿ ਉਸ ਦੇ ਤੁਰ ਜਾਣ ਤੋਂ ਬਾਅਦ ਜੇਕਰ ਉਸ ਦੀ ਗਾਇਕੀ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਹਰਭਜਨ ਮਾਨ ਕੋਲੋਂ ਪੁੱਛ ਲੈਣਾ। ਹਰਭਜਨ ਦੀ ਫਿਲਮ ‘ਹੀਰ ਰਾਂਝਾ’ ਵਿੱਚ ਸ਼ੌਕਤ ਦੀ ਗਾਈ ‘ਹੀਰ’ ਉਸ ਫਿਲਮ ਦਾ ਹਾਸਲ ਸੀ।

ਹਰਭਜਨ ਦੀ ਗਾਇਕੀ ਵਿੱਚ ਧਾਰਮਿਕ ਪੱਖ ਵੀ ਬਹੁਤ ਅਹਿਮ ਹੈ। ਇਹ ਵੀ ਕਵੀਸ਼ਰੀ ਦੀ ਬੁਨਿਆਦ ਅਤੇ ਕਰਨੈਲ ਪਾਰਸ ਦੀ ਦੇਣ ਸਦਕਾ ਹੈ। ਛੋਟੇ ਹੁੰਦਿਆਂ ਮਾਨ ਭਰਾ ਗੁਰਦੁਆਰਿਆਂ ਵਿੱਚ ਸਿੱਖ ਇਤਿਹਾਸ ਦੀਆਂ ਵਾਰਾਂ-ਕਵੀਸ਼ਰੀਆਂ ਗਾਉਂਦੇ। ਹਰਭਜਨ ਢੱਡ ਵਜਾਉਂਦਾ ਤੇ ਗੁਰਸੇਵਕ ਸਾਰੰਗੀ। ਕੈਨੇਡਾ ਵਿੱਚ ਛੋਟੇ ਹੁੰਦਿਆਂ ਉਹ ਹਰ ਐਤਵਾਰ ਜਾਂ ਛੁੱਟੀ ਵਾਲੇ ਦਿਨ ਗੁਰਦੁਆਰਿਆਂ ਵਿੱਚ ਦੀਵਾਨਾਂ ਵਿੱਚ ਆਪਣੀ ਕਵੀਸ਼ਰੀ ਨਾਲ ਰੰਗ ਬੰਨ•ਦੇ। ਉਹ ਦੱਸਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਫਤਹਿਗੜ• ਸਾਹਿਬ ਵਿਖੇ ਜੁੜਦੇ ਸ਼ਹੀਦੀ ਜੋੜ ਮੇਲ ਮੌਕੇ ਉਹ ਤੇ ਗੁਰਸੇਵਕ ਅੱਧੀ-ਅੱਧੀ ਰਾਤ ਤੱਕ ਆਪਣੀ ਵਾਰੀ ਦੀ ਉਡੀਕ ਕਰਿਆ ਕਰਦੇ ਸਨ। ਇਸੇ ਲਈ ਉਹ ਹੁਣ ਵੀ ਹਰ ਸਾਲ ਸ਼ਹੀਦੀ ਸਭਾ ਮੌਕੇ ਉਸੇ ਧਰਤੀ ਨੂੰ ਸਿਜਦਾ ਕਰਨ ਜਾਂਦਾ ਹੈ ਅਤੇ ਬਾਪੂ ਪਾਰਸ ਵੱਲੋਂ ਸ਼ਹਾਦਤ ਦੀ ਇਸ ਅਦੁੱਤੀ ਮਿਸਾਲ ਬਾਰੇ ਲਿਖੀਆਂ ਕਵੀਸ਼ਰੀਆਂ ਗਾਉਂਦਾ ਹੈ। ਕੁਝ ਸਾਲ ਪਹਿਲਾਂ ਜਦੋਂ ਉਸ ਨੇ ਮਨਪ੍ਰੀਤ ਟਿਵਾਣਾ ਵੱਲੋਂ ਲਿਖਿਆ ਗੀਤਾ ‘ਲੋਕੋਂ ਆਪਣੇ ਬੱਚਿਆਂ ਨੂੰ ਸਰਹਿੰਦ ਵਿਖਾ ਕੇ ਲਿਆਓ’ ਗਾਇਆ ਤਾਂ ਲੋਕ ਭਾਵੁਕ ਹੋ ਗਏ। ਉਸ ਨੇ ਤਿੰਨ ਧਾਰਮਿਕ ਕੈਸੇਟ ‘ਪੰਥ ਤੇਰੇ ਦੀਆਂ ਗੂੰਜਾਂ’, ‘ਰਾਜ ਕਰੇਗਾ ਖਾਲਸਾ’ ਤੇ ‘ਅੰਮ੍ਰਿਤ ਦਾ ਬਾਟਾ’ ਵੀ ਸੰਗਤਾਂ ਦੀ ਝੋਲੀ ਪਾਈਆਂ। ਹਾਲ ਹੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਉਸ ਨੇ ਤਿੰਨ ਦਿਨ ਧਾਰਮਿਕ ਗਾਣਿਆਂ ਨਾਲ ਸੰਗਤਾਂ ਨੂੰ ਰੂਹਾਨੀ ਰੰਗ ਵਿੱਚ ਰੰਗਿਆ। ਬਾਪੂ ਪਾਰਸ ਦਾ ਲਿਖਿਆ ‘ਘਰ ਘਰ ਫੇਰਾ ਪਾ ਕੇ ਬਾਬੇ ਨਾਨਕ ਨੇ ਜੱਗ ਤਾਰਿਆ’ ਗਾ ਕੇ ਉਸ ਨੇ ਤਿੰਨੇ ਦਿਨ ਸੰਗਤਾਂ ਨੂੰ ਨਿਹਾਲ ਕੀਤਾ।

ਕਵੀਸ਼ਰੀ ਤੇ ਗਾਇਕੀ ਵਿੱਚ ਲੋਹਾ ਮਨਵਾਉਣ ਤੋਂ ਬਾਅਦ ਜਦੋਂ ਉਸ ਨੇ ਫਿਲਮਾਂ ਵੱਲ ਰੁਖ਼ ਕੀਤਾ ਤਾਂ ਪੰਜਾਬੀ ਸਿਨੇਮਾ ਦੀ ਨੁਹਾਰ ਹੀ ਬਦਲ ਦਿੱਤੀ। ਅੱਜ ਤੋਂ ਕਰੀਬ ਵੀਹ ਸਾਲ ਪਹਿਲਾਂ ਜਦੋਂ ਪੰਜਾਬੀ ਸਿਨੇਮਾ ਆਪਣੀ ਨਿਵਾਣ ‘ਤੇ ਸੀ ਤਾਂ ਉਸ ਨੇ ‘ਜੀ ਆਇਆ ਨੂੰ’ ਫਿਲਮ ਰਾਹੀਂ ਦਰਸ਼ਕਾਂ ਨੂੰ ਮੁੜ ਸਿਨੇਮਾ ਵੱਲ ਜੋੜਿਆ। ‘ਅਸਾਂ ਨੂੰ ਮਾਣ ਵਤਨਾਂ ਦਾ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ਵਾਜਾਂ ਮਾਰਦੀ’, ਮੇਰਾ ਪਿੰਡ ਮਾਈ ਹੋਮ’ ਆਦਿ ਲਗਾਤਾਰ ਦਰਜਨਾਂ ਹਿੱਟ ਫਿਲਮਾਂ ਨਾਲ ਪੰਜਾਬੀ ਸਿਨੇਮਾ ਨੂੰ ਅਜਿਹਾ ਖੜ•ਾ ਕੀਤਾ ਕਿ ਅੱਜ ਬਾਲੀਵੁੱਡ ਵਾਲੇ ਕੋਈ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਪੰਜਾਬੀ ਫਿਲਮ ਵੱਲ ਨਿਗ•ਾਂ ਰੱਖਦੇ ਹਨ। ਅੱਜ ਹਰ ਹਫਤੇ ਔਸਤਨ ਇਕ ਪੰਜਾਬੀ ਫਿਲਮ ਰਿਲੀਜ਼ ਹੋ ਰਹੀ ਹੈ।

