ਨਸ਼ਾ ਤਸਕਰ ਮੁਲਜ਼ਮ ਫੜਨ ਗਈ ਬਠਿੰਡਾ ਪੁਲਿਸ ਦੀ ਸੀਆਈਏ-1 ਦੀ ਟੀਮ ’ਤੇ ਹਰਿਆਣਾ ’ਚ ਪਥਰਾਅ ਤੇ ਗੋਲੀਬਾਰੀ, ਇੱਕ ਦੀ ਮੌਤ, 7 ਪੁਲਿਸ ਮੁਲਾਜ਼ਮ ਜਖ਼ਮੀ

ਸਿਰਸਾ/ਬਠਿੰਡਾ : ਪੰਜਾਬ ਦੇ ਬਠਿੰਡਾ ਨਾਲ ਲੱਗਦੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ’ਚ ਪੈਂਦੇ ਪਿੰਡ ਦੇਸੂਜੋਧਾ ਵਿਖੇ ਅੱਜ ਬੁੱਧਵਾਰ ਨੂੰ ਸਵੇਰੇ 6:30 ਵਜੇ ਪੁਲਿਸ ਤੇ ਪਿੰਡ–ਵਾਸੀਆਂ ਵਿਚਾਲੇ ਪਥਰਾਅ ਤੇ ਗੋਲੀਬਾਰੀ ਹੋ ਗਈ। ਇਸ ਸੰਘਰਸ਼ ਦੌਰਾਨ ਇੱਕ ਵਿਅਕਤੀ ਮਾਰਿਆ ਗਿਆ ਤੇ ਚਾਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਇੱਕ ਕਾਂਸਟੇਬਲ ਕਮਲਜੀਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਦਰਅਸਲ, ਨਸ਼ਿਆਂ ਦੇ ਸਮੱਗਲਰ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਨੂੰ ਫੜਨ ਗਈ ਪੰਜਾਬ ਪੁਲਿਸ ਦੀ ਸੀਆਈਏ–ਵਨ ਦੀ ਟੋਲੀ ਉੱਤੇ ਕਥਿਤ ਤੌਰ ’ਤੇ ਪਿੰਡ–ਵਾਸੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ।

ਇਸ ਹਮਲੇ ਵਿੱਚ ਇੱਕ ਏਐੱਸਆਈ ਹਰਜੀਵਨ ਸਿੰਘ ਸਮੇਤ ਚਾਰ ਪੁਲਿਸ ਮੁਲਾਜ਼ਮ ਫੱਟੜ ਹੋ ਗਏ। ਪਤਾ ਲੱਗਾ ਹੈ ਕਿ ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਨਾਲ ਮੁਲਜ਼ਮ ਕੁਲਵਿੰਦਰ ਸਿੰਘ ਦੇ ਚਾਚਾ ਤੇ ਕਥਿਤ ਨਸ਼ਾ–ਸਮੱਗਲਰ ਜੱਗਾ ਸਿੰਘ ਦੀਆਂ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ।

ਜ਼ਖ਼ਮੀ ਪੁਲਿਸ ਮੁਲਾਜ਼ਮ ਇਸ ਵੇਲੇ ਬਠਿੰਡਾ ਦੇ ਮੈਕਸ ਹਸਪਾਤਲ ਵਿੱਚ ਜ਼ੇਰੇ ਇਲਾਜ ਹਨ। ਚਸ਼ਮਦੀਦ ਗਵਾਹਾਂ ਮੁਤਾਬਕ ਪਿੰਡ–ਵਾਸੀਆਂ ਨੇ ਕੁਝ ਪੁਲਿਸ ਮੁਲਾਜ਼ਮਾਂ ਦੀਆਂ ਗਰਦਨਾਂ ਵਿੱਚ ਰੱਸੀਆਂ ਕੇ ਉਨ੍ਹਾਂ ਨੂੰ ਘਸੀਟਿਆ। ਤਦ ਪੁਲਿਸ ਨੇ ਆਪਣੇ ਬਚਾਅ ਵਿੱਚ ਗੋਲੀਬਾਰੀ ਕੀਤੀ।

ਕੁਝ ਪਿੰਡ ਵਾਸੀਆਂ ਨੇ ਵੀ ਕਥਿਤ ਤੌਰ ਉੱਤੇ ਪੁਲਿਸ ਉੱਤੇ ਗੋਲੀਬਾਰੀ ਕੀਤੀ।

ਇਸ ਵਾਰਦਾਤ ਤੋਂ ਬਾਅਦ ਇਸ ਪਿੰਡ ਵਿੱਚ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਉੱਧਰ ਬਠਿੰਡਾ ਦੇ ਹਸਪਤਾਲ ’ਚ ਵੀ ਭਾਰੀ ਪੁਲਿਸ ਤਾਇਨਾਤ ਹੈ। ਬਠਿੰਡਾ ਦੇ ਆਈਜੀ ਅਰੁਣ ਮਿੱਤਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸਿਰਸਾ ਪੁਲਿਸ ਵਲੋਂ ਕੀਤੀ ਜਾ ਰਹੀ ਹੈ।

Read more