ਪਾਣੀਆਂ ਦੇ ਮੁੱਦੇ ‘ਤੇ ਸਾਰੀਆਂ ਧਿਰਾਂ ਇਕਸੁਰ ਤੇ ਇੱਕਜੁੱਟ ਹੋ ਕੇ ਪੰਜਾਬ ਦੀ ਲੜਾਈ ਲੜਨ-ਹਰਪਾਲ ਚੀਮਾ

ਚੰਡੀਗੜ੍ਹ,  23 ਜਨਵਰੀ 2020

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਬੁਲਾਈ ਗਈ ਸਰਬ ਪਾਰਟੀ ਬੈਠਕ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਨੁਮਾਇੰਦੇ ਆਗੂਆਂ ਨੇ ਜਿੱਥੇ ਪੰਜਾਬ ਦੇ ਪਾਣੀ ਲੁੱਟਣ ਅਤੇ ਗੰਧਲੇ ਕਰਨ ਲਈ ਪੰਜਾਬ ਦੇ ਜ਼ਿੰਮੇਵਾਰ ਸਿਆਸੀ ਦਲਾਂ ਅਤੇ ਆਗੂਆਂ ਨੂੰ ਸਮੂਹ ਪੰਜਾਬੀਆਂ ਤੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ ਗਈ, ਉੱਥੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਗੰਧਲੇ ਅਤੇ ਜ਼ਹਿਰੀਲੇ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਇਆ। ‘ਆਪ’ ਆਗੂਆਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਾ ਕੇਵਲ ਭ੍ਰਿਸ਼ਟਾਚਾਰ ਦਾ ਅੱਡਾ ਕਰਾਰ ਦਿੱਤਾ, ਸਗੋਂ ਸਰਕਾਰੀ ਖ਼ਜ਼ਾਨੇ ਲਈ ਚਿੱਟਾ ਹਾਥੀ ਦੱਸਿਆ।

‘ਆਪ’ ਵੱਲੋਂ ਇਸ ਬੈਠਕ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ (ਸਾਰੇ ਵਿਧਾਇਕ) ਨੇ ਹਿੱਸਾ ਲਿਆ।

ਬੈਠਕ ਉਪਰੰਤ ਮੀਡੀਆ ਦੇ ਮੁਖ਼ਾਤਬ ਹੁੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੰਤਰ ਰਾਜ ਦਰਿਆਈ ਪਾਣੀਆਂ ਅਤੇ ਪੰਜਾਬ ਰਾਜ ਦੇ ਧਰਤੀ ਹੇਠਲੇ ਪਾਣੀ ਅਤੇ ਪ੍ਰਦੂਸ਼ਣ ਦੇ ਮੁੱਦਿਆਂ ‘ਤੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਨੂੰ ਹਰ ਪੱਧਰ ਦੀ ਲੜਾਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਸੁਰ ਅਤੇ ਇੱਕਜੁੱਟਤਾ ਨਾਲ ਲੜਨੀ ਪਵੇਗੀ। ਚੀਮਾ ਨੇ ਕਿਹਾ ਕਿ ਬਿਨਾਂ ਸ਼ੱਕ ਕੇਂਦਰ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਸਮੇਂ ਸਮੇਂ ਸਿਆਸੀ ਆਗੂਆਂ ਦੇ ਸਵਾਰਥਾਂ, ਕਮਜ਼ੋਰੀਆਂ ਅਤੇ ਬੇਸਮਝੀਆਂ ਕਾਰਨ ਪੰਜਾਬ ਦੇ ਪਾਣੀਆਂ ਦੀ ਬੇਕਿਰਕ ਲੁੱਟ ਹੋਈ ਹੈ, ਪਰੰਤੂ ਜੋ ਪਾਣੀ ਅਤੇ ਪਾਣੀ ਦੇ ਕੁਦਰਤੀ ਸਰੋਤ ਪੰਜਾਬ ‘ਚ ਬਚੇ ਹਨ ਕਿ ਉਨ੍ਹਾਂ ਨੂੰ ਸੰਭਾਲੇ ਜਾਣ ਲਈ ਮਿਲ ਕੇ ਹੰਭਲਾ ਮਾਰਨਾ ਜ਼ਰੂਰੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬ ਦਾ ਮਾਰੂਥਲ ਬਣਨਾ ਨਿਸ਼ਚਿਤ ਹੈ, ਕਿਉਂਕਿ ਕੁੱਲ ਵਰਤੋਂ 73 ਫ਼ੀਸਦੀ ਪਾਣੀ ਧਰਤੀ ‘ਚੋਂ ਖਿੱਚਿਆ ਜਾ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਥੱਲੇ ਡਿਗ ਰਿਹਾ ਹੈ। ਇਸ ਤੋਂ ਬਿਨਾਂ ਚੀਮਾ ਨੇ ਫ਼ੈਕਟਰੀਆਂ ਅਤੇ ਸ਼ਹਿਰੀ ਨਿਵਾਸੀਆਂ ਦਾ ਗੰਦਾ ਅਤੇ ਪਲੀਤ ਪਾਣੀ ਨਾ ਕੇਵਲ ਦਰਿਆਵਾਂ ਅਤੇ ਨਦੀਆਂ ‘ਚ ਸੁੱਟਿਆ ਜਾ ਰਿਹਾ ਸਗੋਂ ਬੋਰ ਵੈਲ ਰਾਹੀਂ ਧਰਤੀ ਹੇਠਾਂ ਵੀ ਸੁੱਟਿਆ ਜਾ ਰਿਹਾ ਹੈ। ਚੀਮਾ ਨੇ ਧੂਰੀ ਦੇ ਕੇ.ਆਰ.ਬੀ.ਐਲ. ਫ਼ੈਕਟਰੀ ਦੀ ਵਿਸ਼ੇਸ਼ ਤੌਰ ‘ਤੇ ਮਿਸਾਲ ਦਿੱਤੀ।