ਉਹ ਸਦਾਬਹਾਰ ਕਲਾਕਾਰ, ਬਹੁਪੱਖੀ ਸਖਸ਼ੀਅਤ ਤੇ ਬਾਕਮਾਲ ਇਨਸਾਨ ਹੈ। ਵਿਆਹਾਂ ਦੇ ਪ੍ਰੋਗਰਾਮਾਂ ਦੌਰਾਨ ਉਸ ਨੂੰ ਪਰਿਵਾਰਕ ਮੈਂਬਰ ਵਜੋਂ ਸਨਮਾਨ ਮਿਲਦਾ ਹੈ। ਫੁਕਰੇ ਗਾਇਕਾਂ ਵਾਂਗ ਉਹ ਬਾਊਂਸਰ ਸੱਭਿਆਚਾਰ ਤੋਂ ਵੀ ਬਚਿਆ ਹੋਇਆ ਹੈ। ਸਾਹਿਤ ਨਾਲ ਉਸ ਨੂੰ ਗੂੜ•ਾ ਲਗਾਅ ਹੈ। ਬਲਵੰਤ ਗਾਰਗੀ, ਪ੍ਰਿੰ.ਸਰਵਣ ਸਿੰਘ, ਜਸਵੰਤ ਕੰਵਲ, ਸੁਰਜੀਤ ਪਾਤਰ, ਪ੍ਰੋ.ਗੁਰਭਜਨ ਗਿੱਲ ਤੋਂ ਲੈ ਕੇ ਯਾਦਵਿੰਦਰ ਕਰਫਿਊ ਦੀ ਆਈ ਨਵੀਂ ਕਿਤਾਬ ‘ਕਿਹੜਾ ਪੰਜਾਬ’ ਤੱਕ ਹਰ ਇਕ ਦੀਆਂ ਲਿਖਤਾਂ ਦਾ ਉਸ ਨੂੰ ਹੇਜ ਹੈ। ਖਬਰਾਂ ਦੇ ਨਾਲ ਸੰਪਾਦਕੀ ਪੰਨਿਆਂ ਨੂੰ ਪੜ•ੇ ਬਿਨਾਂ ਉਹ ਅਖਬਾਰ ਨਹੀਂ ਪਾਸੇ ਰੱਖਦਾ। ਆਪਣੇ ਗਾਇਕੀ ਸਫਰ ਦੌਰਾਨ ਉਸ ਨੇ ਕਦੇ ਸ਼ਾਰਟ ਤਰੀਕੇ ਨਹੀਂ ਵਰਤਿਆ। ਸਸਤੀ ਸ਼ੋਹਰਤ ਵਾਸਤੇ ਉਸ ਨੇ ਕਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਉਸ ਦੀ ਨੀਂਹ ਬਹੁਤ ਮਜ਼ਬੂਤ ਹੈ। ਪਾਰਸ ਦੀ ਸ਼ਾਗਿਰਦੀ ਤੇ ਕਵੀਸ਼ਰੀ ਦੇ ਬੇਸ ਨੇ ਉਸ ਨੂੰ ਅਜਿਹਾ ਪ੍ਰਪੱਕ ਬਣਾਇਆ ਕਿ ਉਸ ਉਪਰ ਪੰਜਾਬੀ ਮਾਂ ਬੋਲੀ, ਕਲਾ ਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਹਰ ਇਨਸਾਨ ਨੂੰ ਮਾਣ ਹੈ।

Read more