ਪਟਿਆਲਾ ‘ਚ ਅਧਿਆਪਕਾਂ ਵਲੋਂ ਵਿਸ਼ਾਲ ਰੈਲੀ ਤੇ ਪ੍ਰਦਰਸ਼ਨ : ਰਾਜੇ ਦਾ ਮਹਿਲ ਘੇਰਨ ਜਾਂਦੇ ਹਜ਼ਾਰਾਂ ਅਧਿਆਪਕਾਂ ‘ਤੇ ਲਾਠੀਚਾਰਜ, -ਕੜਾਕੇ ਦੀ ਠੰਡ ਵਿਚ ਪੁਲਿਸ ਨੇ ਡੰਡਿਆਂ ਨਾਲ ਕੁੱਟੇ ਮਾਸਟਰ, -ਵੱਡੀ ਗਿਣਤੀ ਵਿਚ ਅਧਿਆਪਕ ਤੇ ਅਧਿਆਪਕਾਵਾਂ ਹੋਈਆਂ ਜ਼ਖਮੀ


PunjabUpdate.Com 
-ਸਿੱਖਿਆ ਮੰਤਰੀ ਤੇ ਕ੍ਰਿਸ਼ਨ ਕੁਮਾਰ ਦਾ ਕੀਤਾ ਪਿੱਟ ਸਿਆਪਾ
-ਕੈਪਟਨ ਸਾਹਿਬ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਕਰੋ, ਕ੍ਰਿਸ਼ਨ ਕੁਮਾਰ ਦੀ ਤਾਨਾਸ਼ਾਹ ਜੁੰਡਲੀ ਨੂੰ ਪਾਸੇ ਕਰੋ
ਪਟਿਆਲਾ, 10 ਫਰਵਰੀ
ਆਪਣੀ ਭੱਖਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਚ ਰੋਸ ਰੈਲੀ ਕਰ ਰਹੇ ਅਤੇ ਰਾਜੇ ਦਾ ਮਹਿਲ ਘੇਰਨ ਜਾ ਰਹੇ ਹਜ਼ਾਰਾਂ ਦੀ ਗਿਣਤੀ ਵਿਚ ਅਧਿਆਪਕਾਂ ਪੁਲਿਸ ਨੇ ਠੰਡੇ ਪਾਣੀ ਦੀ ਬੁਛਾੜਾਂ ਮਾਰ-ਮਾਰ ਡੰਡਿਆਂ ਨਾਲ ਕੁੱਟੇ। ਸਥਿਤ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪੁਲਿਸ ਨੂੰ ਝਕਾਨੀ ਦੇ ਕੇ ਅਧਿਆਪਕ ਪ੍ਰਦਰਸ਼ਨਕਾਰੀ ਦੂਜੇ ਰਸਤੇ ਰਾਹੀਂ ਮੁੱਖ ਮੰਤਰੀ ਦੇ ਮਹਿਲ ਨੇੜੇ ਵਾਲੇ ਰਸਤੇ ਤੱਕ ਜਾ ਪਹੁੰਚੇ। ਅਧਿਆਪਕਾਂ ਵਲੋਂ ਪਟਿਆਲਾ ਵਿਚ ਕੀਤੇ ਗਏ ਸੂਬਾ ਪੱਧਰੀ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਮਹਿਲਾ ਅਧਿਆਪਕਾਵਾਂ ਵੀ ਸ਼ਾਮਲ ਹੋਈਆਂ ਸਨ, ਜਿਨ੍ਹਾਂ ਨਾਲ ਵੀ ਪੁਲਿਸ ਵਲੋਂ ਖਿੱਚਧੂਹ ਕੀਤੀ ਗਈ। ਜਿਉਂ ਹੀ ਅਧਿਆਪਕ ਮੁੱਖ ਮੰਤਰੀ ਦੇ ਮਹਿਲ ਵੱਲ ਨੂੰ ਵਧੇ ਤਾਂ ਪਹਿਲਾਂ ਤੋਂ ਹੀ ਰਸਤੇ ਵਿਚ ਤੈਨਾਤ ਭਾਰੀ ਪੁਲਿਸ ਫੋਰਸ ਨੇ ਉਨ੍ਹਾਂ ਉਤੇ ਠੰਡੇ ਪਾਣੀ ਦੀਆਂ ਬੁਛਾੜਾਂ ਛੱਡ ਦਿੱਤੀਆਂ ਅਤੇ ਇਸ ਦੌਰਾਨ ਅਧਿਆਪਕ ਡਟੇ ਰਹੇ ਅਤੇ ਪੁਲਿਸ ਨਾਲ ਟਕਰਾਅ ਜਾਰੀ ਰਿਹਾ। ਦੂਜੇ ਪਾਸੇ ਵੱਡੀ ਗਿਣਤੀ ਵਿਚ ਅਧਿਆਪਕ ਤੇ ਅਧਿਆਪਕਾਵਾਂ ਪੁਲਿਸ ਨੂੰ ਚੌਕਾਨੀ ਦੇ ਕੇ ਦੂਜੇ ਰਸਤੇ ਰਾਹੀਂ ਜਦੋਂ ਮੋਤੀ ਮਹਿਲ ਵੱਲ ਨੂੰ ਵਧੀਆਂ ਤਾਂ ਪੁਲਿਸ ਨੇ ਡੰਡਿਆਂ ਨਾਲ ਅਧਿਆਪਕਾਂ ਉਤੇ ਲਾਠੀਚਾਰਜ ਕੀਤਾ। ਇਸ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ। 
ਪ੍ਰਾਪਤ ਜਾਣਕਾਰੀ ਅਨੁਸਾਰ  ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਦੀ ਲਟਕ ਰਹੀ ਪੂਰਤੀ ਤੋਂ ਰੁੱਸੇ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਚ ਭਾਰੀ ਗਿਣਤੀ ਚ ਪੁੱਜ ਕੇ ਸੂਬਾ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਚ ਵੱਡੀ ਗਿਣਤੀ ਚ ਸ਼ਾਮਲ ਹੋਏ ਅਧਿਆਪਕਾਂ ਨਾਲ ਉਨ੍ਹਾਂ ਦੇ ਨਾਲ ਆਏ ਨਿੱਕੇ-ਨਿੱਕੇ ਬੱਚਿਆਂ ਨੇ ਵੀ ਕੈਪਟਨ ਸਰਕਾਰ ਤੇ ਆਪੋ ਆਪਣੇ ਅੰਦਾਜ਼ ਚ ਰੋਸ ਪ੍ਰਗਟਾਇਆ।
ਕਾਂਗਰਸ ਸਰਕਾਰ ਵੱਲੋਂ ਸੂਬੇ ਦੀ ਸੱਤਾ ਸੰਭਾਲਣ ਦੇ ਲਗਭਗ 2 ਸਾਲ ਬੀਤਣ ਦੇ ਬਾਵਜੂਦ ਅਧਿਆਪਕ ਵਰਗ ਦੇ ਹੱਕੀ ਮਸਲਿਆਂ ਦਾ ਹੱਲ ਨਾ ਹੋਣ, ਤਨਖਾਹ ਕਟੌਤੀਆਂ ਕਰਨ, ਸਾਰੇ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਵਿਭਾਗ ਵਿੱਚ ਲਿਆਕੇ ਪੂਰੀਆਂ ਤਨਖਾਹਾਂ ‘ਤੇ ਪੱਕੇ ਨਾ ਕਰਨ, ਸੰਘਰਸ਼ੀ ਅਧਿਆਪਕਾਂ ਦੀਆਂ ਵਿਕਟੇਮਾਈਜੇਸ਼ਨਾਂ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਪੰਜ ਕਿਸ਼ਤਾਂ ‘ਚੋਂ ਕੇਵਲ ਇੱਕ ਕਿਸ਼ਤ ਦੇਕੇ ਮੁਲਾਜ਼ਮਾਂ ਦੇ ਜਖਮਾਂ ‘ਤੇ ਲੂਣ ਛਿੜਕਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਲਗਾਤਾਰ 10 ਵਾਰ ਮੀਟਿੰਗ ਦਾ ਸਮਾਂ ਦੇ ਕੇ ਗੈਰ ਜਿੰਮੇਵਾਰ ਰਵੱਇਆ ਅਪਣਾਉਦਿਆਂ ਹਰ ਵਾਰ ਮੁਨਕਰ ਹੋਣ ਤੋਂ ਹਜ਼ਾਰਾਂ ਅਧਿਆਪਕ ਭੜਕ ਉੱਠੇ ਹਨ। ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਪਟਿਆਲਾ ਸ਼ਹਿਰ ਦੇ ਬੱਸ ਸਟੈਂਡ ਨੇੜੇ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਲੋਕ ਸਭਾ ਚੌਣਾਂ ਦੇ ਮਾਹੌਲ ਦੌਰਾਨ ਮੁੱਖ ਮੰਤਰੀ ਨੂੰ ਸਿਆਸੀ ਸੇਕ ਲਗਾਉਦਿਆਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੋਂ ਹੁੰਦਿਆਂ ਉਨ੍ਹਾਂ ਦੀ ਸਥਾਨਕ ਰਿਹਾਇਸ਼ ਵੱਲ ਰੋਹ ਭਰਪੂਰ ਢੰਗ ਨਾਲ ਰੋਸ ਮਾਰਚ ਵੀ ਕੀਤਾ ਗਿਆ।