ਅਮਨ ਅਰੋੜਾ ਨੇ ਕਿਹਾ ਕਿ ਹਰੀ ਕ੍ਰਾਂਤੀ ਉਪਰੰਤ ਪੰਜਾਬ ਨੇ ਆਪਣੇ ਪਾਣੀ ਅਤੇ ਮਿੱਟੀ ਦੀ ਕੀਮਤ ‘ਤੇ ਪੂਰੇ ਦੇਸ਼ ਦਾ ਢਿੱਡ ਭਰਿਆ, ਪਰੰਤੂ ਅੱਜ ਜਦੋਂ ਪੰਜਾਬ ਪਾਣੀ, ਮਿੱਟੀ ਅਤੇ ਖੇਤੀ ਸੰਕਟ ਨਾਲ ਜੂਝ ਰਿਹਾ ਹੈ, ਉਦੋਂ ਕੇਂਦਰ ਸਰਕਾਰੀ ਵੀ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਵੀ ਹੱਥ ਖਿੱਚਣ ਲੱਗੀ ਹੈ, ਇਸ ਲਈ ਪੰਜਾਬ ਸਰਕਾਰ ਨੂੰ ਖੇਤੀ ਵਭਿੰਨਤਾ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਨਾ ਕੇਵਲ ਕਿਸਾਨਾਂ ਦੀ ਆਮਦਨ ਵਧੇਗੀ, ਸਗੋਂ ਪਾਣੀ, ਮਿੱਟੀ ਦੇ ਨਾਲ-ਨਾਲ ਬਿਜਲੀ ਦੀ ਵੀ ਬੱਚਤ ਹੋਵੇਗੀ।

ਕੁਲਤਾਰ ਸਿੰਘ ਸੰਧਵਾਂ ਨੇ ਹਰ ਛੇ ਮਹੀਨਿਆਂ ਬਾਅਦ ਸਰਬ ਪਾਰਟੀ ਬੈਠਕ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬਿਜਲੀ ਸਮੇਤ ਕਈ ਮੁੱਦਿਆਂ ‘ਤੇ ਤੁਰੰਤ ਸਰਬ ਪਾਰਟੀ ਬੈਠਕ ਬੁਲਾਉਣੀ ਚਾਹੀਦੀ ਹੈ। ਸੰਧਵਾਂ ਨੇ ਬੈਠਕ ਦੌਰਾਨ ਕਿਹਾ ਕਿ ਪੰਜਾਬ ਦੇ ਪਾਣੀਆਂ ਬਾਰੇ ਜਿੰਨੀਆਂ ਕੇਂਦਰ ਦੀਆਂ ਸਰਕਾਰਾਂ ਦੋਖੀ ਰਹੀਆਂ ਹਨ, ਉਨੇ ਪੰਜਾਬ ਦੇ ਤਤਕਾਲੀ ਆਗੂ ਵੀ ਰਹੇ ਹਨ। ਇਸ ਲਈ ਸਾਰੇ ਜ਼ਿੰਮੇਵਾਰ ਆਗੂਆਂ ਅਤੇ ਸਿਆਸੀ ਦਲਾਂ ਨੂੰ ਪੰਜਾਬ ਦੇ ਲੋਕਾਂ ਕੋਲੋਂ ਇਸ ਗੁਨਾਹ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

Read more