06 May 2021

ਪਟਿਆਲਾ ਜ਼ਿਲ੍ਹੇ ‘ਚ ਕਣਕ ਦੀ ਖਰੀਦ ਤੋਂ ਖੁਸ਼ ਕਿਸਾਨਾਂ ਨੇ ਖਰੀਦ ਪ੍ਰਬੰਧਾਂ ‘ਤੇ ਤਸੱਲੀ ਜਤਾਈ -ਮੰਡੀਆਂ ‘ਚ ਕੋਵਿਡ ਤੋਂ ਬਚਾਅ ਲਈ ਵੀ ਪੂਰੇ ਪ੍ਰਬੰਧ.

ਪਟਿਆਲਾ, 18 ਅਪ੍ਰੈਲ:
ਪਟਿਆਲਾ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ‘ਚ ਆਪਣੀ ਜਿਣਸ ਦੀ ਸਮੇਂ ਸਿਰ ਹੋਈ ਖਰੀਦ ਤੋਂ ਖੁਸ਼ ਹੋਏ ਕਿਸਾਨਾਂ ਨੇ ਕਣਕ ਦੀ ਖਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ‘ਚ ਕੀਤੇ ਖਰੀਦ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਲ੍ਹੇ ਅੰਦਰ ਇਸ ਵਾਰ ਕੋਵਿਡ ਤੋਂ ਬਚਾਅ ਲਈ 352 ਖਰੀਦ ਕੇਂਦਰ ਬਣਾਏ ਗਏ ਸਨ, ਜਿਨ੍ਹਾਂ ‘ਚੋਂ 110 ਮੰਡੀਆਂ ਤੇ 212 ਰਾਈਸ ਮਿਲਾਂ ਅਤੇ 30 ਜਨਤਕ ਥਾਵਾਂ ‘ਤੇ ਆਰਜੀ ਖਰੀਦ ਕੇਂਦਰ ਸਥਾਪਤ ਕੀਤੇ ਗਏ ਸਨ।
ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਦੁਧਨ ਸਾਧਾਂ ਸਬ ਡਵੀਜਨ ਦੇ ਪਿੰਡ ਮੀਰਾਂਪੁਰ ਵਾਸੀ ਸਤਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੀ 150 ਕੁਇੰਟਲ ਜਿਣਸ ਲੈਕੇ ਦੇਵੀਗੜ੍ਹ ਮੰਡੀ ਵਿਖੇ ਲੈ ਕੇ ਆਇਆ ਤਾਂ ਉਸ ਨੂੰ ਇਸ ਗੱਲ ਦੀ ਖੁਸ਼ੀ ਮਿਲੀ ਕਿ ਉਸਦੀ ਕਣਕ ਮੰਡੀ ਵਿੱਚ ਕੇਵਲ ਦੋ ਘੰਟਿਆਂ ‘ਚ ਹੀ ਵਿਕ ਗਈ। ਉਸਨੇ ਮੰਡੀ ਵਿੱਚ ਪਾਣੀ, ਸੈਨੇਟਾਈਜ਼ਰ ਅਤੇ ਹੋਰ ਖਰੀਦ ਪ੍ਰਬੰਧਾਂ ਉਤੇ ਵੀ ਤਸੱਲੀ ਦਾ ਇਜ਼ਹਾਰ ਕੀਤਾ।ਸਤਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਹੈ।
ਇਸੇ ਤਰ੍ਹਾਂ ਹੀ ਪਟਿਆਲਾ ਜ਼ਿਲ੍ਹੇ ਦੇ ਨਾਭਾ ਸਬ ਡਵੀਜਨ ਦੇ ਪਿੰਡ ਦੁਲੱਦੀ ਦੇ ਵਸਨੀਕ ਹਰਜਿੰਦਰ ਸਿੰਘ ਨੇ ਕਿਹਾ ਕਿ ਉਸਦੀ ਕਣਕ ਸੁੱਕੀ ਹੋਣ ਕਰਕੇ ਉਸੇ ਦਿਨ ਵਿਕ ਗਈ, ਜਿਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹੈ।ਜਦੋਂਕਿ ਦੇਵੀਗੜ੍ਹ ਅਨਾਜ ਮੰਡੀ ਵਿਖੇ ਕੇਵਲ ਦੋ ਘੰਟਿਆਂ ‘ਚ ਹੀ ਆਪਣੀ 120 ਕੁਇੰਟਲ ਕਣਕ ਵੇਚ ਕੇ ਵੇਹਲੇ ਹੋਏ ਕਿਸਾਨ ਪ੍ਰਭਦੀਪ ਸਿੰਘ ਨੇ ਇਸ ਗੱਲ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਮੰਡੀ ਵਿਖੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੇ ਇਹਤਿਆਤ ਵਰਤੇ ਜਾ ਰਹੇ ਸਨ।ਉਸਦਾ ਕਹਿਣਾ ਸੀ ਕਿ ਸਾਰੇ ਮਜ਼ਦੂਰਾਂ ਨੇ ਮਾਸਕ ਪਾਏ ਸਨ ਅਤੇ ਆੜਤੀਆਂ ਨੇ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਸੈਨੇਟਾਈਜ਼ਰ ਰੱਖੇ ਹੋਏ ਸਨ। ਉਸਨੇ ਬਿਹਤਰ ਖਰੀਦ ਪ੍ਰਬੰਧਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।
ਜਦੋਂਕਿ ਪਿੰਡ ਕਲਵਾਣੂ ਦੇ ਰਘਬੀਰ ਸਿੰਘ ਨੇ ਆਪਦੀ 100 ਕੁਇੰਟਲ ਕਣਕ ਸਮੇਂ ਸਿਰ ਵਿਕਣ ਲਈ ਮੰਡੀਕਰਨ ਅਮਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸੇ ਤਰ੍ਹਾਂ ਹੀ ਇੰਦਰ ਸਿੰਘ ਵਾਸੀ ਮਹਿਤਾਬਗੜ੍ਹ ਨੇ ਵੀ ਕਿਹਾ ਕਿ ਉਸਦੀ ਵਿਕੀ ਫਸਲ ਦੀ ਅਦਾਇਗੀ ਉਸਨੂੰ ਸਮੇਂ ਸਿਰ ਮਿਲ ਗਈ, ਜਿਸ ਲਈ ਉਹ ਕੀਤੇ ਪ੍ਰਬੰਧਾਂ ਤੋਂ ਖੁਸ਼ ਹੈ। ਪਿੰਡ ਕੋਟਲਾ ਦੇ ਕਿਸਾਨ ਅਮਰਜੀਤ ਸਿੰਘ ਨੇ ਵੀ ਕਿਹਾ ਕਿ ਉਸਦੀ ਵਿਕੀ ਫਸਲ ਦੀ ਅਦਾਇਗੀ ਸਮੇਂ ਸਿਰ ਹੋ ਗਈ ਹੈ ਅਤੇ ਉਸਨੂੰ ਮੰਡੀ ‘ਚ ਖਰੀਦ ਪ੍ਰਬੰਧ ਬਹੁਤ ਵਧੀਆ ਲੱਗੇ ਸਨ।

Spread the love

Read more

© Copyright 2021, Punjabupdate.com