ਰੋਸ ਧਰਨੇ ਦੌਰਾਨ ਵੱਖ ਵੱਖ ਥਾਈ ਇਕੱਤਰ ਵੱਡੀ ਗਿਣਤੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਪੂਨੀਆ, ਹਰਜਿੰਦਰਪਾਲ ਪੰਨੂ, ਸੁਖਵਿੰਦਰ ਸਿੰਘ ਚਹਿਲ, ਜਸਵਿੰਦਰ ਸਿੰਘ ਸਿੱਧੂ, ਬਲਕਾਰ ਵਲਟੋਹਾ, ਬਲਦੇਵ ਸਿੰਘ ਬੁੱਟਰ, ਹਰਜੀਤ ਸਿੰਘ ਬਸੋਤਾ, ਸੁਖਦਰਸ਼ਨ ਸਿੰਘ, ਹਰਦੀਪ ਟੋਡਰਪੁਰ, ਮੱਖਣ ਸਿੰਘ ਤੋਲੇਵਾਲ, ਜਸਵਿੰਦਰ ਸਿੰਘ ਔਜਲਾ, ਅਮਰਜੀਤ ਕੰਬੋਜ, ਹਰਵਿੰਦਰ ਬਿਲਗਾ, ਗੁਰਵਿੰਦਰ ਤਰਨਤਾਰਨ, ਸੁਖਚੈਨ ਗੁਰਨੇ, ਗੁਰਜਿੰਦਰਪਾਲ, ਬਲਜੀਤ ਸਲਾਣਾ, ਕਰਮਿੰਦਰ ਸਿੰਘ, ਜਸਵੰਤ ਪੰਨੂ ਅਤੇ ਜਗਸੀਰ ਸਹੋਤਾ, ਸੁਖਰਾਜ ਸਿੰਘ, ਨੇ ਸਰਕਾਰੀ ਸਕੂਲਾਂ ਨੂੰ ਲੋੜੀਦੀਆਂ ਗ੍ਰਾਟਾਂ ਤੋਂ ਵਾਂਝੇ ਰੱਖਣ, ਵਿਦਿਆਰਥੀਆਂ ਨੂੰ ਸਮੇਂ ਸਿਰ ਵਰਦੀਆਂ, ਕਿਤਾਬਾਂ ਅਤੇ ਵਜੀਫੇ ਦੇਣ ਦੀ ਜਿੰਮੇਵਾਰੀ ਤੋਂ ਟਾਲਾ ਵੱਟ ਰਹੀਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਸਕੂਲਾਂ ‘ਚ ਚੋਰ ਮੋਰੀਆਂ ਰਾਹੀਂ ਲਿਆ ਰਹੀਂ ਪੰਜਾਬ ਸਰਕਾਰ ਦੀਆਂ ਨਿੱਜੀਕਰਨ ਪੱਖੀ ਨੀਤੀਆਂ ਨੂੰ ਅਧਿਆਪਕ ਅਤੇ ਕਿਰਤੀ ਵਰਗ ਦੀ ਏਕਤਾ ਰਾਹੀਂ ਮਾਤ ਪਾਉਂਦਿਆਂ ਇੱਕ ਜੁੱਟ ਹੋਣ ਦਾ ਸੱਦਾ ਦਿੱਤਾ।

ਵੱਖ ਵੱਖ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਮੰਗ ਰੱਖੀ ਕਿ ਐੱਸ਼ਐੱਸ਼ਏ, ਰਮਸਾ, ਆਦਰਸ਼ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਨੂੰ ਵਾਪਿਸ ਕਰਵਾਕੇ ਪੂਰੀਆਂ ਤਨਖਾਹਾਂ ‘ਤੇ ਪੱਕੇ ਕਰਨ, ਵਿਭਾਗੀ 5178 ਅਧਿਆਪਕਾਂ ਨੂੰ ਪੱਕੇ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰਨ, ਸ਼ੋਸ਼ਨ ਦਾ ਸ਼ਿਕਾਰ ਹੋ ਰਹੇ ਸਿੱਖਿਆ ਪ੍ਰੋਵਾਇਡਰਾਂ, ਈਜੀਐਸ, ਏਆਈਈ, ਐਸ਼ਟੀਆਰ, ਆਈਈਵੀ ਵਲੰਟੀਅਰ ਅਧਿਆਪਕਾਂ, ਆਦਰਸ਼ ਸਕੂਲ (ਪੀਪੀਪੀ ਮੋਡ), ਆਈਈਆਰਟੀ ਅਧਿਆਪਕਾਂ, ਮੈਰੀਟੋਰੀਅਸ ਸਕੂਲ ਸਟਾਫ ਤੇ ਐੱਸ਼ਐੱਸ਼ਏ, ਰਮਸਾ ਅਧੀਨ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ, 162 ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਨੋਟਿਸ ਰੱਦ ਕਰਨ, ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ‘ਤੇ ਸਿਵਲ ਸੇਵਾ ਨਿਯਮ ਲਾਗੂ ਕਰਦਿਆਂ ਸਿੱਖਿਆ ਵਿਭਾਗ ਅਧੀਨ ਲੈਣ, 3442/7654 ਓਡੀਐਲ ਅਧਿਆਪਕਾਂ ਨੂੰ ਰੈਗੂਲਰ ਕਰਨ, 1 ਅਪ੍ਰੈਲ 2018 ਤੋਂ ਬਾਅਦ ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ, ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦਾ ਉਜਾੜਾ ਕਰ ਰਹੇ ਸਿੱਖਿਆ ਸਕੱਤਰ ਨੂੰ ਵਿਭਾਗ ਵਿੱਚੋਂ ਚਲਦਾ ਕਰਨ, ਨਵਨਿਯੁਕਤ 3582 ਅਧਿਆਪਕਾਂ ‘ਤੇ ਬਦਲੀ ਕਰਵਾਉਣ ਲਈ 3 ਸਾਲ ਸਟੇਅ ਦੀ ਸ਼ਰਤ ਹਟਾਉਣ, ਪ੍ਰੋਬੇਸ਼ਨ ਸਮਾਂ ਮੁੜ ਤੋਂ 2 ਸਾਲ ਸਮੇਤ ਪੂਰੀ ਤਨਖਾਹ ਕਰਨ, ਸੀ ਐਂਡ ਵੀ ਅਤੇ ਹੈਡ ਟੀਚਰਾਂ ਦੀਆਂ ਖਤਮ ਕੀਤੀਆਂ ਜਾ ਰਹੀਆਂ ਅਸਾਮੀਆਂ ਬਹਾਲ ਕਰਨ, ਤਬਲਾ, ਸੰਗੀਤ ਅਧਿਆਪਕਾਂ ਨੂੰ ਸੀ ਐਂਡ ਵੀ ਦਾ ਗਰੇਡ ਦੇਣ, ਅਧਿਆਪਕਾਂ ਦੇ ਸਾਰੇ ਕਾਡਰਾਂ ਦੀਆਂ ਰਹਿੰਦੀਆਂ ਪਦਉਨਤੀਆਂ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ, ਪ੍ਰਾਇਮਰੀ ਬੀæਐਡ ਪਾਸ ਅਧਿਆਪਕਾਂ ‘ਤੇ ਬ੍ਰਿਜ਼ ਕੋਰਸ ਦੀ ਸ਼ਰਤ ਹਟਾਉਣ ਅਤੇ ਸੈਸ਼ਨ 2012-14 ਈਟੀਟੀ ਪਾਸ ਈਜੀਐਸ ਅਧਿਆਪਕਾਂ ਨੂੰ ਤੁਰੰਤ ਹਾਜਰ ਕਰਵਾਇਆ ਜਾਵੇ।
ਮੁੱਖ ਮੰਤਰੀ ਵੱਲੋਂ ਅਧਿਆਪਕਾਂ ਦੇ ਮਸਲਿਆਂ ਦਾ ਹਾਲੇ ਵੀ ਹੱਲ ਨਾ ਕੱਢਣ ‘ਤੇ ਭਰਾਤਰੀ ਕਿਸਾਨ, ਮਜਦੂਰ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਨੂੰ ਨਾਲ ਲੈਂਦਿਆਂ 17 ਫਰਵਰੀ ਤੋਂ 19 ਫਰਵਰੀ ਤੱਕ ਪਟਿਆਲਾ ਵਿੱਚ ਤਿੱਖੇ ਪ੍ਰਦਰਸ਼ਨਾਂ ਦੀ ਝੜੀ ਲਾ ਕੇ ਸਰਕਾਰ ਦੇ ਨੱਕ ਵਿੱਚ ਦਮ ਕਰਨ ਦੀ ਚੇਤਾਵਨੀ ਦਿੱਤੀ ਗਈ। ਅਧਿਆਪਕ ਸੰਘਰਸ਼ ਕਮੇਟੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਹਰੇਕ ਥਾਈ ਕਾਲੀਆਂ ਝੰਡੀਆਂ ਦਿਖਾਕੇ ਵਿਰੋਧ ਦਰਜ ਕਰਨ ਦਾ ਐਲਾਨ ਕੀਤਾ।

Read more